India International Punjab

ਅਸੀਂ ਹਥਿਆਰਾਂ ਦੀ ਜੰਗ ਨਹੀਂ ਚਾਹੁੰਦੇ, ਪਰ ਕਲਮ ਨਾਲ ਰੈਫਰੈਂਡਮ ਕਰਵਾ ਕੇ ਰਹਾਂਗੇ, SFJ ਨੇ 20 ਸਾਈਟਾਂ ਹੋਰ ਕੀਤੀਆਂ ਲਾਂਚ

‘ਦ ਖ਼ਾਲਸ ਬਿਊਰੋ:- ਸਿੱਖਸ ਫਾਰ ਜਸਟਿਸ ਦੇ ਕਾਨੂੰਨੀ ਸਲਾਹਕਾਰ ਗੁਰਪਤਵੰਤ ਸਿੰਘ ਪੰਨੂੰ ਨੇ ਰੈਫਰੈਂਡਮ-2020 ਲਈ 20 ਸਾਈਟਾਂ ਲਾਂਚ ਕਰਨ ਦਾ ਦਾਅਵਾ ਕੀਤਾ ਹੈ। ਪਿਛਲੇ ਦਿਨੀਂ 4 ਜੁਲਾਈ ਨੂੰ ਸਿੱਖਸ ਫਾਰ ਜਸਟਿਸ ਵੱਲੋਂ ਭਾਰਤ ਤੇ ਪੰਜਾਬ ਵਿੱਚ ਰੈਫਰੈਂਡਮ-2020 ਲਈ ਆਨਲਾਈਨ ਵੋਟਾਂ ਦੀ ਰਜਿਸਟ੍ਰੇਸ਼ਨ ਲਈ ਇੱਕ ਰੂਸੀ ਪੋਰਟਲ ਰਾਹੀਂ ਇੱਕ ਵੈੱਬਸਾਈਟ ਲਾਂਚ ਕੀਤੀ ਗਈ ਸੀ। ਜਿਸਨੂੰ ਭਾਰਤ ਸਰਕਾਰ ਵੱਲੋਂ ਤੁਰੰਤ ਕਾਰਵਾਈ ਕਰਦਿਆਂ ਬਲੌਕ ਕਰ ਦਿੱਤਾ ਗਿਆ ਸੀ।

 

ਇਸ ਤੋਂ ਇਲਾਵਾ ਭਾਰਤ ਸਰਕਾਰ ਨੇ ਰੈਫਰੈਂਡਮ-2020 ਨਾਲ ਸੰਬੰਧਿਤ 40 ਹੋਰ ਵੈੱਬਸਾਈਟਾਂ ਨੂੰ ਬਲੌਕ ਕਰ ਦਿੱਤਾ ਸੀ। ਜਿਸ ਤੋਂ ਬਾਅਦ ਕੱਲ੍ਹ ਪੰਨੂੰ ਨੇ ਕਿਹਾ ਕਿ ਉਹਨਾਂ ਨੇ ਭਾਰਤੀ ਸਾਈਬਰ ਵਿੱਚ www.freepunjab2020.in ਦੇ ਨਾਂ ਹੇਠ 20 ਸਾਈਟਾਂ ਲਾਂਚ ਕਰ ਦਿੱਤੀਆਂ ਹਨ, ਜਿੰਨ੍ਹਾਂ ‘ਤੇ ਜਾ ਕੇ ਪੰਜਾਬ ਵਾਸੀ ਆਪਣੀਆਂ ਵੋਟਾਂ ਦੀ ਆਨਲਾਈਨ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ। ਜਾਣਕਾਰੀ ਲਈ ਦੱਸ ਦੇਈਏ ਕਿ ਇਹ ਵੈੱਬਸਾਈਟ ਭਾਰਤ ਵਿੱਚ ਖੁੱਲ੍ਹ ਰਹੀ ਹੈ, ਜਿਸ ਵਿੱਚ ਆਪਣਾ ਨਾਮ ਪਤਾ ਅਤੇ ਹੋਰ ਜਾਣਕਾਰੀ ਭਰਕੇ ਵੋਟ ਰਜਿਸਟ੍ਰਡ ਕੀਤੀ ਜਾ ਸਕਦੀ ਹੈ।

 

 

ਪੰਨੂੰ ਨੇ ਭਾਰਤ ਤੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ “ਤੁਸੀਂ ਜਿੰਨੀਆਂ ਮਰਜੀ ਸਾਈਟਾਂ ਬੰਦ ਕਰਵਾ ਲਵੋ, ਜਿੰਨੇ ਮਰਜੀ ਨੌਜਵਾਨਾਂ ਨੂੰ ਠਾਣਿਆਂ ਵਿੱਚ ਤੰਗ-ਪ੍ਰੇਸ਼ਾਨ ਕਰ ਲਵੋ, ਪਰ ਰੈਫਰੈਂਡਮ-2020 ਜ਼ਰੂਰ ਹੋਵੇਗਾ। ਪੰਨੂੰ ਨੇ ਪੰਜਾਬ ਪੁਲਿਸ ਨੂੰ ਕੇਂਦਰ ਦੀ ਢਾਲ ਬਣਕੇ ਪੰਜਾਬੀਆਂ ਅੱਗੇ ਨਾ ਖੜ੍ਹਨ ਦੀ ਸਲਾਹ ਵੀ ਦਿੱਤੀ। ਪੰਨੂੰ ਨੇ ਕਿਹਾ ਕਿ ਅਸੀਂ ਹਥਿਆਰਾਂ ਦੀ ਜੰਗ ਨਹੀਂ ਚਾਹੁੰਦੇ, ਬਲਕਿ ਅਸੀਂ ਕਲਮ ਦੀ ਜੰਗ ਨਾਲ ਰੈਫਰੈਂਡਮ ਕਰਵਾ ਕੇ ਰਹਾਂਗੇ”।

 

 

ਓਧਰ ਪਿਛਲੀ 1 ਜੁਲਾਈ ਨੂੰ ਭਾਰਤ ਸਰਕਾਰ ਨੇ ਪੰਨੂੰ ਸਮੇਤ 9 ਵਿਅਕਤੀਆਂ ਨੂੰ ਭਾਰਤ ਵਿਰੋਧੀ ਕਾਰਵਾਈਆਂ ਕਰਨ ਦੇ ਕਥਿਤ ਦੋਸ਼ ਤਹਿਤ ਅੱਤਵਾਦੀ ਵੀ ਐਲਾਨ ਦਿੱਤਾ ਸੀ।