Punjab

ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸਮਰਪਿਤ ਸੈਸ਼ਨ ਦੌਰਾਨ ਕਪਤਾਨ ਨੇ ਗਾਏ ਸਰਕਾਰ ਦੇ ਸੋਹਲੇ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਸਰਕਾਰ ਵੱਲੋਂ ਇਸ ਵਾਰ ਦਾ ਮੌਨਸੂਨ ਸੈਸ਼ਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੀਤਾ ਗਿਆ। ਅੱਧੇ ਦਿਨ ਤੋਂ ਵੀ ਘੱਟ ਸਮੇਂ ਲਈ ਚੱਲੇ ਸੈਸ਼ਨ ਦੌਰਾਨ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ , ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਸਾਬਕਾ ਚੀਫ਼ ਜਸਟਿਸ ਜੇ.ਐੱਸ ਖੈਹਰ ਨੇ ਗੁਰੂ ਸਾਹਿਬ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਕੈਪਟਨ ਅਮਰਿੰਦਰ ਸਿੰਘ ਨੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀਆਂ ਸਿੱਖਿਆਵਾਂ ਦੇ ਪ੍ਰਚਾਰ ਅਤੇ ਪ੍ਰਸਾਰ ਨਾਲ ਗੱਲ ਸ਼ੁਰੂ ਕਰਦਿਆਂ ਸਰਕਾਰ ਵੱਲੋਂ ਗੁਰੂ ਸਾਹਿਬ ਦੀ ਸ਼ੋਹ ਪ੍ਰਾਪਤ ਅਸਥਾਨਾਂ ਲਈ ਕੀਤੇ ਕੰਮਾਂ ਦਾ ਗੁਣ-ਗਾਣ ਕੀਤਾ। ਉਨ੍ਹਾਂ ਨੇ ਕਿਹਾ ਕਿ ਨੌਂਵੇਂ ਗੁਰੂ ਨਾਲ ਜੁੜੇ ਬਾਬਾ ਬਕਾਲਾ ਨੂੰ ਪਦ-ਉੱਨਤ (Upgrade) ਕਰਕੇ ਮਿਊਂਸਪਲ ਕਸਬੇ ਵਜੋਂ ਵਿਕਸਿਤ ਕੀਤਾ ਗਿਆ ਹੈ। ਸ਼੍ਰੀ ਆਨੰਦਪੁਰ ਸਾਹਿਬ ਨੂੰ ਮੁੱਢਲੀ ਆਧਾਰੀ ਢਾਂਚਾ ਮਜ਼ਬੂਤ ਕਰਨ ਲਈ ਜ਼ੋਰ-ਸ਼ੋਰ ਨਾਲ ਕੰਮ ਚੱਲ ਰਿਹਾ ਹੈ। ਗੁਰੂ ਸਾਹਿਬ ਦੀ ਚਰਨ ਛੋਹ ਪ੍ਰਾਪਤ 103 ਹੋਰ ਥਾਂਵਾਂ, ਜਿਨ੍ਹਾਂ ਵਿੱਚ ਨਾਸੀ ਪਿੰਡ ਅਤੇ 24 ਕਸਬੇ ਹਨ, ਨੂੰ 50 ਤੋਂ ਇੱਕ ਕਰੋੜ ਰੁਪਏ ਦੀ ਗ੍ਰਾਂਟ ਦਿੱਤੀ ਗਈ ਹੈ। ਗੁਰੂ ਤੇਗ ਬਹਾਦਰ ਸਾਹਿਬ ਦੇ ਨਾਂ ‘ਤੇ ਤਰਨਤਾਰਨ ਵਿੱਚ ਇੱਕ ਯੂਨੀਵਰਸਿਟੀ ਖੋਲ੍ਹੀ ਗਈ ਹੈ। ਇਸ ਤੋਂ ਬਿਨਾਂ ਉਨ੍ਹਾਂ ਦੀ ਯਾਦ ਵਿੱਚ ਡਾਕ ਟਿਕਟ ਜਾਰੀ ਕਰਾਉਣ ਅਤੇ ਸੋਨੇ ਅਤੇ ਚਾਂਦੀ ਦਾ ਸਿੱਕਾ ਵੀ ਜਾਰੀ ਕਰਨ ਦੀ ਯੋਜਨਾ ਹੈ। ਬੱਸੀ ਪਠਾਣਾਂ ਦੀ ਉਹ ਜੇਲ੍ਹ, ਜਿਸਦੇ ਵਿੱਚ ਗੁਰੂ ਸਾਹਿਬ ਜੀ ਬੰਦ ਰਹੇ ਸਨ, ਨੂੰ ਵੀ ਵਿਕਸਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਕੇਂਦਰ ਸਰਕਾਰ ਤੋਂ ਗੁਰੂ ਸਾਹਿਬ ਦੇ ਪ੍ਰਕਾਸ਼ ਪੁਰਬ ਦੇ ਜਸ਼ਨਾਂ ਨੂੰ ਮਨਾਉਣ ਲਈ 938 ਕਰੋੜ ਰੁਪਏ ਮੰਗੇ ਜਾ ਚੁੱਕੇ ਹਨ।

ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਆਪਣੇ ਭਾਸ਼ਣ ਵਿੱਚ ਕਿਹਾ ਕਿ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਅੱਜ ਦੇ ਯੁੱਗ ਵਿੱਚ ਵੀ ਓਨੀਆਂ ਹੀ ਮਹੱਤਵਪੂਰਨ ਹਨ। ਉਨ੍ਹਾਂ ਦੀ ਕੁਰਬਾਨੀ ਸਾਡੇ ਲਈ ਹਮੇਸ਼ਾ ਪ੍ਰੇਰਣਾਸ੍ਰੋਤ ਰਹੇਗੀ। ਉਨ੍ਹਾਂ ਇਹ ਵੀ ਕਿਹਾ ਕਿ 10 ਗੁਰੂਆਂ ਪ੍ਰਤੀ ਵਿਸ਼ਵ ਭਰ ਵਿੱਚ ਵਿਸ਼ੇਸ਼ ਸ਼ਰਧਾ ਰੱਖੀ ਗਈ ਹੈ। ਸਪੀਕਰ ਕੇਪੀ ਸਿੰਘ ਰਾਣਾ ਨੇ ਵੀ ਸੰਬੋਧਨ ਕੀਤਾ। ਉਨ੍ਹਾਂ ਨੇ ਕਿਹਾ ਕਿ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਚਾਨਣ-ਮੁਨਾਰਾ ਹਨ। ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਸਾਬਕਾ ਚੀਫ਼ ਜਸਟਿਸ ਜੇ.ਐੱਸ ਖੈਹਰ ਨੇ ਅਰਦਾਸ ਦੀ ਮਹੱਤਤਾ ਬਾਰੇ ਬੋਲਦਿਆਂ ਕਿਹਾ ਕਿ ਇਹ ਜੀਵਨ ਜਾਚ ਸਿਖਾਉਂਦੀ ਹੈ। ਉਨ੍ਹਾਂ ਨੇ ਕਿਹਾ ਕਿ ਗੁਰੂ ਸਾਹਿਬ ਦੀ ਸ਼ਹਾਦਤ ਨੇ ਹਿੰਦੂਆਂ ਦੀ ਖਾਤਿਰ ਆਪਣਾ ਬਲੀਦਾਨ ਦਿੱਤਾ। ਸਮਾਗਮ ਵਿੱਚ ਸ਼ਾਮਿਲ ਹੋਣ ਲਈ ਦੇਸ਼ ਦੇ ਉਪ ਰਾਸ਼ਟਰਪਤੀ ਐੱਮ ਵੈਂਕਈਆ ਨਾਡੂ ਅਤੇ ਧਾਰਮਿਕ ਨੇਤਾ ਦਲਾਈਲਾਮਾ ਸਮੇਤ ਸਾਬਕਾ ਪ੍ਰਧਾਨ ਮੰਤਰੀ ਡਾ.ਮਨਮੋਹਨ ਸਿੰਘ ਨੂੰ ਵੀ ਸੱਦਾ ਦਿੱਤਾ ਗਿਆ ਸੀ।

ਸੈਸ਼ਨ ਦੀ ਸ਼ੁਰੂਆਤ ਪਿਛਲੇ ਇਜਲਾਸ ਤੋਂ ਲੈ ਕੇ ਹੁਣ ਤੱਕ ਵਿਛੜੀਆਂ ਉੱਘੀਆਂ ਸ਼ਖ਼ਸੀਅਤਾਂ, ਆਜ਼ਾਦੀ ਘੁਲਾਟੀਆਂ, ਖੇਡ ਹਸਤੀਆਂ, ਕਿਸਾਨਾਂ, ਸਿਆਸੀ ਸ਼ਖ਼ਸ਼ੀਅਤਾਂ ਤੋਂ ਇਲਾਵਾ ਸਿਵਲ ਤੇ ਪੁਲੀਸ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀਆਂ ਨੂੰ ਸ਼ਰਧਾਂਜਲੀ ਦੇ ਕੇ ਕੀਤੀ ਗਈ। ਦੱਸਣਯੋਗ ਹੈ ਕਿ ਵਿਰੋਧੀ ਧਿਰ ਵਿਧਾਨ ਸਭਾ ਦੇ ਬਾਹਰ ਸੈਸ਼ਨ ਨੂੰ ਵਧਾਏ ਜਾਣ ਦੀ ਮੰਗ ਨੂੰ ਲੈ ਕੇ ਪੂਰਾ ਸਮਾਂ ਨਾਅਰੇਬਾਜ਼ੀ ਕਰਦਾ ਰਿਹਾ। ਨੌਂ ਵਜੇ ਸ਼ੁਰੂ ਹੋਏ ਸੈਸ਼ਨ ਨੂੰ ਦੋ ਘੰਟੇ ਬਾਅਦ ਅਣਮਿੱਥੇ ਸਮੇਂ ਲਈ ਉਠਾ ਦਿੱਤਾ ਗਿਆ।

ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਭੇਟ ਕਰਨ ਮਗਰੋਂ ਵਿਧਾਨ ਸਭਾ ਦੀ ਕਾਰਵਾਈ 11 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ ਸੀ। ਕਾਰਵਾਈ ਸ਼ੁਰੂ ਹੋਣ ਤੋਂ ਬਾਅਦ ਮੁੜ ਅਣਮਿੱਥੇ ਸਮੇਂ ਲਈ ਕਾਰਵਾਈ ਮੁਲਤਵੀ ਕਰ ਦਿੱਤੀ ਗਈ।

ਰਾਜਪਾਲ ਪੁਰੋਹਿਤ ਦਾ ਵਿਧਾਨ ਸਭਾ ਪੁੱਜਣ ’ਤੇ ਨਿੱਘਾ ਸਵਾਗਤ

ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਲਜਾਸ ਵਿੱਚ ਬਤੌਰ ਮੁੱਖ ਮਹਿਮਾਨ ਭਾਗ ਲੈਣ ਪਹੁੰਚੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਦਾ ਵਿਧਾਨ ਸਭਾ ਵਿਚ ਪੁੱਜਣ ’ਤੇ ਕੈਪਟਨ ਅਮਰਿੰਦਰ ਸਿੰਘ, ਸਪੀਕਰ ਰਾਣਾ ਕੇ ਪੀ ਸਿੰਘ ਅਤੇ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਨੇ ਫੁੱਲਾਂ ਦੇ ਗੁਲਦਸਤੇ ਭੇਟ ਕਰ ਕੇ ਨਿੱਘਾ ਸਵਾਗਤ ਕੀਤਾ। ਇਸ ਮੌਕੇ ਪੰਜਾਬ ਪੁਲਿਸ ਦੀ ਟੁਕੜੀ ਵੱਲੋਂ ਉਹਨਾਂ ਨੂੰ ਸਲਾਮੀ ਵੀ ਦਿੱਤੀ ਗਈ। 

ਉਪ ਰਾਸ਼ਟਰਪਤੀ ਦਾ ਵਿਸ਼ੇਸ਼ ਸੈਸ਼ਨ ਲਈ ਸੰਦੇਸ਼

ਦੇਸ਼ ਦੇ ਉਪ ਰਾਸ਼ਟਰਪਤੀ ਐਮ ਵੈਂਕਈਆ ਨਾਇਡੂ ਨੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਮੌਕੇ ਸੱਦੇ ਗਏ ਵਿਸ਼ੇਸ਼ ਸੈਸ਼ਨ ਲਈ ਆਪਣਾ ਵਿਸ਼ੇਸ਼ ਸੰਦੇਸ਼ ਭੇਜਿਆ ਹੈ। ਵਿਸ਼ੇਸ਼ ਸੈਸ਼ਨ ਵਿੱਚ ਸਪੀਕਰ ਰਾਣਾ ਕੇ ਪੀ ਸਿੰਘ ਨੇ ਉਪ ਰਾਸ਼ਟਰਪਤੀ ਦਾ ਸੰਦੇਸ਼ ਪੜ੍ਹ ਕੇ ਸੁਣਾਇਆ।

ਕਿਸਾਨਾਂ ਦਾ ਵਿਧਾਨ ਸਭਾ ਵੱਲ ਰੋਸ ਮਾਰਚ

ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੌਰਾਨ ਫਿਰੋਜ਼ਪੁਰ ਤੋਂ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਕਾਰਕੁੰਨਾਂ ਵੱਲੋਂ ਵਿਧਾਨ ਸਭਾ ਵੱਲ ਰੋਸ ਮਾਰਚ ਕੀਤਾ ਗਿਆ। ਪ੍ਰਦਰਸ਼ਨਕਾਰੀਆਂ ਦਾ ਕਹਿਣਾ ਸੀ ਕਿ ਉਹ ਫਿਰੋਜ਼ਪੁਰ ਦੀ ਬਾਰਡਰ ਪੱਟੀ ’ਤੇ 7 ਹਜ਼ਾਰ ਕਿਲੇ ਜ਼ਮੀਨ ਦੇ ਮਾਲਕਾਣਾ ਹੱਕ ਲੈਣ ਲਈ ਸੰਘਰਸ਼ ਕਰ ਰਹੇ ਹਨ, ਜੋ ਕਿ 2007 ਦੀ ਨੀਤੀ ਮੁਤਾਬਕ ਉਹਨਾਂ ਨੂੰ ਮਿਲਣਾ ਚਾਹੀਦਾ ਹੈ। ਇਹਨਾਂ ਕਿਸਾਨਾਂ ਦਾ ਕਹਿਣਾ ਸੀ ਕਿ ਅਸੀਂ ਇੱਕ-ਇੱਕ, ਡੇਢ-ਡੇਢ ਕਿਲੇ ਦੇ ਮਾਲਕ ਹਾਂ ਅਤੇ ਸਾਡੇ ਤੋਂ ਮਾਲਕਾਣਾ ਹੱਕ ਦੇਣ ਬਦਲੇ ਬਹੁਤ ਜ਼ਿਆਦਾ ਪੈਸੇ ਮੰਗੇ ਜਾ ਰਹੇ ਹਨ।