ਚੰਡੀਗੜ੍ਹ : 5 ਸਤੰਬਰ ਨੂੰ ਅਧਿਆਪਕ ਦਿਹਾੜੇ ਮੌਕੇ ਦੇਸ਼ ਭਰ ਦੇ ਅਧਿਆਪਕਾਂ ਨੂੰ ਉਨ੍ਹਾਂ ਦੇ ਯੋਗਦਾਨ ਦੇ ਲਈ ਸਨਮਾਨਿਤ ਕੀਤਾ ਜਾਂਦਾ ਹੈ। ਇਸ ਦੇ ਲਈ ਕੇਂਦਰ ਸਰਕਾਰ ਅਧਿਆਪਕਾਂ ਤੋਂ ਅਰਜ਼ੀ ਮੰਗਵਾਉਂਦੀ ਹੈ। ਇਸ ਵਿੱਚ ਅਧਿਆਪਕ ਵਿਦਿਆਰਥੀਆਂ ਦੇ ਭਵਿੱਖ ਨੂੰ ਸਵਾਰਨ ਦੇ ਲਈ ਚੁੱਕੇ ਗਏ ਕਦਮਾਂ ਬਾਰੇ ਜਾਣਕਾਰੀ ਦਿੰਦੇ ਹਨ। ਇਨ੍ਹਾਂ ਅਰਜ਼ੀਆਂ ਨੂੰ ਵੇਖਣ ਤੋਂ ਬਾਅਦ ਇੱਕ ਕਮੇਟੀ ਕੌਮੀ ਪੱਧਰ ‘ਤੇ ਅਧਿਆਪਕਾਂ ਦੇ ਨਾਂ ਤੈਅ ਕਰਦੀ ਹੈ, ਜਿਨ੍ਹਾਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ। ਇਸ ਵਾਰ ਪੰਜਾਬ ਦੇ 2 ਅਧਿਆਪਕਾਂ ਨੂੰ ਕੌਮੀ ਐਵਾਰਡ ਮਿਲਣ ਜਾ ਰਿਹਾ ਹੈ। ਖਾਸ ਗੱਲ ਇਹ ਹੈ ਕਿ ਦੋਵੇਂ ਅਧਿਆਪਕ ਮਾਲਵਾ ਦੇ ਹਨ। ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਕੌਮੀ ਐਵਾਰਡ ਜੇਤੂ ਵਿਧਾਇਕਾਂ ਨੂੰ ਵਧਾਈ ਦਿੱਤੀ ਹੈ।
ਇਨ੍ਹਾਂ 2 ਅਧਿਆਪਕਾਂ ਨੂੰ ਪੁਰਸਕਾਰ ਲਈ ਚੁਣਿਆ ਗਿਆ
ਭਾਰਤ ਸਰਕਾਰ ਦੇ ਸਿੱਖਿਆ ਮੰਤਰਾਲੇ ਵੱਲੋਂ ਸਾਲ 2022 ਵਿੱਚ ਅਧਿਆਪਕ ਦਿਵਸ ਮੌਕੇ ਦਿੱਤੇ ਜਾਣ ਵਾਲੇ ਰਾਸ਼ਟਰੀ ਅਧਿਆਪਕ ਪੁਰਸਕਾਰਾਂ ਦੀ ਸੂਚੀ ਵੀਰਵਾਰ 25 ਅਗਸਤ ਨੂੰ ਜਾਰੀ ਕੀਤੀ ਗਈ ਹੈ, ਜਿਸ ਵਿਚ ਪੰਜਾਬ ਦੇ 2 ਅਧਿਆਪਕਾਂ ਦੀ ਚੋਣ ਹੋਈ ਹੈ। ਐਵਾਰਡ ਹਾਸਲ ਕਰਨ ਵਾਲੇ ਅਧਿਆਪਕਾਂ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਾਤੇਵਾਸ ਜ਼ਿਲ੍ਹਾ ਮਾਨਸਾ ਦੇ ਪ੍ਰਿੰਸੀਪਲ ਅਰੁਣ ਕੁਮਾਰ ਗਰਗ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਬੀਹਲਾ ਜ਼ਿਲ੍ਹਾ ਬਰਨਾਲਾ ਦੇ ਹੈਡ ਟੀਚਰ ਹਰਪ੍ਰੀਤ ਸਿੰਘ ਦਾ ਨਾਂ ਸ਼ਾਮਲ ਹੈ। ਇਨ੍ਹਾਂ ਦੋਵਾਂ ਨੂੰ 5 ਸਤੰਬਰ ਨੂੰ ਦਿੱਲੀ ਵਿੱਚ ਸਨਮਾਨਿਤ ਕੀਤਾ ਜਾਵੇਗਾ।