ਬਿਊਰੋ ਰਿਪੋਰਟ : ਪੰਜਾਬ ਵਿੱਚ ਸੀਐੱਮ ਦੀ ਯੋਗਸ਼ਾਲਾ ਸ਼ੁਰੂ ਹੋ ਗਈ ਹੈ, ਮੁੱਖ ਮੰਤਰੀ ਭਗਵੰਤ ਮਾਨ ਅਤੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਇਸ ਦੀ ਸ਼ੁਰੂਆਤ ਕੀਤੀ ਹੈ । ਦਾਅਵਾ ਕੀਤਾ ਗਿਆ ਹੈ ਕਿ ਇਹ ਸਿਹਤਮੰਦ,ਗਤੀਸ਼ੀਲ,ਖੁਸ਼ਹਾਲ ਤੇ ਪ੍ਰਗਤੀਸ਼ੀਲੀ ਪੰਜਾਬ ਦੀ ਸਿਰਜਣਾ ਕਰੇਗਾ । ਮੁੱਖ ਮੰਤਰੀ ਭਗਵੰਤ ਨੇ ਕਿਹਾ ਮੁਫਤ ਵਿੱਚ ਯੋਗ ਸਿਖਲਾਈ ਲੈਣ ਲਈ ਟੋਲ ਫ੍ਰੀ ਨੰਬਰ 76694-00500 ਜਾਂ https://cmdiyogshala.punjab.gov.in ਉਤੇ ਲਾਗਇਨ ਕਰ ਸਕਦੇ ਹਨ। ਉਨ੍ਹਾਂ ਕਿਹਾ ਉਹ ਆਪ ਵੀ ਯੋਗ ਦੇ ਜ਼ਰੀਏ ਸਰੀਰ ਨੂੰ ਚੁਸਤ ਰੱਖ ਦੇ ਹਨ । ਉਧਰ ਮੁੱਖ ਮੰਤਰੀ ਭਗਵੰਤ ਮਾਨ ਦੇ ਇਸ ਦਾਅਵੇ ‘ਤੇ ਆਗੂ ਵਿਰੋਧੀ ਧਿਰ ਪ੍ਰਤਾਪ ਸਿੰਘ ਬਾਜਵਾ ਨੇ ਟਵੀਟ ਕਰਕੇ ਤੰਜ ਕੱਸਿਆ ਹੈ ਅਤੇ ਸੀਐੱਮ ਮਾਨ ਯੋਗਾ ਨੂੰ ਲੈਕੇ ਇੱਕ ਪੁਰਾਣਾ ਵੀਡੀਓ ਵੀ ਸ਼ੇਅਰ ਕੀਤਾ ਹੈ ।
With all Punjabis, CM @BhagwantMann also needs to start practising yoga in the early morning.
But before that, he must discontinue his late evening exigencies. pic.twitter.com/HtZaJlwacO— Partap Singh Bajwa (@Partap_Sbajwa) April 5, 2023
ਪ੍ਰਤਾਪ ਸਿੰਘ ਬਾਜਵਾ ਦਾ ਟਵੀਟ
ਆਗੂ ਵਿਰੋਧੀ ਧਿਰ ਪ੍ਰਤਾਪ ਸਿੰਘ ਬਾਜਵਾ ਨੇ ਟਵੀਟ ਕਰਦੇ ਹੋਏ ਲਿਖਿਆ ‘ਹਰ ਪੰਜਾਬੀ ਵਾਂਗ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਤੜਕੇ ਯੋਗਾ ਦੀ ਪ੍ਰੈਕਟਿਸ ਕਰਨੀ ਚਾਹੀਦੀ ਹੈ,ਪਰ ਇਸ ਤੋਂ ਪਹਿਲਾਂ ਉਨ੍ਹਾਂ ਨੂੰ ਆਪਣੀ ਦੇਰ ਸ਼ਾਮ ਦੀਆਂ ਜ਼ਰੂਰਤਾਂ ਨੂੰ ਬੰਦ ਕਰਨਾ ਚਾਹੀਦਾ ਹੈ’। ਬਾਜਵਾ ਨੇ ਇਸ ਦੇ ਨਾਲ ਭਗਵੰਤ ਮਾਨ ਦਾ ਯੋਗਾ ਨੂੰ ਲੈਕੇ ਇੱਕ ਪੁਰਾਣਾ ਵੀਡੀਓ ਵੀ ਸ਼ੇਅਰ ਕੀਤਾ ਹੈ ।
ਯੋਗਸ਼ਾਲਾ ਤੇ ਕੇਜਰੀਵਾਲ ਦਾ ਬਿਆਨ
ਦਿੱਲੀ ਦੇ ਮੁੱਖ ਮੰਤਰੀ ਨੇ ਕਿਹਾ ਕਿ ਮੁੱਢਲੇ ਪੜਾਅ ਵਿੱਚ ਪਟਿਆਲਾ, ਫਗਵਾੜਾ, ਅੰਮ੍ਰਿਤਸਰ ਤੇ ਲੁਧਿਆਣਾ ਵਰਗੇ ਚਾਰ ਸ਼ਹਿਰਾਂ ਵਿੱਚ ਯੋਗਸ਼ਾਲਾ ਸ਼ੁਰੂ ਕੀਤੀਆਂ ਜਾ ਰਹੀਆਂ ਹਨ ਅਤੇ ਇਨ੍ਹਾਂ ਨੂੰ ਸੂਬੇ ਦੇ ਹੋਰ ਹਿੱਸਿਆਂ ਤੱਕ ਵਧਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਮੁਹਿੰਮ ਤਹਿਤ ਸਿੱਖਿਅਤ ਯੋਗ ਇੰਸਟ੍ਰਕਟਰ ਲੋਕਾਂ ਨੂੰ ਮੁਫ਼ਤ ਵਿੱਚ ਯੋਗ ਆਸਣ ਸਿਖਾਉਣਗੇ। ਕੇਜਰੀਵਾਲ ਨੇ ਕਿਹਾ ਕਿ ਦਿੱਲੀ ਦੇ ਉਪ ਰਾਜਪਾਲ ਵੱਲੋਂ ਇਨ੍ਹਾਂ ਨੂੰ ਰੋਕ ਦੇਣ ਤੱਕ ਦਿੱਲੀ ਦੇ 17 ਹਜ਼ਾਰ ਵਿਅਕਤੀ ਮੁਫ਼ਤ ਵਿੱਚ ਯੋਗ ਦੀ ਸਿਖਲਾਈ ਲੈ ਚੁੱਕੇ ਸਨ। ਦਿੱਲੀ ਦੇ ਮੁੱਖ ਮੰਤਰੀ ਨੇ ਕਿਹਾ ਕਿ ਯੋਗ ਬਿਮਾਰੀਆਂ ਨੂੰ ਦੂਰ ਭਜਾ ਕੇ ਪੰਜਾਬੀਆਂ ਨੂੰ ਸਿਹਤਮੰਦ ਬਣਾਏਗਾ। ਉਨ੍ਹਾਂ ਸਿੱਖਿਆ, ਸਿਹਤ ਤੇ ਕਾਨੂੰਨ-ਵਿਵਸਥਾ ਦੇ ਖੇਤਰ ਵਿੱਚ ਕੀਤੀਆਂ ਕਈ ਮਿਸਾਲੀ ਪਹਿਲਕਦਮੀਆਂ ਲਈ ਭਗਵੰਤ ਮਾਨ ਦੀ ਸ਼ਲਾਘਾ ਕੀਤੀ। ਕੇਜਰੀਵਾਲ ਨੇ ਕਿਹਾ ਕਿ ਸੂਬਾ ਸਰਕਾਰ ਦੀਆਂ ਅਣਥੱਕ ਕੋਸ਼ਿਸ਼ਾਂ ਨਾਲ ਪਿਛਲੀਆਂ ਸਰਕਾਰਾਂ ਦੀ ਪੁਸ਼ਤਪਨਾਹੀ ਪ੍ਰਾਪਤ ਜ਼ਿਆਦਾਤਰ ਗੈਂਗਸਟਰ ਅੱਜ ਸਲਾਖਾਂ ਪਿੱਛੇ ਹਨ।