India

ਕੀਹਨੇ ਪੁੱਟੀ ਲਾਲ ਕਿਲ੍ਹੇ ਤੇ ਦਿੱਲੀ ਵਿਧਾਨ ਸਭਾ ਵਿਚਾਲੇ ਸੁਰੰਗ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਦਿੱਲੀ ਵਿਧਾਨ ਸਭਾ ਵਿੱਚ ਵੀਰਵਾਰ ਨੂੰ ਇਕ ਅਜਿਹੀ ਸੁਰੰਗ ਸਾਹਮਣੇ ਆਈ ਹੈ, ਜਿਸਨੇ ਸਿਆਸੀ ਪਾਰਟੀਆਂ ਲੀਡਰਾਂ ਦੇ ਸਾਹ ਸੂਤ ਦਿੱਤੇ ਹਨ।ਏਐੱਨਆਈ ਨਾਲ ਗੱਲਬਾਤ ਕਰਦਿਆਂ ਦਿੱਲੀ ਵਿਧਾਨ ਸਭਾ ਦੇ ਪ੍ਰਧਾਨ ਰਾਮ ਨਿਵਾਸ ਗੋਇਲ ਨੇ ਕਿਹਾ ਹੈ ਕਿ ਸੁਰੰਗ ਵਿਧਾਨ ਸਭਾ ਨੂੰ ਲਾਲ ਕਿਲ੍ਹੇ ਨਾਲ ਜੋੜਦੀ ਹੈ।

ਉਨ੍ਹਾਂ ਦੱਸਿਆ ਕਿ ਆਜ਼ਾਦੀ ਘੁਲਾਟੀਆਂ ਨੂੰ ਇਕ ਥਾਂ ਤੋਂ ਦੂਜੀ ਥਾਂ ਭੇਜਣ ਸਮੇਂ ਕਿਸੇ ਵੀ ਤਰ੍ਹਾਂ ਦੇ ਵਿਰੋਧ ਜਾਂ ਹਿੰਸਾ ਤੋਂ ਬਚਣ ਲਈ ਇਸ ਸੁਰੰਗ ਦੀ ਵਰਤੋਂ ਕੀਤੀ ਜਾਂਦੀ ਸੀ।ਉਨ੍ਹਾਂ ਕਿਹਾ ਕਿ ਜਦੋਂ ਮੈਂ 1993 ਵਿੱਚ ਵਿਧਾਇਕ ਬਣਿਆ ਤਾਂ ਇੱਥੇ ਮੌਜੂਦ ਸੁਰੰਗ ਦੇ ਬਾਰੇ ਅਫਵਾਹ ਉੜੀ ਜੋ ਲਾਲ ਕਿਲ੍ਹੇ ਤੱਕ ਜਾਂਦੀ ਹੈ ਅਤੇ ਮੈਂ ਇਸਦੇ ਇਤਿਹਾਸ ਨੂੰ ਖੋਜਣ ਦੀ ਕੋਸ਼ਿਸ਼ ਕੀਤੀ, ਪਰ ਇਸਨੂੰ ਲੈ ਕੇ ਕਿਸੇ ਵੀ ਤਰ੍ਹਾਂ ਦੀ ਕੋਈ ਸਾਫ ਸਥਿਤੀ ਨਹੀਂ ਬਣੀ।

ਉਨ੍ਹਾਂ ਕਿਹਾ ਕਿ ਸਾਨੂੰ ਹੁਣ ਇਸ ਸੁਰੰਗ ਦਾ ਦੂਜਾ ਕਿਨਾਰਾ ਮਿਲ ਗਿਆ ਹੈ। ਪਰ ਅਸੀਂ ਅੱਗੇ ਇਹ ਸੁਰੰਗ ਨਹੀਂ ਪੱਟ ਰਹੇ। ਮੈਟਰੋ ਪ੍ਰੌਜੈਕਟ ਤੇ ਸੀਵਰੇਜ ਬਣਾਉਣ ਕਾਰਨ ਸੁਰੰਗ ਦੇ ਸਾਰੇ ਰਸਤੇ ਨੁਕਸਾਨੇ ਗਏ ਹਨ।

ਗੋਇਲ ਨੇ ਦੱਸਿਆ ਕਿ 1912 ਵਿੱਚ ਰਾਜਧਾਨੀ ਨੂੰ ਕਲਕੱਤਾ ਤੋਂ ਦਿੱਲੀ ਬਦਲਣ ਤੋਂ ਬਾਅਦ ਕੇਂਦਰੀ ਵਿਧਾਨਸਭਾ ਦੇ ਰੂਪ ਵਿੱਚ ਦਿੱਲੀ ਵਿਧਾਨ ਸਭਾ ਦਾ ਇਸਤੇਮਾਲ ਕੀਤਾ ਗਿਆ ਸੀ, ਜਿਸਨੂੰ 1926 ਵਿੱਚ ਇੱਕ ਕੋਰਟ ਵਿੱਚ ਬਦਲ ਦਿੱਤਾ ਗਿਆ ਤੇ ਅੰਗ੍ਰੇਜਾਂ ਵੱਲੋਂ ਆਜ਼ਾਦੀ ਘੁਲਾਟੀਆਂ ਨੂੰ ਲਿਆਉਣ ਤੇ ਲੈ ਕੇ ਜਾਣ ਲਈ ਇਹ ਸੁਰੰਗ ਵਰਤੀ ਜਾਂਦੀ ਸੀ।

ਉਨ੍ਹਾਂ ਦੱਸਿਆ ਕਿ ਅਸੀਂ ਸਾਰੇ ਇੱਥੇ ਫਾਂਸੀ ਦੇ ਕਮਰਿਆਂ ਦੇ ਹੋਣ ਬਾਰੇ ਜਾਣੂੰ ਸੀ, ਪਰ ਇਸਨੂੰ ਕਦੇ ਖੋਲ੍ਹਿਆ ਨਹੀਂ ਗਿਆ। ਹੁਣ ਆਜਾਦੀ ਦੇ 75ਵੇਂ ਸਾਲ ਵਿੱਚ ਮੈਂ ਉਸ ਕਮਰੇ ਦੀ ਨਰੀਖਣ ਕਰਨ ਦਾ ਅਹਿਦ ਲਿਆ ਹੈ। ਅਸੀਂ ਸ਼ਰਧਾਂਜਲੀ ਸਰੂਪ ਉਸ ਕਮਰੇ ਨੂੰ ਆਜਾਦੀ ਘੁਲਾਟੀਆਂ ਦੇ ਮੰਦਿਰ ਦੇ ਰੂਪ ਵਿੱਚ ਬਦਲਣਾ ਚਾਹੁੰਦੇ ਹਾਂ।

ਵਿਧਾਨ ਸਭਾ ਦੇ ਪ੍ਰਧਾਨ ਨੇ ਕਿਹਾ ਕਿ ਦਿੱਲੀ ਵਿਧਾਨ ਸਭਾ ਦੇ ਦੇਸ਼ ਦੀ ਆਜਾਦੀ ਨਾਲ ਜੁੜੇ ਇਤਿਹਾਸ ਨੂੰ ਦੇਖਦਿਆਂ ਉਨ੍ਹਾਂ ਇਰਾਦਾ ਅਗਲੇ ਆਜ਼ਾਦੀ ਦਿਹਾੜੇ ਤੱਕ ਸੈਲਾਨੀਆਂ ਲਈ ਫਾਂਸੀ ਦਾ ਕਮਰਾ ਖੋਲ੍ਹਣ ਦਾ ਹੈ ਤੇ ਇਸ ਉੱਤੇ ਕੰਮ ਸ਼ੁਰੂ ਹੋ ਚੁੱਕਾ ਹੈ।ਉਨ੍ਹਾਂ ਕਿਹਾ ਕਿ ਆਜਾਦੀ ਸੰਗ੍ਰਾਮ ਨੂੰ ਲੈ ਕੇ ਇਸ ਥਾਂ ਦਾ ਇਤਿਹਾਸ ਬਹੁਤ ਹੀ ਮਹਾਨਤਾ ਵਾਲਾ ਹੈ। ਸਾਡਾ ਇਰਾਦਾ ਇਸ ਥਾਂ ਨੂੰ ਮੁੜ ਤੋਂ ਬਣਾਉਣ ਦਾ ਹੈ, ਤਾਂ ਕਿ ਸੈਲਾਨੀ ਇਸ ਥਾਂ ਕੇ ਆਪਣੇ ਇਤਿਹਾਸ ਦੇ ਪ੍ਰਤੀਬਿੰਬ ਨੂੰ ਦੇਖ ਸਕਣ।