Punjab

ਹੁਸ਼ਿਆਰਪੁਰ ’ਚ ਗੁਆਂਢੀਆਂ ਵਿਚਾਲੇ ਖ਼ੂਨੀ ਝੜਪ! 3 ਦੀ ਮੌਤ, 15 ਦਿਨ ਪਹਿਲਾਂ ਵੀ ਝੜਪ ਹੋਈ ਸੀ

ਬਿਉਰੋ ਰਿਪੋਰਟ: ਹੁਸ਼ਿਆਰਪੁਰ ’ਚ ਅੱਜ (9 ਅਕਤੂਬਰ) ਨੂੰ ਦੋ ਗੁੱਟਾਂ ਵਿਚਾਲੇ ਝੜਪ ਹੋਈ ਜਿਸ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ। ਦੋਵਾਂ ਧਿਰਾਂ ਵੱਲੋਂ ਤੇਜ਼ਧਾਰ ਹਥਿਆਰਾਂ ਦੀ ਵਰਤੋਂ ਕੀਤੀ ਗਈ। ਇਹ ਘਟਨਾ ਗੜ੍ਹਸ਼ੰਕਰ ਦੇ ਪਿੰਡ ਮੋਰਾਂਵਾਲੀ ਦੀ ਹੈ। ਐਸਐਸਪੀ ਸੁਰਿੰਦਰ ਲਾਂਬਾ ਅਨੁਸਾਰ ਪਹਿਲਾਂ ਵੀ ਦੋ ਧਿਰਾਂ ਵਿੱਚ ਕਈ ਵਾਰ ਝਗੜਾ ਹੋ ਚੁੱਕਾ ਹੈ, ਕਰੀਬ 15 ਦਿਨ ਪਹਿਲਾਂ ਦੋਵਾਂ ਧਿਰਾਂ ਵਿੱਚ ਝਗੜਾ ਹੋਇਆ ਸੀ, ਹਾਲਾਂਕਿ ਉਸ ਸਮੇਂ ਮਾਮਲਾ ਸੁਲਝਾ ਲਿਆ ਗਿਆ ਸੀ।

ਇਸ ਘਟਨਾ ਵਿੱਚ ਇੱਕ ਧਿਰ ਦੇ ਮਨਪ੍ਰੀਤ ਸਿੰਘ (27), ਸੁਖਤਿਆਰ ਸਿੰਘ (30) ਅਤੇ ਦੀਪ ਸਿੰਘ (28) ਦੀ ਮੌਤ ਹੋ ਗਈ ਹੈ। ਦੂਜੇ ਪਾਸੇ ਗੁਰਪ੍ਰੀਤ ਸਿੰਘ ਉਰਫ਼ ਗੋਪੀ ਗੰਭੀਰ ਜ਼ਖ਼ਮੀ ਹੋ ਗਿਆ ਹੈ। ਝਗੜੇ ਦਾ ਕਾਰਨ ਆਪਸੀ ਰੰਜਿਸ਼ ਦੱਸਿਆ ਜਾ ਰਿਹਾ ਹੈ। ਕਿਉਂਕਿ ਦੋਵੇਂ ਧਿਰਾਂ ਨਸ਼ਾ ਛੁਡਾਊ ਕੇਂਦਰ ਚਲਾਉਂਦੀਆਂ ਹਨ, ਇਸ ਲਈ ਸਮੇਂ-ਸਮੇਂ ’ਤੇ ਦੋਵਾਂ ਵਿਚਾਲੇ ਝਗੜੇ ਹੁੰਦੇ ਰਹਿੰਦੇ ਹਨ। ਇਸ ਮਾਮਲੇ ’ਚ ਕਾਰਵਾਈ ਕਰਦੇ ਹੋਏ ਪੁਲਿਸ ਨੇ 5 ਲੋਕਾਂ ਨੂੰ ਹਿਰਾਸਤ ’ਚ ਲੈ ਲਿਆ ਹੈ। ਜਾਂਚ ਲਈ ਵਿਸ਼ੇਸ਼ ਟੀਮ ਵੀ ਬਣਾਈ ਗਈ ਹੈ।

ਪੂਰਾ ਮਾਮਲਾ

ਸ਼ਨੀਵਾਰ ਨੂੰ ਕਰੀਬ 1.30 ਵਜੇ ਗੁਰਪ੍ਰੀਤ ਸਿੰਘ ਆਪਣੇ ਦੋਸਤਾਂ ਨਾਲ ਘਰੋਂ ਨਿਕਲਿਆ। ਮਨਪ੍ਰੀਤ ਸਿੰਘ ਉਰਫ ਮਨੀ ਦਾ ਘਰ ਵੀ ਉਸ ਦੇ ਘਰ ਤੋਂ ਕਰੀਬ 100 ਮੀਟਰ ਦੀ ਦੂਰੀ ’ਤੇ ਹੈ। ਜਿਵੇਂ ਹੀ ਗੁਰਪ੍ਰੀਤ ਘਰੋਂ ਨਿਕਲਿਆ ਤਾਂ ਮਨਪ੍ਰੀਤ ਵੀ ਘਰ ਛੱਡ ਕੇ ਜਾ ਰਿਹਾ ਸੀ। ਇਸ ਦੌਰਾਨ ਦੋਵੇਂ ਆਹਮੋ-ਸਾਹਮਣੇ ਹੋ ਗਏ ਅਤੇ ਫਿਰ ਕਿਸੇ ਗੱਲ ਨੂੰ ਲੈ ਕੇ ਦੋਵਾਂ ਵਿਚਾਲੇ ਬਹਿਸ ਸ਼ੁਰੂ ਹੋ ਗਈ।

ਝਗੜਾ ਇੰਨਾ ਵੱਧ ਗਿਆ ਕਿ ਗੁਰਪ੍ਰੀਤ ਸਿੰਘ ਆਪਣੇ ਸਾਥੀਆਂ ਸਮੇਤ ਮਨਪ੍ਰੀਤ ਸਿੰਘ ਦੀ ਕੋਠੀ ਵਿੱਚ ਦਾਖ਼ਲ ਹੋ ਗਿਆ ਅਤੇ ਉਸ ਦੀ ਭੰਨਤੋੜ ਕਰਨੀ ਸ਼ੁਰੂ ਕਰ ਦਿੱਤੀ। ਉਨ੍ਹਾਂ ਮਨਪ੍ਰੀਤ ਸਿੰਘ ਪੁੱਤਰ ਬਲਬੀਰ ਸਿੰਘ, ਸੁਖਤਿਆਰ ਸਿੰਘ ਉਰਫ ਸੁੱਖਾ ਪੁੱਤਰ ਜਗਤਾਰ ਸਿੰਘ ਅਤੇ ਸ਼ਰਨਦੀਪ ਸਿੰਘ ਪੁੱਤਰ ਸੁਖਜਿੰਦਰ ਸਿੰਘ ’ਤੇ ਵੀ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ।

ਗੁਰਪ੍ਰੀਤ ਸਿੰਘ ਨੇ ਮਨਪ੍ਰੀਤ ਸਿੰਘ ਅਤੇ ਉਸ ਦੇ ਸਾਥੀਆਂ ਦੀ ਕੁੱਟਮਾਰ ਕਰਨ ਤੋਂ ਬਾਅਦ ਘਰ ਦੇ ਬਾਹਰ ਖੜ੍ਹੇ ਦੋ ਬਾਈਕ ਨੂੰ ਵੀ ਨੁਕਸਾਨ ਪਹੁੰਚਾਇਆ। ਜਿਸ ਤੋਂ ਬਾਅਦ ਉਹ ਸਾਥੀਆਂ ਸਮੇਤ ਉਥੋਂ ਫਰਾਰ ਹੋ ਗਿਆ।

ਝੜਪ ਤੋਂ ਬਾਅਦ ਗੰਭੀਰ ਜ਼ਖ਼ਮੀ ਲੋਕਾਂ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਤਿੰਨਾਂ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਝੜਪ ਵਿੱਚ ਦੂਜੇ ਗਰੁੱਪ ਦਾ ਗੁਰਪ੍ਰੀਤ ਸਿੰਘ ਉਰਫ਼ ਗੋਪੀ ਵੀ ਜ਼ਖ਼ਮੀ ਹੋ ਗਿਆ। ਪਹਿਲਾਂ ਉਸ ਨੂੰ ਸਿਵਲ ਹਸਪਤਾਲ ਗੜ੍ਹਸ਼ੰਕਰ ਲਿਜਾਇਆ ਗਿਆ, ਜਿੱਥੋਂ ਡਾਕਟਰਾਂ ਨੇ ਉਸ ਨੂੰ ਪੀਜੀਆਈ ਰੈਫਰ ਕਰ ਦਿੱਤਾ।