Punjab

‘ਕੇਂਦਰੀ ਫੌਰਸਾਂ ਪੰਜਾਬ ਤੋਂ ਵਾਪਸ ਜਾਣ’!

ਬਿਊਰੋ ਰਿਪੋਰਟ : ਕ੍ਰਾਂਤੀਕਾਰੀ ਕਿਸਾਨ ਯੂਨੀਅਨ ਨੇ ਪੰਜਾਬ ਵਿੱਚ ਕੇਂਦਰੀ ਫੋਰਸਾਂ ਅਤੇ ਕੇਂਦਰੀ ਏਜੰਸੀਆਂ ਦੀ ਮੌਜੂਦੀ ਦੇ ਖਿਲਾਫ ਪ੍ਰਦਰਸ਼ਨ ਕੀਤਾ । 30 ਜ਼ਿਲ੍ਹਿਆਂ ਦੀ ਤਹਿਸੀਲਾਂ ਦਫ਼ਤਰਾਂ ‘ਤੇ ਰੋਸ ਮਾਰਚ ਕਰਕੇ ਪੰਜਾਬ ਸਰਕਾਰ ਦੇ ਪੁਤਲੇ ਫੂਕੇ ਅਤੇ ਮੰਗ ਪੱਤਰ ਦਿੱਤੇ । ਰੋਸ ਮਾਰਚਾਂ ਦੀ ਅਗਵਾਈ ਸੂਬਾ ਪਰਧਾਨ ਡਾ ਦਰਸ਼ਨ ਪਾਲ ਜਰਨਲ ਸਕੱਤਰ ਗੁਰਮੀਤ ਸਿੰਘ ਮਹਿਮਾ ਸੂਬਾ ਸੀਨੀਅਰ ਮੀਤ ਪਰਧਾਨ ਹਰਭਜਨ ਸਿੰਘ ਬੁੱਟਰ ਨੇ ਕੀਤੀ । ਜਥੇਬੰਦੀ ਨੇ ਕਿਹਾ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਨੇ ਮਿਲਕੇ ਪੰਜਾਬ ਪੁਲਿਸ ਅਤੇ ਕੇੰਦਰੀ ਫੋਰਸਾਂ ਲਗਾ ਕੇ ਪੰਜਾਬ ਦੇ ਸ਼ਾਂਤ ਮਾਹੌਲ ਨੂੰ ਵਿਗੜਨ ਦਾ ਯਤਨ ਕੀਤਾ ਹੈ ਅਤੇ ਲੋਕਾਂ ਵਿੱਚ ਦਹਿਸ਼ਤ ਪਾਉਣ ਦੀ ਕੋਸ਼ਿਸ਼ ਕੀਤੀ ਹੈ । ਪੰਜਾਬ ਵਿੱਚੋ ਕੇੰਦਰੀ ਫੋਰਸਾਂ ਅਤੇ ਅਜੰਸੀਆਂ ਨੂੰ ਬਾਹਰ ਕੀਤਾ ਜਾਵੇ। ਗਿਰਫਤਾਰ ਕੀਤੇ ਬੇਕਸੂਰ ਨੌਜਵਾਨਾਂ ਨੂੰ ਰਿਹਾਅ ਕੀਤਾ ਜਾਵੇ ਅਤੇ NSA ਵਰਗੇ ਕਾਨੂੰਨ ਮੁੱਢੋ ਹੀ ਖਤਮ ਕੀਤੇ ਜਾਣ। ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਬਿਨਾਂ ਕਿਸੇ ਕਾਰਨ ਆਪਣੇ ਸਿਆਸੀ ਹਿੱਤਾਂ ਨੂੰ ਪੂਰਨ ਲਈ ਇਲੈਕਟ੍ਰਾਨਿਕ ਮੀਡੀਆ ਰਾਹੀ ਪੰਜਾਬੀਆਂ ਅਤੇ ਸਿੱਖ ਕਿਸਾਨਾਂ ਦੀ ਛਵੀਂ ਨੂੰ ਬੁਰੀ ਤਰਾਂ ਖਰਾਬ ਕੀਤਾ ਜਾ ਰਿਹਾ ਹੈ, ਜੋ ਕਿ ਬਹੁਤ ਨਿਦੰਣਯੋਗ ਹੈ।

ਕਿਸਾਨਾਂ ਖਰਾਬ ਫਸਲ ਦਾ ਮੁਆਵਜ਼ਾ ਦਿੱਤਾ ਜਾਵੇ

ਕਿਸਾਨਾਂ ਨੇ ਪੰਜਾਬ ਸਰਕਾਰ ਦੇ ਨਾਂ ਮੰਗ ਪੱਤਰ ਸੌੰਪ ਕੇ ਮੰਗ ਕੀਤੀ ਕਿ ਭਾਰੀ ਬਾਰਿਸ਼ ਅਤੇ ਗੜੇਮਾਰੀ ਦੇ ਚਲਦਿਆਂ ਕਿਸਾਨਾਂ ਦੀਆਂ ਖਰਾਬ ਹੋਈਆਂ ਸਾਰੀਆਂ ਫਸਲਾਂ ਦਾ ਪ੍ਰਤੀ ਏਕੜ 50 ਹਜ਼ਾਰ ਰੂਪਏ ਮੁਆਵਜ਼ਾ ਤੁਰੰਤ ਕਾਸ਼ਤਕਾਰ ਕਿਸਾਨਾਂ ਦੇ ਖਾਤਿਆਂ ਵਿੱਚ ਪਾਇਆ ਜਾਵੇ। ਉਨ੍ਹਾਂ ਕਿਹਾ ਕਿ ਇੱਕ ਪਾਸੇ ਮੁੱਖ ਮੰਤਰੀ ਤੁਰੰਤ ਗਿਰਦਾਵਰੀਆਂ ਦੇ ਬਿਆਨ ਦੇ ਰਹੇ ਹਨ ਤੇ ਦੂਜੇ ਪਾਸੇ ਅਧਿਕਾਰੀ ਕਿਸਾਨਾਂ ਦੀ ਸਾਰ ਲੈਨ ਤੋਂ ਟਾਲਾ ਵੱਟ ਰਹੇ ਹਨ। ਉਨ੍ਹਾਂ ਦੱਸਿਆ ਕਿ ਬਾਰਸ਼ ਨਾਲ ਕਣਕ ਦੇ ਨਾਲ ਨਾਲ ਸਬਜ਼ੀਆਂ, ਮੱਕੀ ਅਤੇ ਹਰਾ ਚਾਰਾ ਬਿਲਕੁਲ ਖਤਮ ਹੋ ਚੁਕੇ ਹਨ। ਉਨ੍ਹਾਂ ਮੰਗ ਕੀਤੀ ਕਿ ਕਿਸਾਨਾਂ ਦੇ ਕਰਜ਼ੇ ਤੇ ਲੀਕ ਮਾਰੀ ਜਾਵੇ ਅਤੇ ਕਿਸਾਨਾਂ ਨੂੰ ਮੁਅਵਜ਼ੇ ਦੇ ਨਾਲ ਅਗਲੀ ਫਸਲ ਲਈ ਬੀਜ, ਖਾਦ ਅਤੇ ਡੀਜਲ ਸਬਸਿਡੀ ਤੇ ਮੁਹੱਈਆ ਕਰਵਾਏ ਜਾਣ।