Punjab

ਕੀ ਬੰਦੀ ਸਿੰਘਾਂ ਦੀ ਰਿਹਾਈ ਦੇ ਵਿਰੋਧ ‘ਚ ਹੈ ‘ਮਾਨ ਸਰਕਾਰ’ ? ਵਿਧਾਨਸਭਾ ਦੇ ਅੰਦਰ ਦਾ ਇਹ ਵੀਡੀਓ ਸੁਣੋ !

Punjab assembly speaker not Include sikh prisoner

ਬਿਊਰੋ ਰਿਪੋਰਟ : ਮਾਨ ਸਰਕਾਰ ਨੇ ਕੁਝ ਦਿਨ ਪਹਿਲਾਂ ਕੌਮੀ ਇਨਸਾਫ ਮੋਰਚੇ ਨਾਲ ਮੀਟਿੰਗ ਕਰਕੇ ਵਾਅਦਾ ਕੀਤਾ ਸੀ ਕਿ ਉਹ ਬੰਦੀ ਸਿੰਘਾਂ ਦਾ ਮੁੱਦਾ ਜ਼ੋਰਾ-ਸ਼ੋਰਾ ਸਬੰਧਿਕ ਸਰਕਾਰਾਂ ਦੇ ਸਾਹਮਣੇ ਚੁੱਕਣਗੇ । ਪਰ ਵਿਧਾਨਸਭਾ ਦੇ ਅੰਦਰ ਜਦੋਂ ਇਸ ਮੁੱਦੇ ਨੂੰ ਲੈਕੇ ਅਕਾਲੀ ਦਲ ਅਤੇ ਬੀਐੱਸਪੀ ਦੇ ਵਿਧਾਇਕ ਡਾਕਟਰ ਨਛਤਰਪਾਲ, ਮਨਪ੍ਰੀਤ ਸਿੰਘ ਇਆਲੀ, ਡਾਕਟਰ ਸੁਖਵਿੰਦਰ ਕੁਮਾਰ ਸੁੱਖੀ ਨੇ ਮਤਾ ਪੇਸ਼ ਕੀਤਾ ਤਾਂ ਇਸ ਨੂੰ ਖਾਰਜ ਕਰ ਦਿੱਤਾ । ਅਕਾਲੀ ਦੇ ਵਿਧਾਇਕਾਂ ਨੇ ਮੰਗ ਕੀਤੀ ਸੀ ਰਾਜਪਾਲ ਦੇ ਭਾਸ਼ਣ ਦੇ ਧੰਨਵਾਦ ਮਤੇ ਨਾਲ ਇਹ ਲਾਈਨਾਂ ਜੋੜਿਆ ਜਾਣ ‘ਕਿ ਅਸੀਂ ਖੇਦ ਪ੍ਰਗਟ ਕਰਦੇ ਹਾਂ ਕਿ ਸਜਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਬਾਰੇ ਕੋਈ ਜ਼ਿਕਰ ਨਹੀਂ ਕੀਤਾ ਗਿਆ’।

ਸੁਖਬੀਰ ਬਾਦਲ ਨੇ ਘੇਰੀ ਮਾਨ ਸਰਕਾਰ

ਸਪੀਕਰ ਕੁਲਤਾਰ ਸੰਧਵਾਂ ਨੇ ਜਦੋਂ ਵਿਧਾਨਸਭਾ ਦੇ ਸਾਹਮਣੇ ਇਹ ਮਤਾ ਪੇਸ਼ ਕੀਤਾ ਗਿਆ ਤਾਂ ਵਾਇਸ ਵੋਟਿੰਗ ਦੇ ਨਾਲ ਇਸ ਨੂੰ ਖਾਰਜ ਕਰਦੇ ਹੋਏ ਰਾਜਪਾਲ ਦੇ ਭਾਸ਼ਣ ਦੇ ਧੰਨਵਾਦੀ ਮਤੇ ਨਾਲ ਇਸ ਨੂੰ ਜੋੜਨ ਤੋਂ ਇਨਕਾਰ ਕਰ ਦਿੱਤਾ । ਇਸ ਨੂੰ ਲੈਕੇ ਅਕਾਲੀ ਦਲ ਨੇ ਆਮ ਆਦਮੀ ਪਾਰਟੀ ਦੀ ਸਰਕਾਰ ‘ਤੇ ਸਵਾਲ ਚੁੱਕੇ ਹਨ। ਪਹਿਲਾਂ ਸ੍ਰੋਮਣੀ ਅਕਾਲੀ ਦਲ ਨੇ ਟਵਿੱਟਰ ‘ਤੇ ਵਿਧਾਨਸਭਾ ਦੇ ਅੰਦਰ ਸਪੀਕਰ ਦੀ ਮਤੇ ਵਾਲੀ ਕਲਿੱਪ ਨਸ਼ਰ ਕਰਕੇ ਲਿਖਿਆ ‘ਇਹ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਸੱਚਾਈ! ਬੰਦੀ ਸਿੰਘਾਂ ਦੀ ਰਿਹਾਈ ਲਈ ਗੱਲ ਕਰਨਾ ਵੀ ਇੰਨਾਂ ਨੂੰ ਔਖਾ ਲੱਗਦਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਸਾਹਿਬਾਨਾਂ ਵੱਲੋਂ ਪੇਸ਼ ਕੀਤਾ ਗਿਆ ਮਤਾ ਨਾਲੋਂ ਨਾਲ ਰੱਦ ਕਰਤਾ ਸਪੀਕਰ ਸਾਬ੍ਹ ਨੇ।’ ਇਸ ਨੂੰ ਅੱਗੇ ਵਧਾਉਂਦੇ ਹੋਏ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੇ ਮਾਨ ਸਰਕਾਰ ਨੂੰ ਘੇਰ ਦੇ ਹੋਏ ਲਿਖਿਆ ’25-25, 30-30 ਸਾਲਾਂ ਤੋਂ ਵੀ ਵੱਧ ਕੈਦ ਕੱਟ ਚੁੱਕੇ ਬੰਦੀ ਸਿੰਘਾਂ ਪ੍ਰਤੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਇਸ ਅਣਮਨੁੱਖੀ ਰਵਈਏ ਦੀ ਪੁਰਜ਼ੋਰ ਨਿੰਦਾ ਕਰਦਾ ਹਾਂ।

ਕੌਮੀ ਇਨਸਾਫ ਮੋਰਚੇ ਨੂੰ ਸਰਕਾਰ ਨੇ ਕੀਤਾ ਸੀ ਵਾਅਦਾ

ਪੰਜਾਬ ਸਰਕਾਰ ਦੇ 2 ਮੰਤਰੀਆਂ ਅਮਨ ਅਰੋੜਾ ਅਤੇ ਹਰਪਾਲ ਚੀਮਾ ਨਾਲ ਕੌਮੀ ਇਨਸਾਫ ਮੋਰਚੇ ਦੀ ਮੀਟਿੰਗ ਦੌਰਾਨ ਸਰਕਾਰ ਵੱਲੋਂ ਭਰੋਸਾ ਦਿੱਤਾ ਗਿਆ ਸੀ ਕਿ ਜਿਹੜੇ-ਜਿਹੜੇ ਸੂਬੇ ਵਿੱਚ ਬੰਦੀ ਸਿੰਘਾਂ ਦੇ ਕੇਸ ਹਨ ਉਨ੍ਹਾਂ ਦੀ ਸਰਕਾਰਾਂ ਨਾਲ ਉਹ ਗੱਲ ਕਰਨਗੇ। ਇਸ ਤੋਂ ਇਲਾਵਾ ਜਗਤਾਰ ਸਿੰਘ ਹਵਾਲਾ ਨੂੰ ਦਿੱਲੀ ਤੋਂ ਪੰਜਾਬ ਸ਼ਿਫਟ ਕਰਨ ਦੀ ਕਾਨੂੰਨੀ ਪ੍ਰਕਿਆ ‘ਤੇ ਵੀ ਕੰਮ ਕਰਨ ਦਾ ਭਰੋਸਾ ਦਿੱਤਾ ਗਿਆ ਸੀ । ਕੋਟਕਪੂਰਾ ਵਾਂਗ ਬਹਿਬਲਕਲਾਂ ਵਿੱਚ ਵੀ ਜਲਦ ਚਾਰਜਸ਼ੀਟ ਪੇਸ਼ ਕਰਨ ਦਾ ਭਰੋਸਾ ਦਿੱਤਾ ਗਿਆ ਸੀ । ਇਸ ਤੋਂ ਇਲਾਵਾ ਬਾਪੂ ਸੂਰਤ ਸਿੰਘ ਨੂੰ DMC ਹਸਪਤਾਲ ਤੋਂ ਛੁੱਟੀ ਦੇਣ ਦਾ ਵੀ ਵਾਅਦਾ ਕੀਤਾ ਗਿਆ ਸੀ ਜਿਸ ਨੂੰ ਪੂਰਾ ਕਰ ਦਿੱਤਾ ਗਿਆ ਹੈ ।