Punjab

ਬੈਂਕ ’ਚ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਮੁਲਾਜ਼ਮ ਹੀ ਨਿਕਲੇ! ਲੱਖਾਂ ਦਾ ਕੈਸ਼ ਵੀ ਬਰਾਮਦ

ਬਿਉਰੋ ਰਿਪੋਰਟ: ਅੰਮ੍ਰਿਤਸਰ ਵਿੱਚ ਬੀਤੇ ਦਿਨੀ ਪੰਜਾਬ ਨੈਸ਼ਨਲ ਬੈਂਕ (Punjab National Bank) ਵਿੱਚ 5 ਲੱਖ ਦੀ ਲੁੱਟ ਹੋਈ ਸੀ ਜਿਸ ਦੀਆਂ ਤਸਵੀਰਾਂ ਸੀਸੀਟੀਵੀ (CCTV) ਵਿੱਚ ਕੈਦ ਹੋਈਆਂ ਸਨ। ਹੁਣ ਪੁਲਿਸ ਨੇ ਇਸ ਨੂੰ ਸੁਲਝਾਉਣ ਦਾ ਦਾਅਵਾ ਕੀਤਾ ਹੈ। ਡੀਜੀਪੀ ਗੌਰਵ ਯਾਦਵ (DGP Gaurav Yadav) ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ‘X’ ’ਤੇ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ।

ਡੀਜੀਪੀ ਗੌਰਵ ਯਾਦਵ ਨੇ ਲਿਖਿਆ ਹੈ ਕਿ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ 24 ਘੰਟਿਆਂ ਦੇ ਅੰਦਰ ਪੰਜਾਬ ਨੈਸ਼ਨਲ ਬੈਂਕ ਦੀ ਲੁੱਟ ਦੀ ਗੁੱਥੀ ਨੂੰ ਸੁਲਝਾਉਂਦੇ ਹੋਏ ਦੋਵਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਉਨ੍ਹਾਂ ਕੋਲੋ ਲੁੱਟ ਦੇ 5 ਲੱਖ 12 ਹਜ਼ਾਰ ਰੁਪਏ ਵੀ ਬਰਾਮਦ ਕਰ ਲਏ ਹਨ। ਹੁਣ ਤੱਕ ਦੀ ਜਾਂਚ ਤੋਂ ਪਤਾ ਲੱਗਾ ਹੈ ਕਿ ਲੁੱਟ ਦੀ ਵਾਰਦਾਤ ਉਤਕਰਸ਼ ਸਮਾਲ ਫਾਈਨਾਂਸ ਬੈਂਕ ਦੇ ਸੁਰੱਖਿਆ ਗਾਰਡ ਰਵਨੀਤ ਸਿੰਘ ਨੇ ਅਭੈ ਕੁਮਾਰ ਨਾਲ ਮਿਲ ਕੇ ਕੀਤੀ ਗਈ ਸੀ।

ਦੱਸ ਦੇਈਏ ਅੰਮ੍ਰਿਤਸਰ ’ਚ ਬੀਤੇ ਦਿਨ ਬੰਦੂਕ ਦੀ ਨੋਕ ’ਤੇ 2 ਨਕਾਬਪੋਸ਼ ਲੁਟੇਰੇ ਬੈਂਕ ਵਿੱਚ ਦਾਖ਼ਲ ਹੋਏ ਅਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਸੀ। ਸੀਸੀਟੀਵੀ ਅਤੇ ਬੈਂਕ ਮੁਲਾਜ਼ਮਾਂ ਦੇ ਬਿਆਨਾਂ ਦੇ ਆਧਾਰ ’ਤੇ ਪੁਲਿਸ ਨੇ ਜਾਂਚ ਕੀਤੀ ਹੈ।