Punjab

ਪੰਜਾਬ ਦੇ ਵਿਧਾਇਕਾਂ ਨੇ ਤੋੜੇ ਭੱਤੇ ਲੈਣ ਦੇ ਰਿਕਾਰਡ, RTI ‘ਚ ਖੁਲਾਸਾ

ਪੰਜਾਬ ਦੇ ਵਿਧਾਇਕਾਂ ਵੱਲੋਂ ਟੀਏ/ਡੀਏ ਭੱਤੇ ਲੈਣ ਦੇ ਮਾਮਲੇ ‘ਚ ਵੱਡਾ ਖੁਲਾਸਾ ਹੋਇਆ ਹੈ। ਸੂਚਨਾ ਦੇ ਅਧਿਕਾਰ (RTI) ਰਾਹੀਂ ਪਤਾ ਲੱਗਾ ਹੈ ਕਿ ਵਿਧਾਇਕ ਵਿਧਾਨ ਸਭਾ ਕਮੇਟੀਆਂ ਦੀਆਂ ਮੀਟਿੰਗਾਂ ਤੇ ਸਰਕਾਰੀ ਸਮਾਗਮਾਂ ਲਈ ਪ੍ਰਾਈਵੇਟ ਵਾਹਨ ਵਰਤਣ ਦਾ ਦਾਅਵਾ ਕਰਕੇ ਭੱਤੇ ਵਸੂਲ ਰਹੇ ਹਨ, ਜਦਕਿ ਸਰਕਾਰ ਵੱਲੋਂ ਅਲਾਟ ਕੀਤੀਆਂ ਗੱਡੀਆਂ ਨੂੰ ਸਿਰਫ਼ ਸਕਿਓਰਟੀ ਵਜੋਂ ਨਾਲ ਚਲਾਉਂਦੇ ਹਨ।

ਸਰਕਾਰੀ ਗੱਡੀਆਂ ਦਾ ਤੇਲ ਤੇ ਖਰਚਾ ਟਰਾਂਸਪੋਰਟ ਵਿਭਾਗ ਵੱਖਰੇ ਤੌਰ ‘ਤੇ ਚੁੱਕਦਾ ਹੈ। ਨਿਯਮਾਂ ਅਨੁਸਾਰ ਪ੍ਰਾਈਵੇਟ ਵਾਹਨ ਲਈ ਪ੍ਰਤੀ ਕਿਲੋਮੀਟਰ 15 ਰੁਪਏ ਤੇ ਰੋਜ਼ਾਨਾ 1500 ਰੁਪਏ ਡੀਏ ਮਿਲਦਾ ਹੈ। ਚੰਡੀਗੜ੍ਹ ਮੀਟਿੰਗ ਲਈ ਇੱਕ ਦਿਨ ਪਹਿਲਾਂ ਤੇ ਬਾਅਦ ਵਾਲਾ ਡੀਏ ਵੀ ਲਿਆ ਜਾਂਦਾ ਹੈ।

2022-23 ਤੋਂ 2024-25 ਦੌਰਾਨ ਸਭ ਤੋਂ ਵੱਧ ਭੱਤਾ ਕਾਂਗਰਸ ਵਿਧਾਇਕ ਸੁਖਵਿੰਦਰ ਸਿੰਘ ਨੇ 15.17 ਲੱਖ ਰੁਪਏ ਲਿਆ। ਦੂਜੇ ਨੰਬਰ ‘ਤੇ ਆਪ ਦੇ ਜਗਸੀਰ ਸਿੰਘ (ਭੁੱਚੋ ਮੰਡੀ) ਨੇ 12.30 ਲੱਖ, ਅਮਿਤ ਰਤਨ ਕੋਟਫੱਤਾ ਨੇ 10.64 ਲੱਖ, ਅਮੋਲਕ ਸਿੰਘ ਨੇ 10.28 ਲੱਖ ਤੇ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ 10.08 ਲੱਖ ਰੁਪਏ ਵਸੂਲ ਕੀਤੇ।

ਪਬਲਿਕ ਐਕਸ਼ਨ ਕਮੇਟੀ ਦੇ ਡਾ. ਅਮਨਦੀਪ ਸਿੰਘ ਬੈਂਸ ਨੇ ਕਿਹਾ ਕਿ ਵਿਧਾਇਕ ਅਸਲ ‘ਚ ਸਰਕਾਰੀ ਗੱਡੀ ਹੀ ਵਰਤਦੇ ਹਨ ਪਰ ਪ੍ਰਾਈਵੇਟ ਵਾਹਨ ਦਾ ਭੱਤਾ ਵੀ ਕਲੇਮ ਕਰ ਲੈਂਦੇ ਹਨ। ਉਨ੍ਹਾਂ ਨੇ ਮਾਮਲੇ ਦੀ ਜਾਂਚ ਦੀ ਮੰਗ ਕੀਤੀ ਹੈ।

ਦੂਜੇ ਪਾਸੇ, ਕਪੂਰਥਲਾ ਤੋਂ ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਸਿੰਘ ਤੇ ਉਨ੍ਹਾਂ ਦੇ ਪੁੱਤਰ ਰਾਣਾ ਇੰਦਰ ਪ੍ਰਤਾਪ ਸਿੰਘ (ਸੁਲਤਾਨਪੁਰ ਲੋਧੀ) ਨੇ ਤਿੰਨ ਸਾਲਾਂ ‘ਚ ਜ਼ੀਰੋ ਭੱਤਾ ਲਿਆ। ਘੱਟ ਭੱਤੇ ਲੈਣ ਵਾਲਿਆਂ ‘ਚ ਅਸ਼ਵਨੀ ਸ਼ਰਮਾ, ਗੁਰਲਾਲ ਘਨੌਰ, ਮਨਪ੍ਰੀਤ ਇਆਲੀ ਤੇ ਪਰਗਟ ਸਿੰਘ ਵਰਗੇ ਵਿਧਾਇਕ ਸ਼ਾਮਲ ਹਨ।