ਬਿਉਰੋ ਰਿਪੋਰਟ : ਪੂਰੇ ਪੰਜਾਬ ਵਿੱਚ ਜ਼ਬਰਦਸਤ ਮੀਂਹ ਅਤੇ ਹਵਾਵਾਂ ਤੋਂ ਬਾਅਦ ਹੁਣ ਗੜੇਮਾਰੀ ਵੀ ਸ਼ੁਰੂ ਹੋ ਗਈ ਹੈ । ਹੁਸ਼ਿਆਰਪੁਰ ਦੇ ਮੁਕੇਰੀਆਂ,ਜਲੰਧਰ ਵਿੱਚ ਗੜੇਮਾਰੀ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ । ਇਸ ਤੋਂ ਇਲਾਵਾ ਮਾਨਸਾ, ਸੰਗਰੂਰ , ਬਰਨਾਲਾ, ਪਟਿਆਲਾ, ਬਠਿੰਡਾ, ਫਾਜ਼ਿਲਕਾ , ਸ਼੍ਰੀ ਮੁਕਤਸਰ ਸਾਹਿਬ, ਫਰੀਦਕੋਟ, ਤਰਨ ਤਾਰਨ, ਮੋਗਾ, ਫਿਰੋਜ਼ਪੁਰ, ਵਿੱਚ ਵੀ ਗੜੇਮਾਰੀ ਦੇ ਨਾਲ 50- 60 ਕਿਲੋਮੀਟਰ ਦੀ ਰਫਤਾਰ ਦੇ ਨਾਲ ਤੇਜ਼ ਹਵਾਵਾਂ ਚੱਲੀਆਂ ਹਨ । ਉਧਰ ਹਿਮਾਚਲ ਦੇ ਮਨਾਲੀ ਸ਼ਹਿਰ ਵਿੱਚ ਐਵਨਾਂਚ ਨਾਲ ਵੱਡਾ ਹਾਦਸਾ ਹੋਇਆ ਹੈ ।
ਮਨਾਲੀ ਸੋਲੰਗਨਾਲਾ ਸੜਕ ਕੇ ਕਈ ਗੱਡੀਆਂ ਪਲਟ ਗਈਆਂ । ਇਸ ਵਿੱਚ ਕਿਸੇ ਦੇ ਜਖਮੀ ਹੋਣ ਦੀ ਖਬਰ ਨਹੀਂ ਹੈ । ਹਾਲਾਂਕਿ ਮਲਬੇ ਦੀ ਵਜ੍ਹਾ ਕਰਕੇ ਸੜਕ ਆਵਾਜਾਹੀ ਪੂਰੀ ਤਰ੍ਹਾਂ ਨਾਲ ਠੱਪ ਹੋ ਗਈ ਹੈ । ਹਿਮਾਚਲ ਅਤੇ ਜੰਮੂ-ਕਸ਼ਮੀਰ ਵਿੱਚ 24 ਘੰਟਿਆਂ ਤੋਂ ਬਰਫਬਾਰੀ ਹੋ ਰਹੀ ਹੈ । ਰਾਜੌਰੀ ਜ਼ਿਲ੍ਹੇ ਦੇ ਸਾਰੇ ਸਕੂਲ ਬੰਦ ਹਨ । ਸ੍ਰੀਨਗਰ-ਜੰਮੂ ਨੈਸ਼ਨਲ ਹਾਈਵੇ ਬੰਦ ਹੋ ਗਿਆ ਹੈ । ਬਰਫਬਾਰੀ ਦੀ ਵਜ੍ਹਾ ਕਰਕੇ ਸ੍ਰੀਨਗਰ- ਲੇਹ,ਮੁਗਲ ਰੋਡ,ਕਿਸ਼ਤਵਾੜ,ਬਾਂਦੀਪੋਰਾ,ਗੁਰੇਜ ਅਤੇ ਕੁਪਵਾੜੀ ਦੀਆਂ ਸੜਕਾਂ ਬੰਦ ਹੋ ਗਈਆਂ ਹਨ ।
ਉੱਤਰ ਭਾਰਤ ਦੇ 14 ਸੂਬਿਆਂ ਵਿੱਚ ਮੀਂਹ ਪੈ ਰਿਹਾ ਹੈ । ਦਿੱਲੀ ਵਿੱਚ ਸਵੇਰ ਵੇਲੇ ਤੇਜ਼ ਮੀਂਹ ਪਿਆ ਹੈ ਅਤੇ ਹੁਣ 50 ਕਿਲੋਮੀਟਰ ਦੀ ਰਫਤਾਰ ਦੇ ਨਾਲ ਤੇਜ਼ ਹਵਾਵਾਂ ਚੱਲ ਰਹੀਆਂ ਹਨ ।