ਬਿਊਰੋ ਰਿਪੋਰਟ : ਪੰਜਾਬ ਵਿੱਚ ਬੱਸ ਤੋਂ ਸਫਰ ਕਰਨ ਵਾਲੇ ਲੋਕਾਂ ਦੇ ਲਈ 27 ਜੂਨ ਦਾ ਦਿਨ ਭਾਰੀ ਪੈ ਸਕਦਾ ਹੈ । ਪਨਬੱਸ,PRTC ਠੇਕਾ ਮੁਲਾਜ਼ਮ ਯੂਨੀਅਨ ਨੇ ਚੱਕਾ ਜਾਮ ਕਰਨ ਦਾ ਐਲਾਨ ਕਰ ਦਿੱਤਾ ਹੈ । ਯੂਨੀਅਨ ਦਾ ਕਹਿਣਾ ਹੈ ਕਿ ਜਲੰਧਰ ਜ਼ਿੰਮਨੀ ਚੋਣ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਮੰਗਾ ਮੰਨਣ ਦਾ ਭਰੋਸਾ ਦਿਵਾਇਆ ਸੀ । ਪਰ ਹੁਣ ਤੱਕ ਇਸ ‘ਤੇ ਕੋਈ ਫੈਸਲਾ ਨਹੀਂ ਹੋਇਆ ਹੈ, ਇਸ ਲਈ ਹੁਣ ਉਨ੍ਹਾਂ ਦੇ ਕੋਲ ਹੋਰ ਕੋਈ ਬਦਲ ਨਹੀਂ ਬਚਿਆ ਹੈ। ਯੂਨੀਅਨ ਦੇ ਪ੍ਰਧਾਨ ਦਲਜੀਤ ਸਿੰਘ ਨੇ ਕਿਹਾ ਠੇਕਾ ਮੁਲਾਜ਼ਮਾਂ ਨੂੰ ਪੱਕਾ ਕਰਨ ਦੇ ਲਈ ਸਰਕਾਰ ਗੰਭੀਰਤਾ ਨਹੀਂ ਵਿਖਾ ਰਹੀ ਹੈ,ਲੰਮੇ ਵਕਤ ਤੋਂ ਮੁਲਾਜ਼ਮ ਪੱਕਾ ਕਰਨ ਦੀ ਮੰਗ ਕਰ ਰਹੇ ਹਨ । ਜਦੋਂ ਤੋਂ ਮਾਨ ਸਰਕਾਰ ਆਈ ਹੈ ਹਰ ਮਹੀਨੇ ਪੱਕਾ ਕਰਨ ਦਾ ਵਾਅਦਾ ਕਰ ਦਿੱਤਾ ਜਾਂਦਾ ਹੈ, ਪਰ ਜ਼ਮੀਨੀ ਪੱਧਰ ‘ਤੇ ਇਸ ਨੂੰ
ਅਮਲੀਜਾਮਾ ਨਹੀਂ ਦਿੱਤਾ ਜਾ ਰਿਹਾ ਹੈ ।
ਯੂਨੀਅਨ ਦੇ ਪ੍ਰਧਾਨ ਕਿਹਾ ਕਾਂਗਰਸ ਸਰਕਾਰ ਵੇਲੇ 5 ਫੀਸਦੀ ਤਨਖ਼ਾਹ ਵਧਾਉਣ ਦਾ ਫੈਸਲਾ ਹੋਇਆ ਸੀ ਪਰ ਮਾਨ ਸਰਕਾਰ ਦੇ ਆਉਣ ਤੋਂ ਬਾਅਦ ਇਸ ‘ਤੇ ਰੋਕ ਲੱਗਾ ਦਿੱਤੀ ਗਈ ਸੀ,ਇਹ ਮੁਲਾਜ਼ਮਾਂ ਦੇ ਹੱਕਾਂ ‘ਤੇ ਡਾਕੇ ਵਾਂਗ ਹੈ ਜਿਸ ਨੂੰ ਲੈਕੇ ਮੁਲਾਜ਼ਮਾਂ ਵਿੱਚ ਕਾਫੀ ਰੋਸ ਹੈ । ਯੂਨੀਅਨ ਨੇ ਕਿਹਾ ਠੇਕਾ ਮੁਲਾਜ਼ਮਾਂ ਨੂੰ ਫੌਰਨ ਪੱਕਾ ਕੀਤਾ ਜਾਵੇ,ਪਿਛਲੇ ਸਮੇਂ ਦੌਰਾਨ ਰੋਕੀ ਗਈ ਤਨਖਾਹ ਵਾਧੇ ਦੀ ਰਕਮ ਮੁਲਾਜ਼ਮਾਂ ਦੇ ਖਾਤੇ ਵਿੱਚ ਪਾਈ ਜਾਵੇ, ਇਸ ਤੋਂ ਇਲਾਵਾ ਮੁਲਾਜ਼ਮਾਂ ਦੀ ਘਾਟ ਦੀ ਵਜ੍ਹਾ ਕਰਕੇ 500 ਤੋਂ ਵੱਧ ਸਰਕਾਰੀ ਬੱਸਾਂ ਡਿਪੂਆਂ ਵਿੱਚ ਧੂੜ ਫੱਕ ਰਹੀਆਂ ਹਨ। ਇਨ੍ਹਾਂ ਨੂੰ ਚਲਾਉਣ ਦੇ ਲਈ ਸਰਕਾਰ ਕਦਮ ਚੁੱਕੇ । ਇਸ ਤੋਂ ਇਲਾਵਾ ਸਸਪੈਂਡ ਕੀਤੇ ਗਏ 400 ਮੁਲਾਜ਼ਮਾਂ ਨੂੰ ਮੁੜ ਤੋਂ ਬਹਾਰ ਕਰਨ ਦੀ ਮੰਗ ਕੀਤੀ ਗਈ ਹੈ। ਯੂਨੀਅਨ ਨੇ ਮੰਗ ਕੀਤੀ ਹੈ ਕਿ ਸਰਕਾਰ ਕਿਲੋਮੀਟਰ ਸਕੀਮ ਬੰਦ ਕਰਕੇ ਆਪਣੀਆਂ ਬੱਸਾਂ ਸ਼ੁਰੂ ਕਰੇ ।