Punjab

ਆਰਡਰ ਰੱਦ ਕਰਨਾ Zomato ਨੂੰ ਪਿਆ ਮਹਿੰਗਾ, ਗਾਹਕ ਨੂੰ ਦੇਣੇ ਹੋਣਗੇ 10 ਹਜ਼ਾਰ

ਬਿਊਰੋ ਰਿਪੋਰਟ : ਆਨ ਲਾਈਨ ਫੂਡ ਡਿਲੀਵਰੀ ਨੂੰ ਲੈ ਕੇ Zomato, Swiggy ਅਤੇ ਹੋਰ ਕਈ ਕੰਪਨੀਆਂ ਵਿਚਾਲੇ ਮੁਕਾਬਲਾ ਚੱਲਦਾ ਰਹਿੰਦਾ ਹੈ। ਸਾਰੀਆਂ ਹੀ ਕੰਪਨੀਆਂ ਵੱਧ ਤੋਂ ਵੱਧ ਗਾਹਕਾਂ ਨੂੰ ਆਪਣੇ ਵੱਲ ਖਿੱਚਣ ਦੇ ਲਈ ਕਈ ਆਫਰ ਕੱਢਦੀਆਂ ਹਨ ਪਰ Zomato ਨੂੰ ਆਪਣੀ ਇੱਕ ਆਫਰ ਮਹਿੰਗੀ ਪੈ ਗਈ, ਜਿਸ ਦੀ ਵਜ੍ਹਾ ਕਰਕੇ ਉਸ ‘ਤੇ 10 ਹਜ਼ਾਰ ਦਾ ਜੁਰਮਾਨਾ ਲਗਾਇਆ ਗਿਆ ਹੈ ਅਤੇ ਇਹ ਰਕਮ ਉਹ ਗਾਹਕ ਨੂੰ ਜੁਰਮਾਨੇ ਦੇ ਰੂਪ ਵਿੱਚ ਦੇਵੇਗਾ। ਇਸ ਤੋਂ ਇਲਾਵਾ Zomato ਨੂੰ ਗਾਹਕ ਨੂੰ ਫ੍ਰੀ ਵਿੱਚ ਖਾਣਾ ਦੇਣ ਦੇ ਨਿਰਦੇਸ਼ ਵੀ ਦਿੱਤੇ ਗਏ ਹਨ। ਚੰਡੀਗੜ੍ਹ ਦੇ ਇੱਕ ਸ਼ਖ਼ਸ ਨੇ Zomato ਦੀ ਸ਼ਿਕਾਇਤ ਚੰਡੀਗੜ੍ਹ ਦੇ ਸਟੇਟ ਕੰਜ਼ਯੂਮਰ ਡਿਸਪੁੱਟ ਕਮਿਸ਼ਨ ਨੂੰ ਕੀਤਾ ਸੀ।

ਇਸ ਵਜ੍ਹਾ ਨਾਲ ਲੱਗਿਆ ਜੁਰਮਾਨਾ

ਚੰਡੀਗੜ੍ਹ ਦੇ ਰਹਿਣ ਵਾਲੇ ਅਜੇ ਸ਼ਰਮਾ ਨੇ Zomato ਤੋਂ ਪੀਜ਼ੇ ਦਾ ਆਰਡਰ ਕੀਤਾ ਸੀ। ਰਾਤ 10:15 ਮਿੰਟ ‘ਤੇ ਆਰਡਰ ਹੋਇਆ ਜਦਕਿ 10:30 ਮਿੰਟ ‘ਤੇ Zomato ਵੱਲੋਂ ਆਰਡਰ ਰੱਦ ਕਰਨ ਦਾ ਮੈਸੇਜ ਆ ਗਿਆ ਅਤੇ ਰਿਫੰਡ ਦਾ ਪ੍ਰੋਸੈਸ ਸ਼ੁਰੂ ਹੋ ਗਿਆ। ਗਾਹਕ ਅਜੇ ਸ਼ਰਮਾ ਨੇ ਕਿਹਾ ਕਿ Zomato ਨੇ ‘ਸਮੇਂ ਸਿਰ ਜਾਂ ਫਿਰ ਮੁਫਤ ਖਾਣਾ ‘ਦੇਣ ਦਾ ਵਾਅਦਾ ਕੀਤਾ ਸੀ। ਇਸ ਦੇ ਲਈ ਕੰਪਨੀ ਵੱਲੋਂ 10 ਰੁਪਏ ਸਰਵਿਸ ਚਾਰਜ ਵੀ ਲਿਆ ਸੀ ਤਾਂ ਆਖਿਰ ਕਿਵੇਂ ਉਹ ਇਸ ਤੋਂ ਮੁੱਕਰ ਸਕਦੇ ਹਨ। ਇਸ ਨੂੰ ਅਧਾਰ ਬਣਾ ਕੇ ਅਜੇ ਸ਼ਰਮਾ ਨੇ ਚੰਡੀਗੜ੍ਹ ਦੇ ਸਟੇਟ ਕੰਜ਼ਯੂਮਰ ਡਿਸਪਯੂਟ ਕਮਿਸ਼ਨ ਵਿੱਚ ਸ਼ਿਕਾਇਤ ਕੀਤੀ ਸੀ। ਕਮਿਸ਼ਨ ਦੇ ਚੇਅਰਮੈਨ ਜਸਟਿਸ ਰਾਜ ਸ਼ੇਖਰ ਅਤਰੀ ਅਤੇ ਜਸਟਿਸ ਰਾਜੇਸ਼ ਕੇ ਆਰਿਆ ਨੇ ਹੁਕਮ ਦਿੰਦੇ ਹੋਏ ਕਿਹਾ ਕਿ ਜਦੋਂ Zomato ਨੇ ਆਪਣੇ ਸਲੋਗਨ ‘ਸਮੇਂ ‘ਤੇ ਜਾਂ ਫਿਰ ਮੁਫਤ ਖਾਣਾ’ ਦੇਣ ਦੇ ਵਾਅਦੇ ਦਾ ਉਲੰਗਨ ਕੀਤਾ ਹੈ ਤਾਂ ਉਨ੍ਹਾਂ ਨੂੰ ਜੁਰਮਾਨਾ ਦੇਣਾ ਹੋਵੇਗਾ। ਸਿਰਫ਼ ਇੰਨਾਂ ਹੀ ਨਹੀਂ, ਕਮਿਸ਼ਨ ਨੇ ਕੰਪਨੀ ਨੂੰ ਨਸੀਹਤ ਦਿੰਦੇ ਹੋਏ ਕਿਹਾ ਕਿ ਜਿਹੜਾ ਵਾਅਦਾ ਕੰਪਨੀ ਪੂਰਾ ਨਹੀਂ ਕਰ ਸਕਦੀ ਹੈ। ਉਸ ਦਾ ਵਿਗਿਆਪਨ ਵੀ ਨਹੀਂ ਦੇਣਾ ਚਾਹੀਦਾ ਹੈ।