Punjab

ਪੰਜਾਬ ‘ਚ 10 ਘੰਟੇ ਦਾ ਸਰਚ ਆਪਰੇਸ਼ਨ !

7 ਸਰਹੱਦੀ ਜ਼ਿਲਿਆਂ ਵਿੱਚ 2500 ਤੋਂ ਵੱਧ ਪੁਲਿਸ ਕਰਮੀਆਂ ਦੀ ਤਾਇਨਾਤੀ ਨਾਲ ਲਗਾਏ 100 ਤੋਂ ਵੱਧ ਨਾਕੇ

‘ਦ ਖ਼ਾਲਸ ਬਿਊਰੋ :- ਪੰਜਾਬ ਪੁਲਿਸ ਨੇ 15 ਅਗਸਤ ਨੂੰ ਸੁਤੰਤਰਤਾ ਦਿਵਸ ਦੇ ਲਈ ਸੁਰੱਖਿਆ ਦੇ ਪੁਖਤਾ ਪ੍ਰਬੰਧ ਕਰ ਲਏ ਹਨ। ਪੁਲਿਸ ਨੇ ਕਿਸੇ ਵੀ ਅਣਸੁਖਾਵੀਂ ਘਟਨਾ ਤੋਂ ਬਚਣ ਲਈ ਸੂਬੇ ਦੇ ਲਗਭਗ ਸਾਰੇ ਜ਼ਿਲ੍ਹਿਆਂ ਵਿੱਚ ਸਰਚ ਅਭਿਆਨ ਸ਼ੁਰੂ ਕਰ ਦਿੱਤਾ ਹੈ। ਪੰਜਾਬ ਪੁਲਿਸ ਨੇ ਬੀਐਸਐਫ ਨਾਲ ਮਿਲ ਕੇ 7 ਜ਼ਿਲ੍ਹਿਆਂ ਵਿੱਚ 24 ਘੰਟੇ 100 ਨਾਕੇ ਲਗਾਉਣ ਦਾ ਫੈਸਲਾ ਕੀਤਾ ਹੈ। ਸੂਬਾ ਪੁਲਿਸ ਨੇ ਇਸ ਮੁਹਿੰਮ ਲਈ 2500 ਸਿਪਾਹੀ ਤਾਇਨਾਤ ਕੀਤੇ ਹਨ।

ਡਰੋਨ ਅਤੇ ਸਰਹੱਦ ਪਾਰੋਂ ਤਸਕਰੀ ਦੀ ਚੁਣੌਤੀ ਨੂੰ ਨੱਥ ਪਾਉਣ ਲਈ ਵਧੀਕ ਡਾਇਰੈਕਟਰ ਜਨਰਲ ਆਫ਼ ਪੁਲਿਸ (ਮਨੁੱਖੀ ਅਧਿਕਾਰ) ਨਰੇਸ਼ ਅਰੋੜਾ ਦੀ ਅਗਵਾਈ ਹੇਠ ਵੀਰਵਾਰ ਨੂੰ ਸਰਚ ਅਭਿਆਨ ਤਹਿਤ ਪੰਜਾਬ ਪੁਲਿਸ ਨੇ ਸੀਮਾ ਸੁਰੱਖਿਆ ਬਲ ਨਾਲ ਮਿਲ ਕੇ ਸੱਤ ਪਿੰਡਾਂ ਵਿੱਚ ਛਾਪੇਮਾਰੀ ਕੀਤੀ।

ਅਰੋੜਾ ਨੇ ਕਿਹਾ ਕਿ ਭਵਿੱਖ ਵਿੱਚ ਵੀ ਅਜਿਹੇ ਆਪ੍ਰੇਸ਼ਨ ਜਾਰੀ ਰਹਿਣਗੇ। ਪੁਲਿਸ ਨੇ ਬੀਐਸਐਫ ਨਾਲ ਮਿਲ ਕੇ ਪਾਕਿਸਤਾਨ ਨਾਲ ਲੱਗਦੀ ਅੰਤਰਰਾਸ਼ਟਰੀ ਸਰਹੱਦ ਦੇ 550 ਕਿਲੋਮੀਟਰ ਦੇ ਅੰਦਰ ਅੰਮ੍ਰਿਤਸਰ ਦਿਹਾਤੀ, ਗੁਰਦਾਸਪੁਰ, ਪਠਾਨਕੋਟ, ਤਰਨਤਾਰਨ, ਫ਼ਿਰੋਜ਼ਪੁਰ, ਫ਼ਾਜ਼ਿਲਕਾ ਅਤੇ ਬਟਾਲਾ ਸਮੇਤ ਪੰਜਾਬ ਦੇ ਸੱਤ ਸਰਹੱਦੀ ਜ਼ਿਲ੍ਹਿਆਂ ਵਿੱਚ ਤਲਾਸ਼ੀ ਮੁਹਿੰਮ ਚਲਾਈ ਹੈ।

ਇਨ੍ਹਾਂ ਜ਼ਿਲ੍ਹਿਆਂ ਵਿੱਚ ਸਰਚ ਅਭਿਆਨ ਦੌਰਾਨ ਆਈਜੀ ਅਤੇ ਡੀਆਈਜੀ ਰੈਂਕ ਦੇ ਅਧਿਕਾਰੀਆਂ ਦੀ ਅਗਵਾਈ ਵਿੱਚ 2500 ਪੁਲੀਸ ਵਾਲੀਆਂ 100 ਦੇ ਕਰੀਬ ਚੌਕੀਆਂ ਸਥਾਪਤ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਡਰੋਨ ਰਾਸ਼ਟਰੀ ਸੁਰੱਖਿਆ ਲਈ ਇੱਕ ਵੱਡੀ ਚੁਣੌਤੀ ਬਣ ਰਹੇ ਹਨ ਕਿਉਂਕਿ ਪਾਕਿਸਤਾਨ ਵਿੱਚ ਦੇਸ਼ ਵਿਰੋਧੀ ਤੱਤ ਦੇਸ਼ ਵਿੱਚ ਸ਼ਾਂਤੀਪੂਰਨ ਮਾਹੌਲ ਨੂੰ ਭੰਗ ਕਰਨ ਲਈ ਵਿਸਫੋਟਕਾਂ, ਨਸ਼ੀਲੇ ਪਦਾਰਥਾਂ, ਹਥਿਆਰਾਂ ਅਤੇ ਗੋਲਾ ਬਾਰੂਦ ਦੀ ਤਸਕਰੀ ਕਰਨ ਲਈ ਤਕਨਾਲੋਜੀ ਦੀ ਵਰਤੋਂ ਕਰ ਰਹੇ ਹਨ। ਅਜਨਾਲਾ ਦੇ ਜਗਦੇਵ ਖੁਰਦ ਨਾਕੇ ‘ਤੇ ਏ.ਡੀ.ਜੀ.ਪੀ. ਨੇ ਕਿਹਾ ਕਿ ਪੰਜਾਬ ਪੁਲਿਸ ਲੋਕਾਂ ਦੀ ਜਾਨ-ਮਾਲ ਦੀ ਰਾਖੀ ਲਈ ਵਚਨਬੱਧ ਹੈ।