Punjab

ਬਾਹਰਲੇ ਸੂਬਿਆਂ ‘ਚ ਫਸੇ ਪੰਜਾਬੀ ਮਜ਼ਦੂਰਾਂ ਨੇ ਪੈਦਲ ਹੀ ਪੰਜਾਬ ਨੂੰ ਪਾਏ ਚਾਲੇ, ਕਿਸੇ ਨੇ ਸਾਰ ਨੀ ਲਈ

‘ਦ ਖ਼ਾਲਸ ਬਿਊਰੋ :- ਪੰਜਾਬ ਤੋਂ ਬਾਹਰ ਦੇ ਹੋਰਾਂ ਸੂਬਿਆਂ ਵਿੱਚ ਕੰਮ ਕਰਨ ਗਏ ਪੰਜਾਬੀ ਮਜ਼ਦੂਰਾਂ ਦੀ ਸਾਰ ਸੂਬਾ ਸਰਕਾਰ ਅਜੇ ਤੱਕ ਨਹੀਂ ਲੈ ਰਹੀ। ਮੱਧ ਪ੍ਰਦੇਸ਼ ਦੇ ਰੀਵਾ ਜ਼ਿਲ੍ਹੇ ਦੇ ਪਿੰਡ ਹਨੌਤੀ ਤੋਂ ਲਾਕਡਾਊਨ ਤੋਂ ਅੱਕੇ ਅੱਧੀ ਦਰਜਨ ਮਜ਼ਦੂਰ ਪੈਦਲ ਹੀ ਚੱਲ ਪਏ ਹਨ ਜੋ ਕੁੱਝ ਸਫ਼ਰ ਟਰੱਕਾਂ ਰਾਹੀਂ ਕਰ ਕੇ ਹੁਣ ਉਤਰ ਪ੍ਰਦੇਸ਼ ਦੇ ਕਾਨਪੁਰ ਸ਼ਹਿਰ ਪਹੁੰਚ ਗਏ ਹਨ।

ਲਾਕਡਾਊਨ ਤੋਂ ਬਾਅਦ ਸਰਕਾਰ ਨੇ ਭਾਰੀ ਦਬਾਅ ਹੇਠ ਬਹੁਤ ਦੇਰੀ ਨਾਲ ਪਰਵਾਸੀ ਮਜ਼ਦੂਰਾਂ ਨੂੰ ਆਪੋ ਆਪਣੇ ਰਾਜਾਂ ਤੱਕ ਪਹੁੰਚਾਉਣ ਲਈ ਵਿਸ਼ੇਸ਼ ਰੇਲ ਗੱਡੀਆਂ ਚਲਾਉਣ ਦਾ ਫੈਸਲਾ ਕੀਤਾ ਹੈ। ਵਿਦੇਸ਼ਾਂ ਵਿੱਚ ਫਸੇ ਭਾਰਤੀਆਂ ਨੂੰ ਲਿਆਉਣ ਲਈ ਵਿਸ਼ੇਸ਼ ਉਡਾਨਾਂ ਦਾ ਬੰਦੋਬਸਤ ਹੈ। ਇਨ੍ਹਾਂ ਨੂੰ ਲਿਆਉਣ ਲਈ ਸਰਕਾਰ ਖੁਦ ਪੈਸਾ ਖਰਚਣ ਲਈ ਤਿਆਰ ਨਹੀਂ ਹੈ। ਪਰਵਾਸੀ ਕਿਰਤੀਆਂ ਦੇ ਖ਼ਰਚੇ ਹੁਣ ਸੂਬਾ ਸਰਕਾਰਾਂ ਉਠਾਉਣ ਲੱਗੀਆਂ ਹਨ ਪਰ ਪੰਜਾਬ ਦੇ ਹੋਰਾਂ ਸੂਬਿਆਂ ਵਿੱਚ ਫਸੇ ਕਿਰਤੀਆਂ ਨੂੰ ਵਾਪਸ ਲਿਆਉਣ ਲਈ ਕੋਈ ਠੋਸ ਨੀਤੀ ਨਹੀਂ ਹੈ।

ਪਟਿਆਲਾ ਜ਼ਿਲ੍ਹੇ ਦੇ ਪਿੰਡ ਭੜੀ ਪਨੈਚਾਂ ਦੇ ਕਿਰਤੀ ਬੂਟਾ ਸਿੰਘ ਨੇ ਦੱਸਿਆ ਕਿ ਉਹ ਹਾਰ ਸਾਲ ਹੀ ਕੰਬਾਈਨਾਂ ਚਲਾਉਣ ਮੱਧ ਪ੍ਰਦੇਸ਼ ਜਾਂਦੇ ਸਨ। ਉਹ ਲਾਕਡਾਊਨ ਕਰਕੇ ਉਥੇ ਹੀ ਫਸ ਗਏ। ਕੁੱਝ ਦੇਰ ਮਾਲਕ ਨੇ ਪੈਸੇ ਦੇਣ ਵਿੱਚ ਲਗਾ ਦਿੱਤੀ। ਉਨ੍ਹਾਂ ਨਾਲ ਭੜੀ ਪਨੈਚਾਂ ਤੋਂ ਹੀ ਜਗਜੀਤ ਸਿੰਘ ਚੋਬਰ, ਖਿਜ਼ਰਪੁਰ ਪਿੰਡ ਤੋਂ ਗੁਰਚਰਨ ਸਿੰਘ, ਨਾਹਰ ਸਿੰਘ, ਸਦੀਕ ਮੁਹੰਮਦ ਅਤੇ ਇੱਕ ਹੋਰ ਕਿਰਤੀ ਸੀ ਜੋ ਤੰਗ ਆ ਕੇ ਆਖਰ ਪੈਦਲ ਹੀ ਚੱਲ ਪਏ। ਮੱਧ ਪ੍ਰਦੇਸ਼ ਤੋਂ ਯੂਪੀ ਦੇ ਕਿਰਤੀਆਂ ਨੂੰ ਲੈ ਕੇ ਬੱਸਾਂ ਆ ਰਹੀਆਂ ਸਨ। ਕੁੱਝ ਪੁਲੀਸ ਮੁਲਾਜ਼ਮਾਂ ਨੇ ਉਨ੍ਹਾਂ ਨੂੰ ਅਲਾਹਾਬਾਦ ਤੱਕ ਬੱਸ ਵਿੱਚ ਬਿਠਾ ਦਿੱਤਾ। ਉੱਥੇ ਇੱਕ ਸਕੂਲ ਵਿੱਚ ਉਨ੍ਹਾਂ ਦੇ ਟੈਸਟ ਵੀ ਹੋਏ। ਯੂਪੀ ਪੁਲੀਸ ਦੇ ਹੀ ਇੱਕ ਨਾਕੇ ’ਤੇ ਪੁਲੀਸ ਮੁਲਾਜ਼ਮਾਂ ਨੇ ਰੋਟੀ ਵੀ ਖਵਾਈ ਅਤੇ ਟਰੱਕ ਵਿੱਚ ਬਿਠਾ ਦਿੱਤਾ ਅਤੇ ਟਰੱਕ ਵਾਲਿਆਂ ਨੂੰ ਕਿਹਾ ਕਿ ਉਨ੍ਹਾਂ ਤੋਂ ਕੋਈ ਪੈਸਾ ਵਸੂਲ ਨਾ ਕਰਨ।

ਉਨ੍ਹਾਂ ਲਗਪਗ 80 ਕਿਲੋਮੀਟਰ ਪੈਦਲ ਯਾਤਰਾ ਕੀਤੀ। ਇੱਕ ਹੋਰ ਕਿਰਤੀ ਪਟਿਆਲਾ ਜ਼ਿਲ੍ਹੇ ਦੇ ਹੀ ਫੱਗਣ ਮਾਜਰਾ ਪਿੰਡ ਤੋਂ ਉਨ੍ਹਾਂ ਨਾਲ ਮਿਲ ਗਿਆ। ਉਨ੍ਹਾਂ ਨਾਲ ਦੇ ਚਾਰ ਜਣੇ ਵੱਖ ਹੋ ਗਏ। ਉਨ੍ਹਾਂ ਦੇ ਹੁਣ ਮੋਬਾਈਲ ਬੰਦ ਆ ਰਹੇ ਹਨ। ਬੂਟਾ ਸਿੰਘ ਨੇ ਕਿਹਾ ਕਿ ਉਹ ਥੱਕੇ ਹੋਏ ਹਨ ਅਤੇ ਕੁੱਝ ਦੇਰ ਆਰਾਮ ਕਰਕੇ ਮੁੜ ਮੇਰਠ ਰੋਡ ਵੱਲ ਪੈਦਲ ਚੱਲਣਗੇ।