ਪੰਜਾਬ ਦੇ ਖੇਡ ਮੰਤਰੀ ਮੀਤ ਹੇਅਰ ਨੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੀਟਿੰਗ ਕੀਤੀ
‘ਦ ਖ਼ਾਲਸ ਬਿਊਰੋ : ਪੰਜਾਬ ਦੇ ਖੇਡ ਮੰਤਰੀ ਮੀਤ ਹੇਅਰ ਨੇ ਜਦੋਂ ਕਾਮਨਵੈਲਥ ਖੇਡ ਜੇਤੂ ਹਰਜਿੰਦਰ ਕੌਰ ਨੂੰ ਫੋਨ ‘ਤੇ ਮੁਬਾਰਕ ਦਿੱਤੀ ਸੀ ਤਾਂ ਉਸ ਨੇ ਖੇਡ ਮੰਤਰੀ ਨੂੰ ਆਪਣਾ ਦਰਦ ਦੱਸਦੇ ਹੋਏ ਸਰਕਾਰ ਤੋਂ ਨੌਕਰੀ ਮੰਗੀ ਸੀ ਉਸ ਵੇਲੇ ਤਾਂ ਖੇਡ ਮੰਤਰੀ ਉਨ੍ਹਾਂ ਨੂੰ ਕੋਈ ਜਵਾਬ ਨਹੀ ਦੇ ਸਕੇ ਪਰ ਮੁੱਖ ਮੰਤਰੀ ਨਾਲ ਮੀਟਿੰਗ ਤੋਂ ਬਾਅਦ ਮੀਤ ਹੇਅਰ ਨੇ ਵੱਡਾ ਐਲਾਨ ਕੀਤਾ ਹੈ।
ਉਨ੍ਹਾਂ ਨੇ ਕਿਹਾ ਹੈ ਸਰਕਾਰ ਜਲਦ ਹੀ ਨਵੀਂ ਖੇਡ ਨੀਤੀ ਲੈ ਕੇ ਆ ਰਹੀ ਹੈ ਜਿਸ ਵਿੱਚ ਖਿਡਾਰੀਆਂ ਨੂੰ ਬਿਨਾ ਕਿਸੇ ਟੈਸਟ ਦੇ ਸਰਕਾਰੀ ਨੌਕਰੀਆਂ ਦਿੱਤੀਆਂ ਜਾਣਗੀਆਂ। ਕਾਮਨਵੈਲਥ ਖੇਡਾਂ ਵਿੱਚ ਜਿਸ ਤਰ੍ਹਾਂ ਪੰਜਾਬ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ ਉਸ ਤੋਂ ਪੰਜਾਬ ਸਰਕਾਰ ਕਾਫੀ ਉਤਸ਼ਾਹਿਤ ਹੈ।
ਇਸ ਤਰ੍ਹਾਂ ਦੀ ਹੋਵੇਗੀ ਨਵੀਂ ਪਾਲਿਸੀ
ਮੀਤ ਹੇਅਰ ਨੇ ਕਿਹਾ ਉਹ ਸਾਰੇ ਸੂਬਿਆਂ ਦੀ ਸਪੋਰਟਸ ਪਾਲਿਸੀ ਦੀ ਸਟੱਡੀ ਕਰਨਗੇ ਉਸ ਤੋਂ ਬਾਅਦ ਪੰਜਾਬ ਵਿੱਚ ਨਵੀਂ ਸਪੋਰਟਸ ਪੋਲਸੀ ਬਣਾਈ ਜਾਵੇਗੀ। ਖਿਡਾਰੀਆਂ ਦੀ ਚੰਗੀ ਟ੍ਰੇਨਿੰਗ ਤੋਂ ਲੈਕੇ ਉਨ੍ਹਾਂ ਦੇ ਮੈਡਲ ਜਿੱਤਣ ਤੱਕ ਦਾ ਹਰ ਇੱਕ ਵੇਰਵਾ ਸਪੋਰਟਸ ਪੋਲਸੀ ਵਿੱਚ ਹੋਵੇਗਾ। ਖੇਡ ਮੰਤਰੀ ਨੇ ਦੱਸਿਆ ਕਾਮਨਵੈਲਥ ਖੇਡਾਂ ਵਿੱਚ ਜਿਹੜਾ ਖਿਡਾਰੀ ਗੋਲਡ ਮੈਡਲ ਜਿੱਤੇਗਾ ਉਸ ਨੂੰ 75 ਲੱਖ ਦਾ ਇਨਾਮ ਦਿੱਤਾ ਜਾਵੇਗਾ ਜਦਕਿ ਸਿਲਵਰ ਮੈਡਲ ਜੇਤੂ ਨੂੰ 50 ਲੱਖ ਅਤੇ ਕਾਂਸੇ ਦਾ ਤਮਗਾ ਜਿੱਤਣ ਵਾਲੇ ਨੂੰ 40 ਲੱਖ ਦਿੱਤੇ ਜਾਣਗੇ ਹੁਣ ਤੱਕ ਪੰਜਾਬ ਦੇ ਚਾਰ ਵੇਟਲਿਫਟਰਾਂ ਨੇ ਮੈਡਲ ਜਿੱਤੇ ਨੇ, ਇਸ ਵਿੱਚ ਇੱਕ ਮਹਿਲਾ ਵੇਟਲਿਫਟਰ ਵੀ ਹੈ ਜਦਕਿ 3 ਪੁਰਸ਼ ਹਨ।
ਪਿੰਡ ਪੱਧਰ ‘ਤੇ ਖਿਡਾਰੀਆਂ ਨੂੰ ਨਿਖਾਰਿਆ ਜਾਵੇਗਾ
ਪੰਜਾਬ ਸਰਕਾਰ ਜਲਦ ਹੀ ਸੂਬੇ ਵਿੱਚ ਖੇਡ ਮੇਲਾ ਸ਼ੁਰੂ ਕਰਨ ਜਾ ਰਹੀ ਹੈ, ਪਿੰਡ ਪੱਧਰ ‘ਤੇ ਖਿਡਾਰੀਆਂ ਨੂੰ ਨਿਖਾਰਿਆ ਜਾਵੇਗਾ, ਇਸ ਵਿੱਚ ਪਿੰਡਾਂ ਦੇ ਸਟੇਡੀਅਮ ਦੀ ਦਸ਼ਾ ਸੁਧਾਰੀ ਜਾਵੇਗੀ।
ਅਫਸਰਾਂ ਨਾਲ ਮੀਟਿੰਗ ਤੋਂ ਬਾਅਦ ਭਗਵੰਤ ਮਾਨ ਨੇ ਕਿਹਾ ਖੇਡ ਮੇਲੇ ਦੇ ਜ਼ਰੀਏ ਪੰਜਾਬ ਨੂੰ ਖੇਡਾ ਨਾਲ ਜੋੜਿਆ ਜਾਵੇਗਾ।