Punjab

ਕੇਜਰੀਵਾਲ ਦਾ ‘ਆਪ’ ਪੰਜਾਬ ਨੂੰ ਚੁੱਲ੍ਹੇ ਨਿਉਂਦਾ

‘ਦ ਖ਼ਾਲਸ ਬਿਊਰੋ (ਕਮਲਜੀਤ ਸਿੰਘ ਬਨਵੈਤ / ਪੁਨੀਤ ਕੌਰ) : ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਪੰਜਾਬ ਦੇ ਵਿਧਾਇਕਾਂ ਸਮੇਤ ਪੂਰੀ ਲੀਡਰਸ਼ਿਪ ਨੂੰ ਚੁੱਲ੍ਹੇ ਨਿਉਂਦੇ ਉੱਤੇ ਸੱਦ ਲਿਆ ਗਿਆ ਹੈ। ਆਪ ਦੇ ਸੁਪਰੀਮੋ ਨੇ ਕੇਵਲ ਪੰਜਾਬ ਦੇ ਵਿਧਾਇਕਾਂ ਨੂੰ ਹੀ ਨਹੀਂ ਸੱਦਿਆ ਸਗੋਂ ਪਾਰਟੀ ਦੇ ਜ਼ਿਲ੍ਹਾ ਪ੍ਰਧਾਨਾਂ, ਪੰਚਾਂ, ਸਰਪੰਚਾਂ, ਕੌਂਸਲਰਾਂ ਅਤੇ ਪਾਰਟੀ ਦੇ ਹੱਥ ਫੜਨ ਵਾਲੇ ਨਵੇਂ ਵਲੰਟੀਅਰਾਂ ਨੂੰ ਵੀ ਸੱਦਿਆ ਹੈ। ਪਾਰਟੀ ਦੇ ਅੱਤ ਅੰਦਰਲੇ ਭਰੋਸੇਯੋਗ ਸੂਤਰ ਦੱਸਦੇ ਹਨ ਕਿ ਦਿੱਲੀ ਤੋਂ ਇੱਕ ਹਫ਼ਤਾ ਪਹਿਲਾਂ ਹੀ ਪੰਜਾਬ ਦੇ ਜ਼ਿਲ੍ਹਾ ਪ੍ਰਧਾਨਾਂ ਨੂੰ 18 ਸਤੰਬਰ ਦੀ ਮੀਟਿੰਗ ਬਾਰੇ ਸੁਨੇਹੇ ਲਾ ਦਿੱਤੇ ਗਏ ਸਨ। ਸੂਤਰ ਇਹ ਵੀ ਦਾਅਵਾ ਕਰਦੇ ਹਨ ਕਿ ਇਸ ਦਿਨ ਆਪ ਪੰਜਾਬ ਦੀ ਕਲਾਸ ਨਹੀਂ ਲਾਈ ਜਾਵੇਗੀ ਸਗੋਂ ਪਲੋਸਿਆ ਜਾਵੇਗਾ ਅਤੇ ਆਉ ਭਗਤ ਵਿੱਚ ਕੋਈ ਕਸਰ ਨਹੀਂ ਛੱਡੀ ਜਾਵੇਗੀ। ਮੁਹਾਲੀ ਦੇ ਇੱਕ ਵਿਧਾਇਕ ਨੇ ਜ਼ਿਲ੍ਹਾ ਪ੍ਰਧਾਨ ਵੱਲੋਂ ਪਾਰਟੀ ਦੇ ਸੱਦੇ ਲਈ ਸ਼ਨਾਖਤੀ ਕਾਰਡ ਜਾਰੀ ਕਰਨ ਦੀ ਜਾਣਕਾਰੀ ਸਾਂਝੀ ਕੀਤੀ ਹੈ।

ਸੂਤਰ ਦਾਅਵਾ ਕਰਦੇ ਹਨ ਕਿ ਅਰਵਿੰਦ ਕੇਜਰੀਵਾਲ ਆਪਣੇ ਸੰਬੋਧਨ ਵਿੱਚ ਪਾਰਟੀ ਦੇ ਨੇਤਾਵਾਂ ਅਤੇ ਵਲੰਟੀਅਰਾਂ ਨੂੰ ਸਿੱਧੇ ਜਾਂ ਅਸਿੱਧੇ ਢੰਗ ਵਿੱਚ ਸਿਆਸਤ ਦਾ ਪਾਠ ਤਾਂ ਪੜਾਉਣਗੇ ਹੀ ਪਰ ਨਾਲ ਦੀ ਨਾਲ ਉਨ੍ਹਾਂ ਤੋਂ ਪੰਜਾਬ ਦੇ ਭਲੇ ਲਈ ਸੁਝਾਅ ਵੀ ਮੰਗੇ ਜਾਣਗੇ। ਸੂਤਰਾਂ ਨੇ ਦਾਅਵਾ ਕੀਤਾ ਹੈ ਕਿ 18 ਸਤੰਬਰ ਦੀ ਦਿੱਲੀ ਮੀਟਿੰਗ ਦਾ ਭਾਜਪਾ ਦੇ ਆਪਰੇਸ਼ਨ ਲੋਟਸ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਪਾਰਟੀ ਦੇ ਮਾਝਾ ਦੇ ਇੱਕ ਵਿਧਾਇਕ ਨੇ ਆਪਣਾ ਨਾਮ ਨਾ ਛਾਪਣ ਦੀ ਸ਼ਰਤ ਉੱਤੇ ਦੱਸਿਆ ਕਿ ਹੈੱਡ ਦਫ਼ਤਰ ਵੱਲੋਂ ਜ਼ਿਲ੍ਹਾ ਪ੍ਰਧਾਨਾਂ ਨੂੰ ਮੀਟਿੰਗ ਦੀ ਸੂਚਨਾ ਦਿੱਤੀ ਗਈ ਹੈ ਜਿਹੜੀ ਕਿ ਪਾਰਟੀ ਦੇ ਪ੍ਰੋਟੋਕਾਲ ਹੈ।

ਪਾਰਟੀ ਦੇ ਇੱਕ ਸੀਨੀਅਰ ਨੇਤਾ ਨੇ ਆਪਣਾ ਨਾਂ ਲੁਕੋ ਕੇ ਰੱਖਣ ਦੀ ਸ਼ਰਤ ਉੱਤੇ ਦੱਸਿਆ ਕਿ ਭਾਜਪਾ ਦੇ ਲੋਟਸ ਆਪਰੇਸ਼ਨ ਤੋਂ ਆਮ ਆਦਮੀ ਪਾਰਟੀ ਦੇ ਸੁਪਰੀਮੋ ਕਿਸੇ ਹੱਦ ਤੱਕ ਅੰਦਰੋਂ ਡਰੇ ਜ਼ਰੂਰ ਹੋਏ ਹਨ। ਇਸ ਕਰਕੇ ਪੰਜਾਬ ਲੀਡਰਸ਼ਿਪ ਦੇ ਹੌਂਸਲੇ ਬੁਲੰਦ ਕਰਨ ਦੀ ਯੋਜਨਾ ਬਣਾਈ ਗਈ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਇਸ ਮੌਕੇ ਹਿਮਾਚਲ ਅਤੇ ਗੁਜਰਾਤ ਦੀਆਂ ਵਿਧਾਨ ਸਭਾ ਚੋਣਾਂ ਬਾਰੇ ਵੀ ਵਲੰਟੀਅਰਾਂ ਨੂੰ ਪ੍ਰੇਰਿਆ ਜਾਵੇਗਾ ਅਤੇ ਹੁਣ ਤੋਂ ਹੀ ਡਟਣ ਦੀ ਨਸੀਹਤ ਦਿੱਤੀ ਜਾਵੇਗੀ।

ਦਿਲਚਸਪ ਗੱਲ ਇਹ ਹੈ ਕਿ ਆਮ ਆਦਮੀ ਪਾਰਟੀ ਦੇ ਇੱਕ ਵਿਧਾਇਕ ਜਿਹੜੇ ਕਿ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਵਫ਼ਦ ਵਿੱਚ ਪੰਜਾਬ ਦੇ ਪੁਲਿਸ ਮੁਖੀ ਗੌਰਵ ਯਾਦਵ ਨੂੰ ਮਿਲਣ ਗਏ ਸਨ,  ਨੇ ਭਾਜਪਾ ਦੇ ਆਪਰੇਸ਼ਨ ਲੋਟਸ ਦੀ ਅੰਦਰਲੀ ਗੱਲ ਸਾਂਝੀ ਕਰਦਿਆਂ ਕਿਹਾ ਕਿ ਭਾਜਪਾ ਸਮੇਤ ਦੂਜੀਆਂ ਪਾਰਟੀਆਂ ਦੇ ਚੋਗਾ ਪਾਉਣ ਦੇ ਫੋਨ ਰੁਟੀਨ ਦੀ ਗੱਲ ਹੈ। ਉਨ੍ਹਾਂ ਨੇ ਇੱਕ ਹੋਰ ਅੰਦਰਲੀ ਗੱਲ ਸਾਂਝੀ ਕਰਦਿਆਂ ਕਿਹਾ ਕਿ ਭਾਜਪਾ ਦੀ ਅੱਖ ਆਪ ਦੇ ਵਿਧਾਇਕਾਂ ਜਾਂ ਉੱਪਰਲੀ ਕਤਾਰ ਦੇ ਨੇਤਾਵਾਂ ਵੱਲ ਘੱਟ ਹੈ ਸਗੋਂ ਉਹ ਤਾਂ ਉਨ੍ਹਾਂ ਦੇ ਨੇੜਕੂਆਂ ਉੱਤੇ ਡੋਰੇ ਪਾਉਣ ਨੂੰ ਪਹਿਲ ਦੇ ਰਹੇ ਹਨ। ਉਨ੍ਹਾਂ ਨੇ ਤੌਖਲੇ ਵਿੱਚ ਆ ਕੇ ਇੱਥੋਂ ਤੱਕ ਕਹਿ ਦਿੱਤਾ ਕਿ ਉਹ 10 ਕਰੋੜ ਦੀ ਕੀਮਤ ਵਾਲੇ 30-35 ਕਿੱਲਿਆਂ ਦੇ ਮਾਲਕ ਹਨ। ਇਸ ਕਰਕੇ ਉਹ ਭਾਜਪਾ ਦੇ 25 ਕਰੋੜ ਬਦਲੇ ਵਿਕਣ ਵਾਲੇ ਨਹੀਂ ਹਨ।

ਉਂਝ, ਆਮ ਆਦਮੀ ਪਾਰਟੀ ਵੱਲੋਂ ਪਾਰਟੀ ਦੇ ਵਿਧਾਇਕਾਂ ਨੂੰ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਿਲ ਕੀਤੇ ਜਾਣ ਬਦਲੇ ਦਿੱਤੀ ਜਾਣ ਵਾਲੀ 1375 ਕਰੋੜ ਦੀ ਰਕਮ ਬਾਰੇ ਕੋਈ ਠੋਸ ਸਬੂਤ ਸਾਹਮਣੇ ਨਹੀਂ ਆ ਸਕੇ ਹਨ ਅਤੇ ਨਾ ਹੀ ਪਾਰਟੀ ਵੱਲੋਂ  ਵਿਧਾਇਕਾਂ ਨੂੰ ਫੋਨ ਕਰਨ ਵਾਲਿਆਂ ਬਾਰੇ ਜਾਣਕਾਰੀ ਦਿੱਤੀ ਗਈ ਹੈ। ਉਂਝ, ਆਪ ਦੇ ਵਫ਼ਦ ਦੀ ਸ਼ਿਕਾਇਤ ਉੱਤੇ ਪੰਜਾਬ ਪੁਲਿਸ ਨੇ ਐੱਫਆਈਆਰ ਦਰਜ ਜ਼ਰੂਰ ਕਰ ਲਈ ਹੈ।