India Punjab

ਕੀ ਕਿਸਾਨ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ‘ਚ ਨਿੱਤਰਨਗੇ !

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਦੀ 32 ਕਿਸਾਨ ਜਥੇਬੰਦੀਆਂ ਮਿਸ਼ਨ ਪੰਜਾਬ ਸਬੰਧੀ ਆਪਣਾ ਸਟੈਂਡ ਸਪੱਸ਼ਟ ਕਰਨ ਲਈ ਚੰਡੀਗੜ੍ਹ ਵਿੱਚ ਦੋ-ਚਾਰ ਦਿਨਾਂ ਤੱਕ ਪ੍ਰੈੱਸ ਕਾਨਫਰੰਸ ਕਰਨਗੀਆਂ। ਦਰਅਸਲ, ਕੁੱਝ ਕਿਸਾਨ ਲੀਡਰਾਂ ਵੱਲੋਂ ਮਿਸ਼ਨ ਪੰਜਾਬ ਦੀ ਗੱਲ ਕੀਤੀ ਜਾ ਰਹੀ ਹੈ। ਭਾਰਤੀ ਕਿਸਾਨ ਯੂਨੀਅਨ (ਚੜੂਨੀ) ਦੇ ਪ੍ਰਧਾਨ ਗੁਰਨਾਮ ਸਿੰਘ ਚੜੂਨੀ ਨੇ ਕੱਲ੍ਹ ਮਾਰਕੀਟ ਕਮੇਟੀ ਸਰਹਿੰਦ ਦੇ ਸਾਬਕਾ ਚੇਅਰਮੈਨ ਸਰਬਜੀਤ ਸਿੰਘ ਮੱਖਣ ਦੇ ਗ੍ਰਹਿ ਪਿੰਡ ਤਰਖਾਣ ਮਾਜਰਾ ’ਚ ਇਕੱਠ ਨੂੰ ਸੰਬੋਧਨ ਕਰਦਿਆਂ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਆਪਣੇ ਉਮੀਦਵਾਰ ਖੜ੍ਹੇ ਕਰਨ ਦਾ ਐਲਾਨ ਕੀਤਾ ਸੀ। ਉਨ੍ਹਾਂ ਨੇ ਹਲਕਾ ਫਤਹਿਗੜ੍ਹ ਸਾਹਿਬ ਤੋਂ ਸਰਬਜੀਤ ਸਿੰਘ ਮੱਖਣ ਨੂੰ ਉਮੀਦਵਾਰ ਐਲਾਨ ਕੇ ਇਸ ਦੀ ਸ਼ੁਰੂਆਤ ਕੀਤੀ ਹੈ।

ਚੜੂਨੀ ਨੇ ਕਿਹਾ ਕਿ ਪੂੰਜੀਪਤੀ ਘਰਾਣਿਆਂ ਤੋਂ ਲੋਕਾਂ ਨੂੰ ਨਿਜਾਤ ਦਿਵਾਉਣ ਲਈ ਚੋਣਾਂ ਲੜਨੀਆਂ ਜ਼ਰੂਰੀ ਹਨ। ਉਨ੍ਹਾਂ ਕਿਹਾ ਕਿ ਫਤਹਿਗੜ੍ਹ ਸਾਹਿਬ ਦੀ ਮਹਾਨ ਧਰਤੀ ’ਤੇ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਦੀ ਲਾਸਾਨੀ ਕੁਰਬਾਨੀ ਨੂੰ ਸਿਜਦਾ ਕਰਦਿਆਂ ਇੱਥੋਂ ਚੋਣਾਂ ਲੜਨ ਦੀ ਸ਼ੁਰੂਆਤ ਕੀਤੀ ਗਈ ਹੈ। ਚੜੂਨੀ ਨੇ ਕਿਸਾਨਾਂ, ਮਜ਼ਦੂਰਾਂ, ਦੁਕਾਨਦਾਰਾਂ ਅਤੇ ਮੁਲਾਜ਼ਮਾਂ ਦੇ ਮਸਲੇ ਹੱਲ ਕਰਨ, ਭ੍ਰਿਸ਼ਟਾਚਾਰ ਅਤੇ ਲੁੱਟ-ਖਸੁੱਟ ਖ਼ਤਮ ਕਰਕੇ ਸਾਫ਼-ਸੁਥਰਾ ਰਾਜ ਭਾਗ ਲਿਆਉਣ ਲਈ ਯੂਨੀਅਨ ਵੱਲੋਂ ਐਲਾਨੇ ਗਏ ਉਮੀਦਵਾਰ ਦੀ ਮਦਦ ਕਰਨ ਲਈ ਲੋਕਾਂ ਨੂੰ ਅਪੀਲ ਕੀਤੀ।

ਉਨ੍ਹਾਂ ਕਿਹਾ ਕਿ ਬਾਕੀ ਹਲਕਿਆਂ ਵਿੱਚ ਵੀ ਸਾਫ਼-ਸੁਥਰੇ ਅਕਸ ਵਾਲੇ ਆਗੂਆਂ ਨੂੰ ਜਲਦੀ ਉਮੀਦਵਾਰ ਐਲਾਨਿਆ ਜਾਵੇਗਾ। ਉਨ੍ਹਾਂ ਕਿਹਾ ਕਿ ਕਿਸਾਨ ਮਸਲਿਆਂ ਸਬੰਧੀ ਕੇਂਦਰ ਖ਼ਿਲਾਫ਼ ਸੰਘਰਸ਼ ਜਾਰੀ ਰਹੇਗਾ ਤੇ ਕਿਸਾਨਾਂ ਦੀ ਸਰਕਾਰ ਬਣਨ ਨਾਲ ਕੇਂਦਰ ਖ਼ਿਲਾਫ਼ ਸੰਘਰਸ਼ ਨੂੰ ਮਜ਼ਬੂਤੀ ਮਿਲੇਗੀ।

ਯੂਨੀਅਨ ਦੇ ਅਹੁਦੇਦਾਰ ਐਲਾਨੇ

ਗੁਰਨਾਮ ਸਿੰਘ ਚੜੂਨੀ ਨੇ ਯੂਨੀਅਨ ਦੇ ਅਹੁਦੇਦਾਰਾਂ ਦਾ ਵੀ ਐਲਾਨ ਕੀਤਾ, ਜਿਨ੍ਹਾਂ ਵਿੱਚ

  • ਹਰਿੰਦਰ ਸਿੰਘ ਭੰਗੂ ਮੰਡੌੜ ਨੂੰ ਜ਼ਿਲ੍ਹਾ ਪ੍ਰਧਾਨ,
  • ਗੁਰਪ੍ਰੀਤ ਸਿੰਘ ਸ਼ੇਖੂਪੁਰਾ
  • ਗੁਰਪ੍ਰੀਤ ਸਿੰਘ ਸੋਨੀ ਮਲਕੋ ਮਾਜਰਾ ਨੂੰ ਸੀਨੀਅਰ ਮੀਤ ਪ੍ਰਧਾਨ
  • ਮਨਦੀਪ ਸਿੰਘ ਪਤਾਰਸੀ ਨੂੰ ਬਲਾਕ ਪ੍ਰਧਾਨ ਖੇੜਾ
  • ਗੁਰਪ੍ਰੀਤ ਸਿੰਘ ਜਾਗੋ ਨੂੰ ਬਲਾਕ ਪ੍ਰਧਾਨ ਸਰਹਿੰਦ
  • ਜਸਵੀਰ ਸਿੰਘ ਸੌਂਟੀ ਨੂੰ ਬਲਾਕ ਪ੍ਰਧਾਨ ਅਮਲੋਹ
  • ਸੁਲੱਖਣ ਸਿੰਘ ਤਰਖਾਣ ਮਾਜਰਾ ਨੂੰ ਜ਼ਿਲ੍ਹਾ ਪ੍ਰਧਾਨ ਐੱਸਸੀ ਵਿੰਗ
  • ਹਰਪ੍ਰੀਤ ਸਿੰਘ ਡੰਘੇੜੀਆਂ ਨੂੰ ਬਲਾਕ ਪ੍ਰਧਾਨ ਐੱਸਸੀ ਵਿੰਗ ਖੇੜਾ
  • ਸੋਹਣ ਸਿੰਘ ਸੋਨੀ ਭਮਾਰਸੀ ਬੁਲੰਦ ਨੂੰ ਬਲਾਕ ਪ੍ਰਧਾਨ ਐੱਸਸੀ ਵਿੰਗ ਸਰਹਿੰਦ
  • ਕੁਲਵਿੰਦਰ ਸਿੰਘ ਕਿੰਦਾ ਖਰੌੜਾ ਨੂੰ ਬੀਸੀ ਵਿੰਗ ਦਾ ਜ਼ਿਲ੍ਹਾ ਪ੍ਰਧਾਨ ਐਲਾਨਿਆ ਗਿਆ ਹੈ।