ਪੰਜਾਬ ਪੁਲਿਸ ਤੋਂ ਸੇਵਾਮੁਕਤ ਏਆਈਜੀ (AIG) ਹਰਵਿੰਦਰ ਸਿੰਘ ਡੱਲੀ ਆਪਣਾ ਸਿਆਸੀ ਸਫ਼ਰ ਸ਼ੁਰੂ ਕਰਨ ਜਾ ਰਹੇ ਹਨ। ਸੂਤਰਾਂ ਮੁਤਾਬਕ ਡੱਲੀ ਅੱਜ ਭਾਜਪਾ ’ਚ ਸ਼ਾਮਲ ਹੋ ਸਕਦੇ ਹਨ। ਡੱਲੀ ਨੇ ਜਲੰਧਰ, ਕਪੂਰਥਲਾ ਸਮੇਤ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਸੇਵਾ ਨਿਭਾਈ ਹੈ। ਦੁਆਬਾ ਖੇਤਰ ਵਿੱਚ ਉਨ੍ਹਾਂ ਦਾ ਕਾਫ਼ੀ ਪ੍ਰਭਾਵ ਹੈ।
ਡੱਲੀ ਲੰਬੇ ਸਮੇਂ ਤੋਂ ਜਲੰਧਰ ਵਿੱਚ ADPC ਦੇ ਅਹੁਦੇ ’ਤੇ ਤਾਇਨਾਤ ਸਨ। ਉਨ੍ਹਾਂ ਜਲੰਧਰ ਸ਼ਹਿਰ ਤੇ ਪੇਂਡੂ ਖੇਤਰਾਂ ਵਿੱਚ ਕਈ ਵੱਡੇ ਕੇਸ ਸੰਭਾਲੇ ਹਨ। ਆਖ਼ਰੀ ਵਾਰ ਉਹ ਪੀਏਪੀ (PAP) ਵਿੱਚ ਕਮਾਂਡੈਂਟ ਵਜੋਂ ਤਾਇਨਾਤ ਸਨ। ਹਾਲਾਂਕਿ ਉਨ੍ਹਾਂ ਦੀ ਪੋਸਟ ਐਸਐਸਪੀ (SSP) ਪੱਧਰ ਦੀ ਸੀ।
ਉੱਧਰ ਬੀਤੇ ਦਿਨੀਂ ਜਲੰਧਰ ਤੋਂ ਸਾਬਕਾ ਸੰਸਦ ਮੈਂਬਰ ਦੀ ਪਤਨੀ ਕਰਮਜੀਤ ਕੌਰ ਚੌਧਰੀ ਵੀ ਕਾਂਗਰਸ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋ ਗਏ ਸਨ। ਭਾਜਪਾ ਨੇ ਕਰਮਜੀਤ ਕੌਰ ਚੌਧਰੀ ਨੂੰ ਪਾਰਟੀ ਵਿੱਚ ਸ਼ਾਮਲ ਕਰਕੇ ਕਾਂਗਰਸ ਨੂੰ ਵੱਡਾ ਝਟਕਾ ਦਿੱਤਾ ਸੀ।
ਭਾਜਪਾ ਵਿੱਚ ਸ਼ਾਮਲ ਹੋਣ ਤੋਂ ਬਾਅਦ ਕਰਮਜੀਤ ਕੌਰ ਚੌਧਰੀ ਨੇ ਕਿਹਾ ਸੀ ਕਿ ਉਨ੍ਹਾਂ ਦਾ ਪਤੀ ਕਾਂਗਰਸ ਵਿੱਚ ਸ਼ਹੀਦ ਹੋਇਆ ਸੀ। ਪਰ ਕਾਂਗਰਸ ਨੇ ਇਸ ਸਬੰਧੀ ਕੋਈ ਮੁੱਦਾ ਨਹੀਂ ਚੁੱਕਿਆ, ਜਿਸ ਕਾਰਨ ਉਨ੍ਹਾਂ ਨੂੰ ਭਾਜਪਾ ਵਿੱਚ ਸ਼ਾਮਲ ਹੋਣਾ ਪਿਆ।