Punjab

ਪੰਜਾਬ ਦੇ ਸ਼ਾਹੀ ਇਮਾਮ ਦੀਆਂ ਸੁਖਬੀਰ ਬਾਦਲ ਨੂੰ ਖਰੀਆਂ-ਖਰੀਆਂ !

 

ਬਿਉਰੋ ਰਿਪੋਰਟ :ਪੰਜਾਬ ਦੇ ਸ਼ਾਹੀ ਇਮਾਮ ਉਸਮਾਨ ਲੁਧਿਆਨਵੀਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਖਿਲਾਫ ਆਪਣਾ ਗੁੱਸਾ ਜ਼ਾਹਿਰ ਕੀਤਾ ਹੈ । ਸ਼ਾਹੀ ਇਮਾਮ ਨੇ ਕਿਹਾ ਸੁਖਬੀਰ ਬਾਦਲ ਕਹਿੰਦੇ ਹਨ ਕਿ 18 ਫੀਸਦੀ ਹੋਣ ਦੇ ਬਾਵਜੂਦ ਮੁਸਲਮਾਨ ਭਾਈਚਾਰੇ ਵਿੱਚ ਏਕਾ ਨਹੀਂ ਹੈ।

ਉਨ੍ਹਾਂ ਨੇ ਕਿਹਾ ਸੁਖਬੀਰ ਬਾਦਲ ਦੇ ਰਾਜ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ, ਉਨ੍ਹਾਂ ਨੂੰ ਆਪਣੇ ਆਪ ‘ਤੇ ਨਜ਼ਰ ਮਾਰਨੀ ਚਾਹੀਦੀ ਹੈ। ਨਿਹੱਥੀ ਸੰਗਤ ‘ਤੇ ਗੋਲੀਆਂ ਚਲਾਈਆਂ ਗਈਆਂ। ਸੁਖਬੀਰ ਸਿੰਘ ਬਾਦਲ ਦੇ ਸਮੇਂ ਸਿੱਖ ਸੰਗਤ ਨੂੰ ਇਨਸਾਫ ਨਹੀਂ ਮਿਲਿਆ ਹੈ ਅਤੇ ਉਹ ਆਪਣੇ ਆਪ ਨੂੰ ਸਿੱਖ ਧਰਮ ਦਾ ਸੁਪਰੀਮ ਆਗੂ ਦੱਸ ਕੇ ਢੋਂਗ ਰੱਚ ਰਹੇ ਹਨ।

ਸ਼ਾਹੀ ਇਮਾਮ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੇ ਪਾਰਲੀਮੈਂਟ ਵਿੱਚ ਜੰਮੂ-ਕਸ਼ਮੀਰ ਦੇ ਸਾਬਕ ਮੁੱਖ ਮੰਤਰੀ ਫਾਰੂਖ ਅਬਦੁੱਲਾ ਦੀ ਸਪੀਚ ਨਹੀਂ ਸੁਣੀ। ਅਸਾਮ ਦੇ ਬਦਰੂਦੀਨ ਅਜਮਲ ਨੂੰ ਨਹੀਂ ਸੁਣਿਆ ਹੈ। ਹੈਦਾਬਾਦ ਦੇ ਐੱਮਪੀ ਓਵੇਸੀ ਵੱਲੋਂ ਮੁਸਲਮਾਨ ਭਾਈਚਾਰੇ ਦੇ ਮੁੱਦੇ ਚੁੱਕੇ ਜਾਂਦੇ ਹਨ । ਸ਼ਾਹੀ ਇਮਾਮ ਨੇ ਕਿਹਾ ਮੁਸਲਮਾਨ ਭਾਈਚਾਰਾ ਹੁਣ ਵੀ ਦੇਸ਼ ਦੀ ਪਾਰਲੀਮੈਂਟ ਵਿੱਚ ਭਾਈਚਾਰਾ ਕਾਇਮ ਰੱਖਣ ਦੇ ਲਈ ਹਰ ਧਰਮ ਦੀ ਆਵਾਜ਼ ਬਣਿਆ ਹੋਇਆ ਹੈ।

ਅਕਾਲੀ ਦਲ ਨੂੰ ਲੋਕਾਂ ਨੇ ਨਕਾਰਿਆ ਹੈ

ਉਸਮਾਨ ਲੁਧਿਆਨਵੀਂ ਨੇ ਕਿਹਾ ਕਿ ਅਸਲ ਵਿੱਚ ਹੁਣ ਅਕਾਲੀ ਦਲ ਦੀ ਹਾਲਾਤ ਇਹ ਹੋ ਗਈ ਹੈ ਕਿ ਪੰਜਾਬ ਵਿੱਚ ਉਹ ਬੁਰੀ ਤਰ੍ਹਾਂ ਨਾਕਾਮ ਹੋ ਚੁੱਕੇ ਹਨ। ਲੋਕਸਭਾ ਚੋਣਾਂ ਵਿੱਚ ਵੀ ਕਿਧਰੇ ਵੀ ਨਜ਼ਰ ਨਹੀਂ ਆਉਣਗੇ । ਅਕਾਲੀ ਦਲ ਇੱਕ ਵੀ ਸੀਟ ਨਹੀਂ ਜਿੱਤ ਸਕੇਗੀ । ਉਨ੍ਹਾਂ ਕਿਹਾ ਕਿ ਹੁਣ ਸੁਖਬੀਰ ਸਿੰਘ ਬਾਦਲ ਧਰਮ ਦੇ ਨਾਂ ‘ਤੇ ਲੋਕਾਂ ਨੂੰ ਇਕੱਠਾ ਕਰਨਾ ਚਾਹੁੰਦੇ ਹਨ । 25 ਸਾਲ ਤੱਕ ਭਾਈਚਾਰੇ ਨੇ ਅਕਾਲੀ ਦਲ ਨੂੰ ਪੰਜਾਬ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਪਰ ਉਹ ਕੁਝ ਨਹੀਂ ਕਰ ਸਕੇ। ਇੰਨਾ ਦੇ ਰਾਜ ਵਿੱਚ ਹੀ ਸਿੱਖ ਸੰਗਤ ‘ਤੇ ਫਾਈਰਿੰਗ ਹੋਈ ਸੁਖਬੀਰ ਸਿੰਘ ਬਾਦਲ ਚੁੱਪ ਬੈਠੇ ਰਹੇ । ਸੁਖਬੀਰ ਬਾਦਲ ਚਾਉਂਦੇ ਤਾਂ ਫਾਸਟ ਟਰੈਕ ਅਦਾਲਤ ਦੇ ਜ਼ਰੀਏ ਇਨਸਾਫ ਦਿਵਾ ਸਕਦੇ ਸਨ, ਪਰ ਉਨ੍ਹਾਂ ਨੇ ਅਜਿਹਾ ਨਹੀਂ ਕੀਤਾ।

ਪੰਜਾਬ ਵਿੱਚ ਸਿੱਖਾਂ ਦੇ ਬੱਚਿਆਂ ਖਿਲਾਫ ਪੁਲਿਸ ਨੇ ਨਜਾਇਜ ਮਾਮਲੇ ਦਰਜ ਕੀਤੇ ਪਰ ਸੁਖਬੀਰ ਸਿੰਘ ਬਾਦਲ ਨੇ ਕੋਈ ਜਾਂਚ ਨਹੀਂ ਕਰਵਾਈ। ਉਹ ਕੋਈ ਵੀ ਅਜਿਹੀ ਨੀਤੀ ਨਹੀਂ ਲੈਕੇ ਆਏ ਤਾਂਕਿ ਨੌਜਵਾਨ ਵਿਦੇਸ਼ ਜਾਣ ਬਜਾਏ ਪੰਜਾਬ ਵਿੱਚ ਹੀ ਕੰਮ ਕਰ ਸਕਣ । ਲੋਕਾ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਨਕਾਰ ਦਿੱਤਾ ਹੈ ।

ਸੁਖਬੀਰ ਬਾਦਲ ਦਾ ਬਿਆਨ ਮੁਸਲਮਾਨ ਭਾਈਚਾਰੇ ਦੇ ਖਿਲਾਫ ਨਾ ਹੋਕੇ ਇਹ ਸੁਨੇਹਾ ਦੇਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਸੁਖਬੀਰ ਨੂੰ ਹੀ ਲੋਕ ਆਪਣਾ ਆਗੂ ਮੰਨ ਲੈਣ। ਸੁਖਬੀਰ ਸਿੰਘ ਬਾਦਲ ਨੂੰ ਮੁਸਲਮਾਨ ਭਾਈਚਾਰੇ ਦੀ ਉਦਾਹਰਣ ਨਹੀਂ ਦੇਣੀ ਚਾਹੀਦੀ ਸੀ । ਇਮਾਮ ਨੇ ਕਿਹਾ ਪੰਜਾਬ ਵਿੱਚ ਸਿੱਖ, ਮੁਸਲਮਾਨ ਅਤੇ ਹਿੰਦੂ ਭਾਈਚਾਰੇ ਵਿਚਾਲੇ ਚੰਗਾ ਰਿਸ਼ਤਾ ਹੈ।

ਸੁਖਬੀਰ ਸਿੰਘ ਬਾਦਲ ਦੇ ਬਿਆਨ ਨਾਲ ਭਾਈਚਾਰੇ ‘ਤੇ ਅਸਰ ਪੈਂਦਾ ਹੈ । ਉਸਮਾਨ ਲੁਧਿਆਨਵੀਂ ਨੇ ਅਕਾਲੀ ਦਲ ਦੇ ਪ੍ਰਧਾਨ ਨੂੰ ਨਸੀਹਤ ਦਿੱਤੀ ਕਿ ਉਹ ਆਪਣੇ ਸਲਾਹਕਾਰ ਬਦਣ ਜਿਸ ਦੀ ਵਜ੍ਹਾ ਨਾਲ ਪਾਰਟੀ ਖਤਮ ਹੋ ਰਹੀ ਹੈ।