Punjab

ਪੰਜਾਬ ਪੁਲਿਸ ਵੱਲੋਂ ਡਿਟੇਨ ਕੀਤੇ ਨਵੇਂ ਲੋਕਾਂ ਦਾ ਅੰਕੜਾ ਜਾਰੀ ! ਪਿਛਲੀ ਵਾਰ ਤੋਂ ਡੇਢ ਸੌ ਹੋਰ ਹੋਏ ਡਿਟੇਨ !

ਬਿਊਰੋ ਰਿਪੋਰਟ : ਪੰਜਾਬ ਪੁਲਿਸ ਨੇ ਸੂਬੇ ਵਿੱਚ ਚੱਲ ਰਹੇ ਆਪਰੇਸ਼ਨ ਨੂੰ ਲੈਕੇ ਹਿਰਾਸਤ ਵਿੱਚ ਲਏ ਗਏ ਲੋਕਾਂ ਦਾ ਨਵਾਂ ਅੰਕੜਾ ਜਾਰੀ ਕੀਤਾ ਹੈ । ਇਹ ਅੰਕੜਾ ਪਿਛਲੀ ਵਾਰ ਤੋਂ ਤਕਰੀਬਨ ਡੇਢ ਸੌ ਵੱਧ ਹੈ। IG ਸੁਖਚੈਨ ਸਿੰਘ ਨੇ ਚਾਰ ਦਿਨ ਪਹਿਲਾਂ ਦੱਸਿਆ ਸੀ 207 ਲੋਕਾਂ ਨੂੰ ਡਿਟੇਨ ਕੀਤਾ ਗਿਆ ਹੈ ਜਦਕਿ ਨਵੇਂ ਅੰਕੜਿਆਂ ਮੁਤਾਬਿਕ 18 ਮਾਰਚ ਤੋਂ ਹੁਣ ਤੱਕ 353 ਲੋਕਾਂ ਨੂੰ ਡਿਟੇਨ ਕੀਤਾ ਗਿਆ ਹੈ । ਯਾਨੀ ਨੌਜਵਾਨਾਂ ਨੂੰ ਡਿਟੇਨ ਕਰਨ ਦਾ ਸਿਲਸਿਲਾ ਪੰਜਾਬ ਪੁਲਿਸ ਵੱਲੋਂ ਜਾਰੀ ਹੈ । ਪੰਜਾਬ ਪੁਲਿਸ ਨੇ ਇਹ ਵੀ ਜਾਣਕਾਰੀ ਦਿੱਤੀ ਹੈ ਕਿ 352 ਵਿੱਚੋ 197 ਡਿਟੇਨ ਕੀਤੇ ਗਏ ਲੋਕਾਂ ਨੂੰ ਛੱਡ ਦਿੱਤਾ ਗਿਆ ਹੈ । ਪੁਲਿਸ ਮੁਤਾਬਿਕ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਫ ਨਿਰਦੇਸ਼ ਦਿੱਤੇ ਹਨ ਜਿੰਨਾਂ ਨੌਜਵਾਨਾਂ ਦਾ ਕੋਈ ਦੋਸ਼ ਨਹੀਂ ਹੈ ਉਨ੍ਹਾਂ ਦੀ ਜਾਂਚ ਕਰਕੇ ਛੱਡ ਦਿੱਤਾ ਜਾਵੇ।

DGP ਦੇ SSP ਅਤੇ CP ਨੂੰ ਨਿਰਦੇਸ਼

DGP ਗੌਰਵ ਯਾਦਵ ਨੇ ਕਿਹਾ ਸਾਰੇ ਜ਼ਿਲ੍ਹਿਆਂ ਦੇ SSP ਅਤੇ ਸ਼ਹਿਰਾਂ ਦੇ ਕਮਿਸ਼ਨਰਾਂ ਨੂੰ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ ਕਿ ਕਿਸੇ ਵੀ ਨਿਰਦੋਸ਼ ਨੂੰ ਪਰੇਸ਼ਾਨ ਨਾ ਕੀਤਾ ਜਾਵੇ। ਜਾਂਚ ਅਫਸਰ ਅਤੇ ਉਨ੍ਹਾਂ ਦੇ ਸੀਨੀਅਰ ਅਧਿਕਾਰੀ ਨੂੰ ਨਿਰਦੇਸ਼ ਹਨ ਕਿ ਪਹਿਲਾਂ ਸਾਰੇ ਸਬੂਤਾਂ ਨੂੰ ਇਕੱਠਾ ਕਰਨ ਜੇਕਰ ਉਹ ਸੰਤੁਸ਼ਤ ਹੁੰਦੇ ਹਨ ਤਾਂ ਹੀ ਕਾਰਵਾਈ ਕੀਤੀ ਜਾਵੇ। ਡੀਜੀਪੀ ਨੇ ਦੱਸਿਆ ਕਿ ਹਿਰਾਸਤ ਵਿੱਚ ਲਏ ਗਏ 353 ਲੋਕਾਂ ਵਿੱਚੋਂ 40 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ,ਜਦਕਿ ਇਸ ਤੋਂ ਪਹਿਲਾਂ ਇਹ ਗਿਣਤੀ 30 ਸੀ । ਇੰਨਾਂ ਖਿਲਾਫ਼ ਪੁਲਿਸ ਨੇ ਅਪਰਾਧਿਕ ਮਾਮਲੇ ਦਰਜ ਕੀਤੇ ਹਨ । ਜਦਕਿ 7 ਲੋਕਾਂ ਨੂੰ NSA ਯਾਨੀ ਕੌਮੀ ਸੁਰੱਖਿਆ ਕਾਨੂੰਨ ਅਧੀਨ ਗ੍ਰਿਫਤਾਰ ਕੀਤਾ ਗਿਆ ਹੈ ।

ਅਮਨ ਦੀ ਅਪੀਲ

ਡੀਜੀਪੀ ਗੌਰਵ ਯਾਦਵ ਨੇ ਸਾਰੇ ਪੰਜਾਬੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਇਸੇ ਤਰ੍ਹਾਂ ਸ਼ਾਂਤੀ ਬਣਾਉਣ ਅਤੇ ਕਿਸੇ ਤਰ੍ਹਾਂ ਦੀ ਫੇਕ ਨਿਊਜ਼ ਨੂੰ ਫੈਲਣ ਨਾ ਦੇਣ। ਉਨ੍ਹਾਂ ਨੇ ਦਾਅਵਾ ਕੀਤਾ ਹੈ ਕਿ ਸੂਬੇ ਦੇ ਕਾਨੂੰਨੀ ਹਾਲਾਤ ਕੰਟਰੋਲ ਵਿੱਚ ਹਨ । ਡੀਜੀਪੀ ਨੇ ਕਿਹਾ ਜਿਹੜੇ ਲੋਕ ਫੇਕ ਨਿਊਜ਼ ਫੈਲਾਉਣਗੇ ਉਨ੍ਹਾਂ ਦੇ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ । ਪੁਲਿਸ ਨੇ ਲੋਕਾਂ ਨੂੰ ਸੁਰੱਖਿਆ ਦਾ ਯਕੀਨ ਦਿਵਾਉਣ ਦੇ ਲਈ ਪੂਰੇ ਸੂਬੇ ਵਿੱਚ ਫਲੈਕ ਮਾਰਚ ਕੱਢਿਆ ਹੈ।