‘ਦ ਖ਼ਾਲਸ ਬਿਊਰੋ :- ਪੈਟਰੋਲ – ਡੀਜ਼ਲ ਦੇ ਵਾਧੇ ਤੋਂ ਬਾਅਦ ਹੁਣ ਪੰਜਾਬ ਸਰਕਾਰ ਨੇ ਇੰਤਕਾਲ ਫ਼ੀਸ ਦੁੱਗਣੀ ਕਰਨ ਦੀ ਤਿਆਰੀ ਖਿੱਚ ਲਈ ਹੈ, ਜਿਸ ਨਾਲ ਆਮ ਜਨਤਾ ’ਤੇ ਕਰੋੜਾਂ ਰੁਪਏ ਦਾ ਬੋਝ ਪਵੇਗਾ। 8 ਜੁਲਾਈ ਨੂੰ ਪੰਜਾਬ ਮੰਤਰੀ ਮੰਡਲ ‘ਚ ਹੋਣ ਵਾਲੀ ‘ਵਰਚੁਅਲ’ ਮੀਟਿੰਗ ‘ਚ ਇੰਤਕਾਲ ਫ਼ੀਸ ਦੁੱਗਣੀ ਕੀਤੇ ਜਾਣ ਨੂੰ ਹਰੀ ਝੰਡੀ ਮਿਲਣ ਦੀ ਸੰਭਾਵਨਾ ਹੈ। ਸੂਤਰਾਂ ਅਨੁਸਾਰ ਮਾਲ ਵਿਭਾਗ ਨੇ ਕੈਬਨਿਟ ਮੀਟਿੰਗ ਲਈ ਇੰਤਕਾਲ ਫ਼ੀਸ ’ਚ ਵਾਧੇ ਦਾ ਏਜੰਡਾ ਭੇਜ ਦਿੱਤਾ ਹੈ, ਅਤੇ ਜੇਕਰ ਕੋਈ ਅੜਿੱਕਾ ਨਾ ਪਿਆ ਤਾਂ ਇੰਤਕਾਲ ਫ਼ੀਸ ’ਚ ਵਾਧਾ ਹੋਣਾ ਤੈਅ ਹੈ।
ਮਾਲ ਵਿਭਾਗ ਦੇ ਮਹਿਕਮੇ ਵੱਲੋਂ ਪੰਜਾਬ ਸਰਕਾਰ ਨੂੰ ਵਾਧੇ ਬਾਰੇ ਲਿਖ ਦਿੱਤਾ ਹੈ ਕਿ ਸਰਕਾਰ ਨੇ ਜੋ ਮੌਜੂਦਾ ਇੰਤਕਾਲ ਫ਼ੀਸ 300 ਰੁਪਏ ਨੂੰ ਵਧਾ ਕੇ 600 ਰੁਪਏ ਕਰਨ ਦਾ ਫੈਂਸਲਾ ਕੀਤਾ ਹੈ ਉਸ ਦਾ ਸਿੱਧਾ ਅਸਰ ਕਿਸਾਨਾਂ ਤੇ ਮਜ਼ਦੂਰਾਂ ‘ਤੇ ਪਵੇਗਾ। ਕਿਉਂਕਿ ਜੇਕਰ ਇੰਤਕਾਲ ਫ਼ੀਸ ਦੁੱਗਣੀ ਹੁੰਦੀ ਹੈ ਤਾਂ ਪੰਜਾਬ ਦੇ ਲੋਕਾਂ ’ਤੇ ਸਾਲਾਨਾ 25 ਕਰੋੜ ਦਾ ਨਵਾਂ ਭਾਰ ਪਵੇਗਾ। ਹਾਲਾਂਕਿ ਇਕ ਅੰਦਾਜ਼ੇ ਅਨੁਸਾਰ ਪੰਜਾਬ ਵਿੱਚ ਸਾਲਾਨਾ ਕਰੀਬ 8.25 ਲੱਖ ਇੰਤਕਾਲ ਹੁੰਦੇ ਹਨ।kf
ਜਦਕਿ ਸੂਬੇ ’ਚ ਹਰ ਮਹੀਨੇ 69 ਹਜ਼ਾਰ ਦੇ ਕਰੀਬ ਇੰਤਕਾਲ ਦਰਜ ਹੁੰਦੇ ਹਨ। ਮਾਲ ਵਿਭਾਗ ਮਹਿਕਮੇ ਦੇ ਸਾਬਕਾ ਕਾਨੂੰਗੋ ਨਿਰਮਲ ਸਿੰਘ ਜੰਗੀਰਾਣਾ (ਬਠਿੰਡਾ) ਨੇ ਦੱਸਿਆ ਕਿ 1990 ਤੋਂ ਪਹਿਲਾਂ ਇੰਤਕਾਲ ਫ਼ੀਸ ਸਿਰਫ਼ ਇੱਕ ਰੁਪਿਆ ਹੁੰਦੀ ਸੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਬਦਲੇ ‘ਚ ਕਿਸਾਨਾਂ ਨੂੰ ਕੋਈ ਸਹੂਲਤ ਤਾਂ ਕੀ ਦੇਣੀ, ਉਲਟਾ ਉਨ੍ਹਾਂ ‘ਤੇ ਫ਼ੀਸਾਂ ਦਾ ਭਾਰ ਆਏ ਦਿਨ ਪਾ ਰਹੇ ਹੈ। ਦੱਸਣਯੋਗ ਹੈ ਕਿ ਵਿਰਾਸਤਾਂ ਦੇ ਇੰਤਕਾਲ ਵੱਡੀ ਗਿਣਤੀ ਵਿੱਚ ਹੁੰਦੇ ਹਨ ਤੇ ਇਸ ਤੋਂ ਇਲਾਵਾ ਤਬਾਦਲਾ ਇੰਤਕਾਲ, ਗਹਿਣੇ ਆਦਿ ਦੇ ਇੰਤਕਾਲ ਰੈਗੂਲਰ ਹੁੰਦੇ ਹਨ।
ਪੰਜਾਬ ਵਿੱਚ ਇੰਤਕਾਲ ਫ਼ੀਸ ਵਿੱਚ ਵਾਧਾ ਇੱਕ ਵਾਰ ਬੇਅੰਤ ਸਰਕਾਰ ਸਮੇਂ ਹੋਇਆ ਸੀ। ਪਹਿਲੀ ਵਾਰ ਫ਼ੀਸ ਨੂੰ ਇੱਕ ਰੁਪਏ ਤੋਂ ਵਧਾ ਕੇ ਸਿੱਧਾ 50 ਰੁਪਏ ਕੀਤਾ ਗਿਆ ਸੀ ਤੇ ਦੂਸਰੀ ਵਾਰ 100 ਰੁਪਏ ਕੀਤੀ ਗਈ। ਮੁੱਖ ਮੰਤਰੀ ਵਜੋਂ ਰਜਿੰਦਰ ਕੌਰ ਭੱਠਲ ਦੇ ਕਾਰਜਕਾਲ ਦੌਰਾਨ ਇੰਤਕਾਲ ਫ਼ੀਸ ਵਧਾ ਕੇ 150 ਰੁਪਏ ਕਰ ਦਿੱਤੀ ਗਈ, ਅਤੇ ਉਸ ਤੋਂ ਮਗਰੋਂ ਆਈ ਅਕਾਲੀ-ਭਾਜਪਾ ਗੱਠਜੋੜ ਸਰਕਾਰ ਨੇ ਇੰਤਕਾਲ ਫ਼ੀਸ ‘ਚ ਦੁਗਣਾ ਵਾਧਾ 300 ਰੁਪਏ ਕਰ ਦਿੱਤਾ ਸੀ। BKU (ਕ੍ਰਾਂਤੀਕਾਰੀ) ਦੇ ਸੂਬਾ ਪ੍ਰਧਾਨ ਸੁਰਜੀਤ ਸਿੰਘ ਫੂਲ ਨੇ ਕਿਹਾ ਕਿ ਸਰਕਾਰ ਅਜਿਹਾ ਫ਼ੈਸਲਾ ਲੈਣ ਤੋਂ ਗੁਰੇਜ਼ ਕਰੇ।
ਹਾਲੇ ਦੱਸ ਨਹੀਂ ਸਕਦੇ:
ਮੁੱਖ ਸਕੱਤਰ (ਮਾਲ) ਵਿਸ਼ਵਜੀਤ ਖੰਨਾ ਨੇ ਕਿਹਾ ਕਿ ਇੰਤਕਾਲ ਫ਼ੀਸ ਵਿੱਚ ਵਾਧੇ ਦਾ ਫ਼ੈਸਲਾ ਮੰਤਰੀ ਮੰਡਲ ਨੇ ਕਰਨਾ ਹੈ। ਜਦੋਂ ਕੋਈ ਫ਼ੈਸਲਾ ਹੋਵੇਗਾ, ਉਦੋਂ ਦੱਸ ਦਿੱਤਾ ਜਾਵੇਗਾ। ਪਹਿਲਾਂ ਅਸੀਂ ਏਜੰਡੇ ਬਾਰੇ ਕੁੱਝ ਨਹੀਂ ਦੱਸ ਸਕਦੇ। ਮਾਲ ਮੰਤਰੀ ਗੁਰਪ੍ਰੀਤ ਕਾਂਗੜ ਨੇ ਵੀ ਫ਼ੋਨ ਨਹੀਂ ਚੁੱਕਿਆ।