Punjab

ਪ੍ਰਤਾਪ ਬਾਜਵਾ ਦੇ ਬੀਜੇਪੀ ਦੇ ਹੱਕ ‘ਚ ਮਾਨ ਸਰਕਾਰ ਨੂੰ ਘੇਰਨ ‘ਤੇ ਜਾਖੜ ਦਾ ਤੰਜ !

ਬਿਊਰੋ ਰਿਪੋਰਟ : 19 ਅਤੇ 20 ਜੂਨ ਨੂੰ ਪੰਜਾਬ ਵਿਧਾਨਸਭਾ ਦੇ ਸਪੈਸ਼ਲ ਸੈਸ਼ਨ ਤੋਂ ਪਹਿਲਾਂ ਪੰਜਾਬ ਦੀ ਸਿਆਸਤ ਜਿਸ ਤਰ੍ਹਾਂ ਨਾਲ ਭਖੀ ਹੈ, ਉਹ ਸੋਮਵਾਰ ਨੂੰ ਹੋਣ ਵਾਲੇ ਸੈਸ਼ਨ ਨੂੰ ਪਹਿਲਾਂ ਦਾ ਟ੍ਰੇਲਰ ਹੈ। ਰਾਜਪਾਲ ਨੇ ਹੁਣ ਤੱਕ ਮਨਜ਼ੂਰੀ ਨਹੀਂ ਦਿੱਤੀ ਹੈ ਉੱਤੋਂ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਸਪੀਕਰ ਨੂੰ ਚਿੱਠੀ ਲਿਖ ਕੇ ਪਿਛਲੇ ਸਾਲ ਸਤੰਬਰ ਵਿੱਚ ਹੋਏ ਸਪੈਸ਼ਲ ਸੈਸ਼ਨ ਦਾ ਹਿਸਾਬ ਮੰਗ ਲਿਆ ਹੈ।

ਉਨ੍ਹਾਂ ਨੇ ਮੰਗ ਕੀਤੀ ਹੈ ਕਿ ਪਿਛਲੀ ਵਾਰ ਜਦੋਂ ਮਾਨ ਸਰਕਾਰ ਨੇ ਬੀਜੇਪੀ ਦੇ ਆਪ੍ਰੇਸ਼ਨ ਲੋਟਸ ਖ਼ਿਲਾਫ਼ ਸਪੈਸ਼ਲ ਸੈਸ਼ਨ ਬੁਲਾਇਆ ਸੀ ਤਾਂ ਉਸ ਤੋਂ ਠੀਕ ਪਹਿਲਾਂ ਖ਼ਜ਼ਾਨਾ ਮੰਤਰੀ ਹਰਪਾਲ ਚੀਮਾ ਅਤੇ ਹੋਰ ਵਿਧਾਇਕਾਂ ਨੇ 14 ਸਤੰਬਰ 2022 ਨੂੰ ਡੀਜੀਪੀ ਪੰਜਾਬ ਨੂੰ ਬੀਜੇਪੀ ਦੇ ਆਪ੍ਰੇਸ਼ਨ ਲੋਟਸ ਖ਼ਿਲਾਫ਼ FIR ਦਰਜ ਕਰਵਾਈ ਸੀ।ਸਰਕਾਰ 19 ਜੂਨ ਨੂੰ ਇਸ ‘ਤੇ ATR ਯਾਨੀ ਐਕਸ਼ਨ ਟੇਕਣ ਰਿਪੋਰਟ ਪੇਸ਼ ਕਰੇ,ਕੀ ਹੁਣ ਤੱਕ ਇਸ ‘ਤੇ ਕੀ ਹੋਇਆ ਹੈ। ਉੱਧਰ ਕਾਂਗਰਸ ਤੋਂ ਬਾਅਦ ਅਕਾਲੀ ਦਲ ਨੇ ਵੀ ਪ੍ਰਤਾਪ ਸਿੰਘ ਬਾਜਵਾ ਨਾਲ ਸੁਰ ਨਾਲ ਸੁਰ ਮਿਲਾਉਂਦੇ ਹੋਏ ATR ਰਿਪੋਰਟ ਪੇਸ਼ ਕਰਨ ਦੀ ਮੰਗ ਕੀਤੀ ਹੈ । ਉੱਧਰ ਬੀਜੇਪੀ ਦੇ ਆਗੂ ਸੁਨੀਲ ਜਾਖੜ ਨੇ ਬਾਜਵਾ ਦੇ ਇਸ ਚਿੱਠੀ ‘ਤੇ ਤੰਜ ਕੱਸਦੇ ਹੋਏ ਕਿਹਾ ‘ਬਦਲੇ-ਬਦਲੇ ਮੇਰੇ ਸਰਕਾਰ’ ਨਜ਼ਰ ਆ ਰਹੇ ਹਨ ।

ਬਾਜਵਾ ਨੇ ਸਪੀਕਰ ਨੂੰ ਲਿਖਿਆ ਪੱਤਰ ਸ਼ੇਅਰ ਕੀਤਾ

ਆਗੂ ਵਿਰੋਧੀ ਧਿਰ ਪ੍ਰਤਾਪ ਸਿੰਘ ਬਾਜਵਾ ਨੇ ਟਵੀਟ ਕਰਕੇ ਲਿਖਿਆ ‘ਪਿਛਲੇ ਸਾਲ ਸੀ.ਐੱਮ @ਭਗਵੰਤ ਮਾਨ ਅਤੇ @AAPPunjab ਨੇ ਅਖੌਤੀ ‘ਆਪ੍ਰੇਸ਼ਨ ਲੋਟਸ’ ਨੂੰ ਲੈ ਕੇ ਕਾਫ਼ੀ ਹੰਗਾਮਾ ਕੀਤਾ ਸੀ ਅਤੇ ਭਰੋਸਗੀ ਮਤੇ ‘ਤੇ ਚਰਚਾ ਕਰਨ ਲਈ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾਇਆ ਸੀ। ਇਸ ਮਾਮਲੇ ਵਿੱਚ ਇੱਕ FIR ਵੀ ਦਰਜ ਕੀਤੀ ਗਈ ਸੀ,ਪਰ ਇਸ ਜਾਂਚ ਦਾ ਨਤੀਜਾ ਕਿਸੇ ਨੂੰ ਨਹੀਂ ਪਤਾ। ਇਸ ਲਈ ਮੈਂ ਸਪੀਕਰ ਨੂੰ ਪੱਤਰ ਲਿਖ ਕੇ ਬੇਨਤੀ ਕੀਤੀ ਹੈ ਕਿ ਉਹ ਸਰਕਾਰ ਨੂੰ ਵਿਧਾਨ ਸਭਾ ਵਿੱਚ ਐਕਸ਼ਨ ਟੇਕਣ ਰਿਪੋਰਟ ਪੇਸ਼ ਕਰਨ ਲਈ ਕਹਿਣ ਤਾਂ ਜੋ ਪੰਜਾਬ ਦੇ ਲੋਕਾਂ ਨੂੰ ‘ਆਪ੍ਰੇਸ਼ਨ ਲੋਟਸ’ ਕੇਸ ਬਾਰੇ ਜਾਣੂ ਕਰਵਾਇਆ ਜਾ ਸਕੇ।

ਜਾਖੜ ਨੇ ਬਾਜਵਾ ‘ਤੇ ਤੰਜ ਕੱਸਿਆ

ਆਗੂ ਵਿਰੋਧੀ ਧਿਰ ਪ੍ਰਤਾਪ ਸਿੰਘ ਬਾਜਵਾ ਬੀਜੇਪੀ ਨੂੰ ਆਪ੍ਰੇਸ਼ਨ ਲੋਟਸ ਵਿੱਚ ਕਲੀਨ ਚਿੱਟ ਦਿੰਦੇ ਹੋਏ ਮਾਨ ਸਰਕਾਰ ਤੋਂ ਸਵਾਲ ਪੁੱਛ ਰਹੇ ਹਨ ਤਾਂ ਕਾਂਗਰਸ ਤੋਂ ਬੀਜੇਪੀ ਵਿੱਚ ਸ਼ਿਫ਼ਟ ਹੋਏ ਬਾਜਵਾ ਦੇ ਧੁਰ ਵਿਰੋਧੀ ਸੁਨੀਲ ਜਾਖੜ ਨੇ ਉਨ੍ਹਾਂ ‘ਤੇ ਤੰਜ ਕੱਸ ਦੇ ਹੋਏ ਟਵੀਟ ਕੀਤਾ, ਉਨ੍ਹਾਂ ਲਿਖਿਆ ‘ਹੁਣ ਆਗੂ ਵਿਰੋਧੀ ਧਿਰ ਪ੍ਰਤਾਪ ਸਿੰਘ ਬਾਜਵਾ ਬੀਜੇਪੀ ਦੀ ਹਮਾਇਤ ਵਿੱਚ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੂੰ ਚਿੱਠੀ ਲਿਖ ਕੇ ਕਹਿ ਰਹੇ ਹਨ ਕਿ ਆਪ੍ਰੇਸ਼ਨ ਲੋਟਸ ਫੇਕ ਸੀ,ਬਦਲੇ-ਬਦਲੇ ਮੇਰੇ ਸਰਕਾਰ ਨਜ਼ਰ ਆਉਂਦੇ ਹਨ,ਸਬ ਖ਼ੈਰੀਅਤ ਤਾਂ ਹੈ ਜਨਾਬ’ ? ਜਦੋਂ 2017 ਵਿੱਚ ਸੁਨੀਲ ਜਾਖਰ ਕਾਂਗਰਸ ਦੀ ਟਿਕਟ ‘ਤੇ ਗੁਰਦਾਸਪੁਰ ਤੋਂ ਚੋਣ ਲੜਨ ਗਏ ਸਨ ਤਾਂ ਤੋਂ ਦੋਵਾਂ ਆਗੂਆਂ ਦੇ ਵਿਚਾਲੇ ਸਿਆਸੀ ਕੋਲਵਾਰ ਚੱਲ ਰਹੀ ਹੈ । ਦੋਵੇਂ ਹੀ ਆਗੂ ਇੱਕ ਦੂਜੇ ਨੂੰ ਸਮੇਂ-ਸਮੇਂ ‘ਤੇ ਨਿਸ਼ਾਨਾ ਲਗਾਉਂਦੇ ਰਹਿੰਦੇ ਹਨ। ਉਧਰ ਕਾਂਗਰਸ ਵਾਂਗ ਅਕਾਲੀ ਦਲ ਦੇ ਸੀਨੀਅਰ ਆਗੂ ਵਿਰਸਾ ਸਿੰਘ ਵਲਟੋਹਾ ਨੇ ਵੀ ਤੰਜ ਭਰੇ ਅੰਦਾਜ਼ ਵਿੱਚ ਸਰਕਾਰ ਤੋਂ ATS ਰਿਪੋਰਟ ਮੰਗੀ।

ਵਿਰਸਾ ਸਿੰਘ ਵਲਟੋਹਾ ਦਾ ਆਪ ਦੇ ਸਪੈਸ਼ਲ ਸੈਸ਼ਨ ‘ਤੇ ਤੰਜ

ਅਕਾਲੀ ਦਲ ਦੇ ਸੀਨੀਅਰ ਆਗੂ ਵਿਰਸਾ ਸਿੰਘ ਵਲਟੋਹਾ ਨੇ ਆਪ੍ਰੇਸ਼ਨ ਲੋਟਸ ਦੀ ATS ਰਿਪੋਰਟ ਦੀ ਮੰਗ ਕਰਕੇ ਹੋਏ ਮਾਨ ਸਰਕਾਰ ‘ਤੇ ਤੰਜ ਕੱਸ ਦੇ ਹੋਏ ਪੁੱਛਿਆ ‘ਕਹਿੰਦੇ ਆ ਨੌਂ ਮਹੀਨਿਆਂ ਬਾਦ ਤਾਂ ਬੱਚਾ ਵੀ ਜਨਮ ਲੈ ਲੈਂਦਾ ਹੈ ਪਰ ਸਤੰਬਰ 2022 ਤੋਂ ਕੇਜਰੀਵਾਲ,ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਜੋ ਆਪ੍ਰੇਸ਼ਨ ਲੋਟਸ ਦੇ ਨਾਮ ‘ਤੇ “ਆਪ” ਵਿਧਾਇਕਾਂ ਦੀ ਖਰੀਦੋ ਫਰੋਖਤ ਦਾ ਰੌਲਾ ਪਾਇਆ ਸੀ ਤੇ ਕੇਸ ਤੱਕ ਦਰਜ ਕਰਵਾਇਆ ਸੀ ਉਸ ਦਾ ਕੀ ਬਣਿਆ ਪੰਜਾਬ ਜਾਣਨਾ ਚਾਹੁੰਦਾ ਹੈ। ਏਥੋਂ ਤੱਕ ਕਿ ਗਵਰਨਰ ਪੰਜਾਬ ਅਤੇ ਮੁੱਖ ਮੰਤਰੀ ਭਗਵੰਤ ਮਾਨ ਵਿਚਕਾਰ ਇਸ ਮਸਲੇ ‘ਤੇ ਵਿਧਾਨ ਸਭਾ ਦਾ ਸਪੈਸ਼ਲ ਇਜਲਾਸ ਬੁਲਾਉਣ ਨੂੰ ਲੈਕੇ ਵੀ ਕਾਫੀ ਤਕਰਾਰ ਤੱਕ ਹੋਈ ਸੀ। ਪਰ ਫਿਰ ਵੀ ਬਹਾਨੇ ਨਾਲ ਸਪੈਸ਼ਲ ਸੈਸ਼ਨ ਸੱਦਿਆ ਗਿਆ। ਕਈ ਘੰਟੇ ਇਸ ਕਥਿਤ ਆਪ੍ਰੇਸ਼ਨ ਲੋਟਸ ‘ਤੇ ਬਹਿਸ ਹੋਈ।ਪੰਜਾਬ ਦੇ ਖ਼ਜ਼ਾਨੇ ਦੇ ਕਰੋੜਾਂ ਰੁਪਏ ਇਸ ਸੈਸ਼ਨ ਉੱਤੇ ਖ਼ਰਚ ਕੀਤੇ ਗਏ। ਪਰ ਇਸ ਸਭ ਦਾ ਨਤੀਜਾ ਕੀ ਨਿਕਲਿਆ ਉਸ ਤੋਂ ਅਜੇ ਤੱਕ ਪੰਜਾਬ ਨੂੰ ਜਾਣੂੰ ਨਹੀਂ ਕਰਵਾਇਆ ਗਿਆ। ਪਰ ਹੁਣ ਪੰਜਾਬ ਜਵਾਬ ਮੰਗਦਾ ਹੈ।ਭਗਵੰਤ ਮਾਨ ਸਰਕਾਰ ਇਸ ਸੰਬੰਧੀ ਐਕਸ਼ਨ ਟੇਕਣ ਰਿਪੋਰਟ (ATR) ਪੇਸ਼ ਕਰੇ ਜਾਂ ਪੰਜਾਬ ਅਤੇ ਦੇਸ਼ ਦੇ ਲੋਕਾਂ ਨੂੰ ਗੁਮਰਾਹ ਕਰਨ ਅਤੇ ਪੰਜਾਬ ਦਾ ਕਰੋੜਾਂ ਰੁਪਏ ਸਪੈਸ਼ਲ ਸੈਸ਼ਨ ‘ਤੇ ਨਜਾਇਜ਼ ਖ਼ਰਚ ਕਰਨ ਦੀ ਪੰਜਾਬ ਦੇ ਲੋਕਾਂ ਕੋਲੋਂ ਮਾਫ਼ੀ ਮੰਗੇ’।