Punjab

ਕਾਂਗਰਸ ਦਾ ਇੱਕ ਹੋਰ ਸਾਬਕਾ ਵਿਧਾਇਕ ਭ੍ਰਿਸ਼ਟਾਚਾਰ ‘ਚ ਗ੍ਰਿਫਤਾਰ ! ਸਵਾਲ ਸਾਲ 5 ਮੰਤਰੀ ਤੇ ਵਿਧਾਇਕ ਗ੍ਰਿਫਤਾਰ !

ਬਿਊਰੋ ਰਿਪੋਰਟ : ਕਾਂਗਰਸ ਦੇ ਇੱਕ ਹੋਰ ਸੀਨੀਅਰ ਆਗੂ ਅਤੇ ਸਾਬਕਾ ਵਿਧਾਇਕ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਨੂੰ ਵਿਜੀਲੈਂਸ ਨੇ ਗ੍ਰਿਫਤਾਰ ਕੀਤਾ ਹੈ। ਕਿੱਕੀ ਢਿੱਲੋਂ ਵਿਜੀਲੈਂਸ ਦੀ ਪੁੱਛ-ਗਿੱਛ ਦੇ ਲਈ ਦਫਤਰ ਪਹੁੰਚੇ ਸਨ ਜਿੱਥੇ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਉਨ੍ਹਾਂ ਦੇ ਫਰੀਦਕੋਟ ਵਾਲੇ ਘਰ ਵਿੱਚ ਵੀ ਤਲਾਸ਼ੀ ਹੋ ਰਹੀ ਹੈ । ਪਿਛਲੇ 2 ਮਹੀਨੇ ਤੋਂ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਕੁਸ਼ਲਦੀਪ ਕਿੱਕੀ ਢਿੱਲੋਂ ਨੂੰ ਵਿਜੀਲੈਂਸ ਵੱਲੋਂ ਜਾਂਚ ਦੇ ਲਈ ਬੁਲਾਇਆ ਜਾ ਰਿਹਾ ਸੀ । ਉਨ੍ਹਾਂ ਦੀ ਚੰਡੀਗੜ੍ਹ ਵਾਲੀ ਕੋਠੀ ਦਾ ਵੀ ਵਿਜੀਲੈਂਸ ਟੀਮ ਨੇ ਮੈਪਿੰਗ ਕੀਤੀ ਸੀ ਇਸ ਤੋਂ ਇਲਾਵਾ ਫਰੀਦਕੋਟ ਵਾਲੇ ਆਲੀਸ਼ਾਨ ਘਰ ਵਿੱਚ ਜਾਂਚ ਲਈ ਵਿਜੀਲੈਂਸ ਦੀ ਟੀਮ ਪਹੁੰਚੀ । ਕਈ ਰਾਉਂਡ ਪੁੱਛ-ਗਿੱਛ ਤੋਂ ਬਾਅਦ ਜਦੋਂ ਕੁਸ਼ਲਦੀਪ ਕਿੱਕੀ ਢਿੱਲੋਂ ਦੇ ਜਵਾਬਾਂ ਤੋਂ ਜਦੋਂ ਵਿਜੀਲੈਂਸ ਸੰਤੁਸ਼ਟ ਨਹੀਂ ਹੋਈ ਤਾਂ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਸਵਾ ਸਾਲ ਦੇ ਅੰਦਰ ਦੇ ਕਈ ਸਾਬਕਾ ਮੰਤਰੀ ਅਤੇ ਵਿਧਾਇਕ ਵਿਜੀਲੈਂਸ ਦੀ ਜਾਂਚ ਦੇ ਘੇਰੇ ਆ ਚੁੱਕੇ ਅਤੇ ਕਈਆਂ ਦੀ ਗ੍ਰਿਫਤਾਰੀ ਹੋਈ ਹੈ ਅਤੇ ਕਈ ਜ਼ਮਾਨਤ ‘ਤੇ ਬਾਹਰ ਹਨ ।

ਹੁਣ ਤੱਕ ਇੰਨਾਂ ਆਗੂਆਂ ਦੀ ਗ੍ਰਿਫਤਾਰੀ ਹੋਈ

ਮੁੱਖ ਮੰਤਰੀ ਭਗਵੰਤ ਮਾਨ ਸਰਕਾਰ ਨੇ ਸਭ ਤੋਂ ਪਹਿਲਾਂ ਕੈਪਟਨ ਸਰਕਾਰ ਵਿੱਚ ਜੰਗਲਾਤ ਮੰਤਰੀ ਰਹੇ ਸਾਧੂ ਸਿੰਘ ਧਰਮਸੋਤ ‘ਤੇ ਹੱਥ ਪਾਇਆ,ਦਰੱਖਤਾਂ ‘ਤੇ ਕਮਿਸ਼ਨ ਦੇ ਮਾਮਲੇ ਵਿੱਚ ਉਨ੍ਹਾਂ ਦੀ ਗ੍ਰਿਫਤਾਰੀ ਹੋਈ ਜਦੋਂ ਉਹ 5 ਮਹੀਨੇ ਬਾਅਦ ਜੇਲ੍ਹ ਤੋਂ ਬਾਹਰ ਆਏ ਤਾਂ ਆਮਦਨ ਤੋਂ ਵੱਧ ਜਾਇਦਾਦ ਅਤੇ SC ਸਕਾਲਸ਼ਿੱਪ ਘੁਟਾਰੇ ਵਿੱਚ ਉਨ੍ਹਾਂ ਨੂੰ ਵਿਜੀਲੈਂਸ ਨੇ ਮੁੜ ਤੋਂ ਗ੍ਰਿਫਤਾਰ ਕਰ ਲਿਆ ਸੀ । ਇਸ ਤੋਂ ਬਾਅਦ ਸਾਬਕਾ ਫੂਡ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਫੂਡ ਘੁਟਾਲੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਉਹ ਵੀ 5 ਮਹੀਨੇ ਬਾਅਦ ਜ਼ਮਾਨਤ ‘ਤੇ ਬਾਹਰ ਆਏ ਹਨ । ਫਿਰ ਸੁੰਦਰ ਸ਼ਾਮ ਅਰੋੜਾ ਨੂੰ ਵੀ ਵਿਜੀਲੈਂਸ ਨੇ ਰੰਗੇ ਹੱਥੀ ਅਫਸਰ ਨੂੰ ਰਿਸ਼ਵਤ ਦਿੰਦੇ ਹੋਏ ਗ੍ਰਿਫਤਾਰ ਕੀਤਾ ਸੀ,ਉਹ ਆਪਣੇ ਇੱਕ ਪੁਰਾਣੇ ਕੇਸ ਨੂੰ ਰਫਾ-ਦਫਾ ਕਰਵਾਉਣ ਦੇ ਲਈ ਰਿਸ਼ਵਤ ਦੇ ਰਹੇ ਸਨ। ਉਹ ਵੀ 6 ਮਹੀਨੇ ਬਾਅਦ ਜ਼ਮਾਨਤ ਤੇ ਜੇਲ੍ਹ ਤੋਂ ਬਾਹਰ ਹਨ । ਇਸ ਤੋਂ ਇਲਾਵਾ ਭੋਹਾ ਤੋਂ ਸਾਬਕਾ ਕਾਂਗਰਸੀ ਵਿਧਾਇਕ ਜੋਗਿੰਦਰ ਪਾਲ ਨੂੰ ਵੀ ਵਿਜੀਲੈਂਸ ਨੇ ਮਾਇਨਿੰਗ ਘੁਟਾਲੇ ਵਿੱਚ ਗ੍ਰਿਫਤਾਰ ਕੀਤਾ ਸੀ, ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੋਂ ਵੀ ਵਿਜੀਲੈਂਸ ਨੇ 2 ਵਾਰ ਪੁੱਛ-ਗਿੱਛ ਕੀਤੀ ਹੈ,ਉਨ੍ਹਾਂ ਤੇ ਵੀ ਗ੍ਰਿਫਤਾਰੀ ਦੀ ਤਲਵਾਰ ਟੰਗੀ ਹੋਈ ਹੈ। ਇਸ ਤੋਂ ਇਲਾਵਾ ਚੰਨੀ ਸਰਕਾਰ ਵਿੱਚ ਰਹੇ ਸਾਬਕਾ ਜੰਗਰਾਤ ਮੰਤਰੀ ਸੰਗਤ ਸਿੰਘ ਗਿਲਜੀਆ ਨੇ ਹਾਈਕੋਰਟ ਤੋਂ ਗ੍ਰਿਫਤਾਰੀ ਦੇ ਖਿਲਾਫ ਜ਼ਮਾਨਤ ਲਈ ਹੋਈ ਹੈ।