Punjab

ਅੰਮ੍ਰਿਤਸਰ ਹਵਾਈ ਅੱਡੇ ਤੋਂ ਯਾਤਰੀ ਦੇ ਲੱਕ ਤੋਂ ਲੱਖਾਂ ਦਾ ਸੋਨਾ ਬਰਾਮਦ, ਦੁਬਈ ਤੋਂ ਭਾਰਤ ਲੈ ਕੇ ਆ ਰਿਹਾ ਸੀ…

ਅੰਮ੍ਰਿਤਸਰ ਦੇ ਸ਼੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ 67.60 ਲੱਖ ਰੁਪਏ ਦਾ ਸੋਨਾ ਬਰਾਮਦ ਹੋਇਆ ਹੈ। ਕਸਟਮ ਵਿਭਾਗ ਨੇ ਇਹ ਸੋਨਾ ਦੁਬਈ ਦੇ ਇਕ ਯਾਤਰੀ ਤੋਂ ਜ਼ਬਤ ਕੀਤਾ ਹੈ। ਇਸ ਸ਼ਖਸ ਨੇ ਸੋਨੇ ਨੂੰ ਆਪਣੀ ਕਮਰ ਦੁਆਲੇ ਬੰਨ੍ਹਿਆ ਹੋਇਆ ਸੀ। ਪਰ ਕਸਟਮ ਵਿਭਾਗ ਦੀ ਨਿਗ੍ਹਾ ਤੋਂ ਬਚ ਨਾ ਸਕਿਆ। ਉਸ ਨੂੰ ਸ਼ੱਕ ਦੇ ਆਧਾਰ ‘ਤੇ ਕਾਬੂ ਕਰ ਲਿਆ ਹੈ।

ਦੁਬਈ ਦੀ ਫਲਾਈਟ IX 192 ਅੱਜ ਸਵੇਰੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਪਹੁੰਚੀ। ਜਹਾਜ਼ ਵਿੱਚੋਂ ਉਤਰੇ ਇੱਕ ਯਾਤਰੀ ਉੱਤੇ ਕਸਟਮ ਵਿਭਾਗ ਦੀ ਐਂਟੀ ਸਮਗਲਿੰਗ ਯੂਨਿਟ ਨੂੰ ਸ਼ੱਕ ਹੋ ਗਿਆ। ਉਸ ਨੂੰ ਰੋਕ ਕੇ ਤਲਾਸ਼ੀ ਲਈ ਗਈ। ਇਸ ਦੌਰਾਨ ਯਾਤਰੀ ਕੋਲੋਂ 1698.2 ਗ੍ਰਾਮ ਸੋਨਾ ਪੇਸਟ ਦੇ ਰੂਪ ‘ਚ GRWT ਵਾਲਾ ਬਰਾਮਦ ਹੋਇਆ ਹੈ। ਇਸ ਸੋਨੇ ਦੀ ਕੀਮਤ 67.60 ਲੱਖ ਰੁਪਏ ਦੱਸੀ ਜਾ ਰਹੀ ਹੈ।

ਯਾਤਰੀ ਨੇ ਇਸ ਸੋਨੇ ਨੂੰ ਪੀਲੇ ਰੰਗ ਦੇ ਪੈਕਟ ਵਿਚ ਲਪੇਟ ਕੇ ਆਪਣੇ ਪੈਂਟ ਦੀ ਬੈਲਟ ਨਾਲ ਬੰਨ੍ਹ ਕੇ ਰੱਖਿਆ ਸੀ। ਇਹ ਸੋਨਾ 24 ਕੈਰੇਟ ਦਾ ਹੈ। ਯਾਤਰੀ ਨੂੰ ਗ੍ਰਿਫਤਾਰ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।