Punjab

ਸਕੂਲਾਂ ‘ਤੇ ਮੁੜ ਲਟਕੀ ਤਲਵਾਰ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਦੇ ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਨੇ ਨਵੇਂ ਹੁਕਮ ਜਾਰੀ ਕਰਦਿਆਂ ਕਿਹਾ ਕਿ ਇੱਕ ਕਲਾਸ ਵਿੱਚ ਕੋਵਿਡ-19 ਦੇ ਇੱਕ ਕੇਸ ਦੀ ਪੁਸ਼ਟੀ ਹੋ ਜਾਂਦੀ ਹੈ ਤਾਂ ਕਲਾਸ ਨੂੰ 14 ਦਿਨਾਂ ਲਈ ਮੁਅਤਲ ਅਤੇ ਇਕਾਂਤਵਾਸ ਕੀਤਾ ਜਾਵੇਗਾ। ਸਕੂਲ ਵਿੱਚ ਦੋ ਜਾਂ ਦੋ ਤੋਂ ਵੱਧ ਕੋਵਿਡ-19 ਦੇ ਕੇਸ ਪਾਏ ਜਾਣ ਦੀ ਸੂਰਤ ਵਿੱਚ ਸਕੂਲ ਨੂੰ 14 ਦਿਨਾਂ ਲਈ ਬੰਦ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਸ਼ਹਿਰ ਜਾਂ ਕਸਬੇ ਜਾਂ ਬਲਾਕ ਦੇ ਇੱਕ ਤਿਹਾਈ ਸਕੂਲ ਬੰਦ ਹਨ ਤਾਂ ਉਸ ਖੇਤਰ ਦੇ ਸਾਰੇ ਸਕੂਲ ਬੰਦ ਕਰ ਦਿੱਤੇ ਜਾਣਗੇ।

ਉਹਨਾਂ ਕਿਹਾ ਕਿ ਸਕੂਲਾਂ ਨੂੰ ਵਿਦਿਆਰਥੀਆਂ ਦੇ ਬਿਮਾਰ ਹੋਣ ’ਤੇ ਉਨ੍ਹਾਂ ਨੂੰ ਘਰ ਹੀ ਰਹਿਣ ਸਬੰਧੀ ਨੀਤੀ ਲਾਗੂ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਇਹ ਵੀ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਜਿਹੜੇ ਵਿਦਿਆਰਥੀ ਜਾਂ ਸਟਾਫ਼ ਕੋਵਿਡ-19 ਮਰੀਜ਼ ਦੇ ਸੰਪਰਕ ਵਿੱਚ ਆਏ ਹਨ, ਉਹ 14 ਦਿਨ ਘਰ ਹੀ ਰਹਿਣ। ਹਾਲਾਂਕਿ, ਡੈਸਕਾਂ ਦੇ ਫਾਸਲੇ ਨਾਲ ਅੱਧੀ ਛੁੱਟੀ, ਬ੍ਰੇਕ ਅਤੇ ਲੰਚ ਬਰੇਕ ਨੂੰ ਪੜਾਅਵਾਰ ਅਤੇ ਯੋਜਨਾਬੱਧ ਢੰਗ ਨਾਲ ਵਿਵਸਥਿਤ ਕਰਕੇ ਕਲਾਸਾਂ ਵਿੱਚ ਵਿਦਿਆਰਥੀਆਂ ਦੀ ਗਿਣਤੀ ਸੀਮਤ ਰੱਖੀ ਜਾਵੇ। ਹਰੇਕ ਵਿਦਿਆਰਥੀ ਵਿਚਕਾਰ ਘੱਟੋ-ਘੱਟ 6 ਫੁੱਟ ਦੀ ਸਰੀਰਕ ਦੂਰੀ ਬਣਾਈ ਜਾਣੀ ਲਾਜ਼ਮੀ ਕੀਤੀ ਗਈ ਹੈ। ਕਲਾਸਰੂਮਾਂ ਵਿੱਚ ਚੰਗੀ ਹਵਾਦਾਰੀ ਨੂੰ ਯਕੀਨੀ ਬਣਾਉਣ ਦੇ ਨਾਲ-ਨਾਲ ਵਾਰ-ਵਾਰ ਹੱਥਾਂ ਦੀ ਸਫਾਈ ਅਤੇ ਵਾਤਾਵਰਣ ਦੀ ਸਫਾਈ ਉੱਤੇ ਮੰਤਰੀ ਨੇ ਜ਼ੋਰ ਦਿੱਤਾ ਹੈ।