Punjab

ਪੰਜਾਬ ਦੀ ‘ਸਿਫ਼ਤ ਕੌਰ’ ਨੇ ਵਿਸ਼ਵ ਸ਼ੂਟਿੰਗ ‘ਚ ਕੀਤਾ ਕਮਾਲ ਤਾਂ ਮਹਿਲਾ ਬਾਕਸਿੰਗ ‘ਚ ਭਾਰਤ ਦੀ ਨਿਖਤ ਬਣੀ ਵਰਲਡ ਚੈਂਪੀਅਨ !

ਬਿਊਰੋ ਰਿਪੋਰਟ : ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਭੋਪਾਲ ਵਿਖੇ ਕਰਵਾਏ ਜਾ ਰਹੇ I.S.S.F. ਵਿਸ਼ਵ ਕੱਪ 2023 ਵਿੱਚ ਕਾਂਸੀ ਦਾ ਤਗਮਾ ਜਿੱਤਣ ਵਾਲੀ ਫਰੀਦਕੋਟ ਦੀ ਨਿਸ਼ਾਨੇਬਾਜ਼ ਸਿਫ਼ਤ ਕੌਰ ਸਮਰਾ ਨੂੰ ਵਧਾਈ ਦਿੱਤੀ ਹੈ। ਖੇਡ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਵਿੱਚ ਖੇਡਾਂ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਤਾਂ ਜੋ ਵਿਸ਼ਵ ਪੱਧਰ ‘ਤੇ ਸੂਬੇ ਦੀ ਸ਼ਾਨ ਨੂੰ ਮੁੜ ਬਹਾਲ ਕੀਤਾ ਜਾ ਸਕੇ। ਖੇਡ ਮੰਤਰੀ ਮੀਤ ਹੇਅਰ ਨੇ ਕਿਹਾ ਕਿ ਸਿਫ਼ਤ ਕੌਰ ਸਮਰਾ ਦੀ ਪ੍ਰਾਪਤੀ ਇਸ ਵਚਨਬੱਧਤਾ ਦੀ ਗਵਾਹੀ ਭਰਦੀ ਹੈ।ਜ਼ਿਕਰਯੋਗ ਹੈ ਕਿ ਸਿਫ਼ਤ ਕੌਰ ਸਮਰਾ ਨੇ 403.9 ਅੰਕ ਹਾਸਲ ਕੀਤੇ ਜਦਕਿ ਚਾਂਦੀ ਦਾ ਤਗ਼ਮਾ ਜੇਤੂ ਚੈੱਕ ਗਣਰਾਜ ਦੀ ਅਨੇਤਾ ਬ੍ਰਾਬਕੋਵਾ ਨੇ 411.3 ਅੰਕ ਅਤੇ ਸੋਨ ਤਗ਼ਮਾ ਜੇਤੂ ਚੀਨ ਦੀ ਕਿਓਨਗਿਊ ਝਾਂਗ ਨੇ 414.7 ਅੰਕ ਹਾਸਲ ਕੀਤੇ।

ਬਾਕਸਿੰਗ ਵਿੱਚ ਭਾਰਤ ਨੇ ਕੀਤਾ ਕਮਾਲ

ਉਧਰ ਬਾਕਸਿੰਗ ਨੂੰ ਲੈਕੇ ਵੀ ਭਾਰਤ ਲਈ ਵੱਡੀ ਖੁਸ਼ਖਬਰੀ ਸਾਹਮਣੇ ਆਈ ਹੈ । ਦਿੱਲੀ ਵਿੱਚ ਚੱਲ ਰਹੇ ਮਹਿਲਾ ਵਰਲਡ ਬਾਕਸਿੰਗ ਚੈਂਪੀਅਨਸ਼ਿੱਪ ਵਿੱਚ ਸਟਾਰ ਬਾਕਸਰ ਨਿਖਤ ਜਰੀਨ ਨੇ ਭਾਰਤ ਦੇ ਲਈ ਦੂਜਾ ਗੋਲਡ ਜਿੱਤਿਆ ਹੈ । ਉਹ ਅਜਿਹਾ ਕਰਨ ਵਾਲੇ ਦੂਜੇ ਭਾਰਤੀ ਮੁਕੇਬਾਜ਼ ਹੋ ਗਏ ਹਨ । ਉਨ੍ਹਾਂ ਤੋਂ ਪਹਿਲਾਂ ਮੈਰੀਕਾਮ ਇਹ ਕਾਰਨਾਮਾ ਕਰ ਚੁੱਕੀ ਹੈ। ਇਹ ਚੈਂਪੀਅਨਸ਼ਿੱਪ ਵਿੱਚ ਭਾਰਤ ਦਾ ਤੀਜਾ ਗੋਲਡ ਹੈ। ਨਿਖਤ ਤੋਂ ਪਹਿਲਾਂ ਸਵੀਟੀ ਅਤੇ ਨੀਤੂ ਨੇ ਵੀ ਗੋਲਡ ਜਿੱਤਿਆ ਸੀ

50 ਕਿਲੋਗਰਾਮ ਕੈਟਾਗਰੀ ਵਿੱਚ ਬਤੌਰ ਡਿਫੈਂਸਿੰਗ ਚੈਂਪੀਅਨ ਉਤਰੀ 26 ਸਾਲ ਦੀ ਨਿਖਤ ਨੇ ਵੀਅਤਨਾਮ ਦੀ 2 ਵਾਰ ਦੀ ਏਸ਼ੀਅਨ ਚੈਂਪੀਅਨ ਗੁਯੇਨ ਨੂੰ 5-0 ਨਾਲ ਹਰਾਇਆ ਹੈ । ਇੱਕ ਦਿਨ ਪਹਿਲਾਂ ਨੀਟੂ ਅਤੇ ਸਵੀਟੀ ਬੂਰਾ ਨੇ ਵੀ ਗੋਲਡ ਜਿੱਤਿਆ ਸੀ ।ਸਵੀਟੀ ਨੇ 81 ਕਿਲੋਗਰਾਮ ਵਿੱਚ ਚੀਨ ਦੀ ਵਾਂਗ ਲੀ ਨੂੰ 4-3 ਨਾਲ ਹਰਾਇਆ ਸੀ ਜਦਕਿ ਮੈਚ ਖਤਮ ਹੋਣ ਤੋਂ ਬਾਅਦ ਰਿਵਿਊ ਨਤੀਜਾ ਆਉਣ ਦਾ ਉਨ੍ਹਾਂ ਨੂੰ ਇਤਜ਼ਾਰ ਕਰਨਾ ਪਿਆ ਸੀ । ਪਰ ਸਵੀਟੀ ਅੰਤ ਵਿੱਚ ਜੇਤੂ ਕਰਾਰ ਹੋਈ ਸੀ । ਇਸ ਤੋਂ ਪਹਿਲਾਂ ਹਰਿਆਣਾ ਦੀ ਬਾਕਸਰ ਨੀਤੂ ਨੇ 48 ਕਿਲੋ ਦੇ ਮੁਕਾਬਲੇ ਵਿੱਚ ਗੋਲਡ ਮੈਡਲ ਆਪਣੇ ਨਾ ਕੀਤਾ ਸੀ । ਨੀਤੂ ਨੇ ਸ਼ਨਿੱਚਰਵਾਰ ਨੂੰ ਹੋਏ ਫਾਇਨਲ ਵਿੱਚ 2022 ਦੀਆਂ ਏਸ਼ੀਅਨ ਚੈਂਪੀਅਨ ਨੂੰ ਹਰਾਇਆ ਸੀ ।