Punjab

ਇਸ ਵਜ੍ਹਾ ਨਾਲ ਅੱਧੇ ਦਿਨ ‘ਚ ਹੀ ਖਤਮ 2 ਦਿਨ ਦਾ ਸਪੈਸ਼ਲ ਸੈਸ਼ਨ !

ਬਿਉਰੋ ਰਿਪੋਰਟ : ਪੰਜਾਬ ਵਿਧਾਨਸਭਾ ਦਾ 2 ਦਿਨਾਂ ਦਾ ਸਪੈਸ਼ਲ ਸੈਸ਼ਨ ਅੱਧੇ ਦਿਨ ਵਿੱਚ ਹੀ ਅਣਮਿੱਥੇ ਸਮੇਂ ਦੇ ਲਈ ਮੁਲਤਵੀ ਕਰ ਦਿੱਤਾ ਗਿਆ ਹੈ । ਵਿਰੋਧੀ ਧਿਰ ਨੇ ਰਾਜਪਾਲ ਵੱਲੋਂ ਸੈਸ਼ਨ ਨੂੰ ਗੈਰ ਕਾਨੂੰਨ ਦੱਸਣ ਦੇ ਇਲਜ਼ਾਮ ਵਿੱਚ ਮਾਨ ਸਰਕਾਰ ਨੂੰ ਸਵਾਲ ਪੁੱਛੇ ਸਨ । ਜਿਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਜਦੋਂ ਬੋਲਣ ਦੇ ਲਈ ਆਏ ਤਾਂ ਉਨ੍ਹਾਂ ਨੇ ਸੈਸ਼ਨ ਨੂੰ ਕਾਨੂੰਨੀ ਦੱਸਿਆ ਪਰ ਨਾਲ ਹੀ ਕਿਹਾ ਕਿ ਅਸੀਂ ਰਾਜਪਾਲ ਦੇ ਖਿਲਾਫ 30 ਅਕਤੂਬਰ ਨੂੰ ਸੁਪਰੀਮ ਕੋਰਟ ਜਾਵਾਗੇ । ਅਸੀਂ ਬਿੱਲ ਪੇਸ਼ ਨਹੀਂ ਕਰਾਂਗੇ,ਮੈਂ ਸਪੀਕਰ ਸਾਬ੍ਹ ਨੂੰ ਅਪੀਲ ਕਰਦਾ ਹਾਂ ਕਿ ਸੈਸ਼ਨ ਮੁਲਤਵੀ ਕਰ ਦਿੱਤਾ ਜਾਵੇ । ਜਿਸ ਤੋਂ ਬਾਅਦ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਦਰਖਾਸਤ ‘ਤੇ ਪੂਰੇ ਹਾਊਸ ਦੀ ਸਹਿਮਤੀ ਲਈ ਅਤੇ ਅਣਮਿੱਥੇ ਸਮੇਂ ਦੇ ਲਈ ਸੈਸ਼ਨ ਨੂੰ ਮੁਲਤਵੀ ਕਰ ਦਿੱਤਾ ।

ਇਸ ਤੋਂ ਪਹਿਲਾਂ ਮੁੱਖ ਭਗਵੰਤ ਸਿੰਘ ਮਾਨ ਨੇ ਕਿਹਾ ਗਵਰਨਰ ਜਿਹੜੀਆਂ ਰੋਜ਼ਾਨਾ ਸੈਸ਼ਨ ਨੂੰ ਲੈਕੇ ਚਿੱਠੀਆਂ ਭੇਜ ਰਹੇ ਹਨ ਉਹ 10 ਮਿੰਟ ਹੀ ਅਦਾਲਤ ਵਿੱਚ ਸਟੈਂਡ ਨਹੀਂ ਕਰਨਗੀਆਂ। ਬਜਟ ਇਜਲਾਸ ਬੁਲਾਉਣ ਦੇ ਲਈ ਜਦੋਂ ਅਸੀਂ ਸੁਪਰੀਮ ਕੋਰਟ ਗਏ ਸੀ ਤਾਂ 10 ਮਿੰਟ ਵਿੱਚ ਫੈਸਲਾ ਹੋ ਗਿਆ ਸੀ । ਸੀਐੱਮ ਮਾਨ ਨੇ ਕਿਹਾ ਜੇਕਰ ਰਾਜਪਾਲ ਅੜ ਦੇ ਨਾ ਤਾਂ ਪੰਜਾਬ ਦਾ 25 ਲੱਖ ਸੁਪਰੀਮ ਕੋਰਟ ਵਿੱਚ ਕੇਸ ਨੂੰ ਲੈਕੇ ਬਚ ਸਕਦਾ ਸੀ। ਉਨ੍ਹਾਂ ਕਿਹਾ ਸੂਬੇ ਨੂੰ ਸਲੈਕਟਿਵ ਲੋਕ ਚਲਾਉਣਗੇ ਜਾਂ ਫਿਰ ਚੁਣੇ ਹੋਏ ਇਸ ਦਾ ਫੈਸਲਾ ਸਾਨੂੰ ਕਰਨਾ ਹੋਵੇਗਾ, ਜੇਕਰ ਅਸੀਂ ਕਿਸੇ SSP ਨੂੰ ਗਲਤ ਤਰੀਕੇ ਨਾਲ ਬਦਲਿਆ ਜਾਂ ਫਿਰ ਡਰੱਗ ‘ਤੇ ਕੰਮ ਨਹੀਂ ਕੀਤਾ ਤਾਂ ਸਾਨੂੰ 2027 ਵਿੱਚ ਲੋਕ ਬਦਲ ਦੇਣਗੇ ਪਰ ਰਾਜਪਾਲ ਸਾਬ੍ਹ ਇਹ ਵੀ ਪੁੱਛਣ ਕੀ ਪਟਵਾਰੀ ਦੀ ਬਦਲੀ ਕਿਉਂ ਕੀਤੀ ਹੈ । ਇਹ ਸਰਕਾਰ ਦਾ ਕੰਮ ਹੈ, ਸ਼ਾਇਦ ਉਨ੍ਹਾਂ ਨੂੰ ਇਹ ਲੱਗਦਾ ਹੈ ਕਿ ਪੰਜਾਬ ਵਿੱਚ ਰਾਜਪਾਲ ਦਾ ਸ਼ਾਸਨ ਹੈ ਜਾਂ ਫਿਰ ਉਹ ਦਿੱਲੀ ਦੇ LG ਹਨ। ਮੁੱਖ ਮੰਤਰੀ ਨੇ ਕਿਹਾ ਰਾਜਪਾਲ ਕਦੇ ਸਾਨੂੰ 356 ਦੀ ਧਮਕੀ ਦਿੰਦੇ ਹਨ ਕਦੇ ਕਹਿੰਦੇ ਹਨ ਗੈਰ ਕਾਨੂੰਨ ਇਜਲਾਸ ਬੁਲਾਇਆ ਤਾਂ ਰਾਸ਼ਟਰਪਤੀ ਨੂੰ ਸ਼ਿਕਾਇਤ ਕਰਾਂਗਾ। ਉਨ੍ਹਾਂ ਕਿਹਾ 3 ਮਨੀ ਬਿਲਾਂ ਨੂੰ ਰਾਜਪਾਲ ਨੇ ਪਾਸ ਨਹੀਂ ਕੀਤਾ ਮੈਂ ਅਖੀਰਲੇ ਸਮੇਂ ਤੱਕ ਇੰਤਜ਼ਾਰ ਕਰਦਾ ਰਿਹਾ ਹਾਂ। ਅਸੀਂ ਸੈਸ਼ਨ ਬੁਲਾਉਂਦੇ ਹਾਂ ਰਾਜਪਾਲ ਬਿੱਲ ਪਾਸ ਨਹੀਂ ਕਰਦੇ ਹਨ । GST ਦਾ ਬਿੱਲ ਕੇਂਦਰ ਅਤੇ ਸੂਬੇ ਦੋਵਾਂ ਨਾਲ ਜੁੜਿਆ ਹੈ। ਮੈਂ ਕੇਂਦਰ ਸਰਕਾਰ ਨਾਲ ਇਸ ਮਸਲੇ ਤੇ ਗੱਲ ਕਰਾਂਗਾ।

ਸੀਐੱਮ ਮਾਨ ਨੇ ਕਿਹਾ ਮੈਂ ਰਾਜਪਾਲ ਨਾਲ ਰੋਜ਼ਾਨਾ ਬਹਿਸ ਨੂੰ ਲੈਕੇ ਕੁੜਤਨ ਨਹੀਂ ਚਾਹੁੰਦਾ ਹਾਂ। ਜਿਸ ਤੋਂ ਬਾਅਦ ਕਾਂਗਰਸ ਦੇ ਵਿਧਾਇਕ ਪਰਗਟ ਸਿੰਘ ਖੜੇ ਹੋਏ ਅਤੇ ਉਨ੍ਹਾਂ ਨੇ ਕਿਹਾ ਅਸੀਂ ਰਾਜਪਾਲ ਦੇ ਮੁੱਦੇ ‘ਤੇ ਸਰਕਾਰ ਦੇ ਨਾਲ ਹਾਂ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ 1 ਨਵੰਬਰ ਤੋਂ ਬਾਅਦ ਵੱਡਾ ਸੈਸ਼ਨ ਬੁਲਾਇਆ ਜਾਵੇਗਾ ਅਤੇ ਸਾਰਿਆਂ ਮੁੱਦਿਆਂ ‘ਤੇ ਚਰਚਾ ਹੋਵੇਗੀ।

75 ਲੱਖ ਲਈ ਜ਼ਿੰਮੇਵਾਰ ਕੌਣ ਹੈ ?

ਉਧਰ ਕਾਂਗਰਸ ਦੇ ਸੂਬਾ ਪ੍ਰਧਾਨ ਰਾਜਾ ਵੜਿੰਗ ਨੇ ਕਿਹਾ ਜਦੋਂ ਸਾਡੇ ਸਵਾਲ ਪੁੱਛਣ ਦੀ ਵਾਰੀ ਆਈ ਤਾਂ ਸਾਨੂੰ ਬੋਲਣ ਨਹੀਂ ਦਿੱਤਾ ਗਿਆ । ਸਾਨੂੰ ਪਤਾ ਸੀ ਕਿ ਵਿਧਾਨਸਭਾ ਦਾ ਸੈਸ਼ਨ ਗੈਰ ਕਾਨੂੰਨੀ ਹੈ ਪਰ ਅਸੀਂ ਫਿਰ ਵੀ ਇਸ ਵਿੱਚ ਸ਼ਾਮਲ ਹੋਏ ਕਿਉਂਕਿ ਅਸੀਂ ਲੋਕਾਂ ਦੇ ਮੁੱਦੇ ‘ਤੇ ਸਵਾਲ ਪੁੱਛਣਾ ਚਾਹੁੰਦੇ ਸੀ । 2 ਦਿਨ ਦਾ ਸੈਸ਼ਨ ਅੱਧੇ ਦਿਨ ਵਿੱਚ ਹੀ ਖਤਮ ਕਰ ਦਿੱਤਾ । ਪਹਿਲਾਂ ਵੀ ਅਜਿਹਾ ਹੋਇਆ ਸੀ ਕਿ ਰਾਜਪਾਲ ਦੀ ਮਨਜ਼ੂਰੀ ਦੇ ਬਿਨਾਂ ਸੈਸ਼ਨ ਬੁਲਾਇਆ ਗਿਆ । ਮਾਨ ਸਰਕਾਰ ਦੱਸੇ ਕਿ ਜਦੋਂ ਉਨ੍ਹਾਂ ਨੂੰ ਪਤਾ ਸੀ ਕਿ ਬਿੱਲ ਪਾਸ ਨਹੀ ਹੋਣਗੇ ਤਾਂ ਫਿਰ ਸੈਸ਼ਨ ਕਿਉਂ ਬੁਲਾਇਆ ਗਿਆ । 1 ਦਿਨ ਵਿੱਚ ਖਰਚ ਹੋਏ 75 ਲੱਖ ਦਾ ਜ਼ਿੰਮੇਵਾਰ ਕੌਣ ਹਹੈ ।

ਬਾਜਵਾ ਨੇ ਸੀਐੱਮ ਮਾਨ ਦੀ ਚੁਣੌਤੀ ਕਬੂਲੀ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਗੂ ਵਿਰੋਧੀ ਧਿਰ ਪ੍ਰਤਾਪ ਸਿੰਘ ਬਾਜਵਾ ਨੂੰ ਪੁੱਛਿਆ ਕੀ ਤੁਸੀਂ 1 ਨਵੰਬਰ ਨੂੰ ਬਹਿਸ ਵਿੱਚ ਆਉਗੇ ਤਾਂ ਬਾਜਵਾ ਨੇ ਕਿਹਾ ਹਾਂ ਮੈਂ ਆਵਾਂਗਾ। ਫਿਰ ਮੁੱਖ ਮੰਤਰੀ ਮਾਨ ਨੇ ਕਿਹਾ ਆ ਜਾਓ ਫਿਰ ਉੱਥੇ ਹਿਸਾਬ ਕਰਾਂਗੇ। ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਮੈਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੁੱਛਿਆ ਹੈ ਕਿ ਤੁਸੀਂ ਆਪਣੇ ਐੱਮਪੀ ਸੰਦੀਪ ਪਾਠਕ ਦਾ SYL ਤੇ ਲਏ ਸਟੈਂਡ ‘ਤੇ ਜਵਾਬ ਦਿਉ । ਇਸ ਤੋਂ ਪਹਿਲਾਂ ਜਦੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਬੋਲਣਾ ਸ਼ੁਰੂ ਕੀਤਾ ਤਾਂ ਪ੍ਰਤਾਪ ਬਾਜਵਾ ਦੀ ਉਨ੍ਹਾਂ ਨਾਲ ਤਿੱਖੀ ਬਹਿਸ ਹੋਈ। ਪ੍ਰਤਾਪ ਬਾਜਵਾ ਦੇ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਐਮਪੀ ਵਿਚਾਲੇ ਚੱਲ ਰਹੀ ਤਕਰਾਰ ਦੇ ਸਵਾਲ ਪੁੱਛਿਆ ਤਾਂ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਨਸ਼ੇ ‘ਤੇ ਤਾਂ ਕੈਪਟਨ ਅਮਰਿੰਦਰ ਸਿੰਘ ਨੇ ਵੀ ਤੁਹਾਡੇ ਖ਼ਿਲਾਫ ਕਾਂਗਰਸ ਹਾਈ ਕਮਾਨ ਨੂੰ ਚਿੱਠੀ ਲਿਖਕੇ ਕਿਹਾ ਸੀ ਤੁਸੀਂ ਡਰੱਗ ਸਮੱਗਲਰ ਹੋ । ਜਿਸ ‘ਤੇ ਪ੍ਰਤਾਪ ਸਿੰਘ ਬਾਜਵਾ ਭੜਕ ਗਏ ਤਾਂ ਮੁੱਖ ਮੰਤਰੀ ਮਾਨ ਨੇ ਕਿਹਾ ਵੇਖੋ ਇਹ ਮੈਨੂੰ ਤੂੰ ਕਹਿੰਦੇ ਹਨ,ਇਹ ਪ੍ਰਤਾਪ ਸਿੰਘ ਬਾਜਵਾ ਦਾ ਹੰਕਾਰ ਬੋਲ ਰਿਹਾ ਹੈ। ਜਿਸ ਤੋਂ ਬਾਅਦ ਸਪੀਕਰ ਨੇ 10 ਮਿੰਟ ਦੇ ਲਈ ਵਿਧਾਨਸਭਾ ਨੂੰ ਮੁਲਤਵੀ ਕਰ ਦਿੱਤਾ ।

ਹਰਜੋਤ ਬੈਂਸ ਖਿਲਾਫ ਹੋਵੇ ਜਾਂਚ

ਪ੍ਰਤਾਪ ਸਿੰਘ ਬਾਜਵਾ ਨੇ ਇਲਜ਼ਾਮ ਲਗਾਇਆ ਕਿ ਸ਼੍ਰੀ ਆਨੰਦਪੁਰ ਸਾਹਿਬ ਵਿੱਚ ਮਾਨ ਸਰਕਾਰ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਦੇ ਰਿਸ਼ਤੇਦਾਰ ਗੈਰ ਕਾਨੂੰਨੀ ਮਾਇਨਿੰਗ ਕਰ ਰਹੇ ਹਨ । ਪਰ ਜਦੋਂ ਮਾਮਲਾ ਨਸ਼ਰ ਹੋਇਆ ਤਾਂ FIR ਮਸ਼ੀਨਾਂ ਦੇ ਖਿਲਾਫ ਦਰਜ ਹੋਈ ਕਿਸੇ ਬੰਦੇ ਦੇ ਖਿਲਾਫ ਨਹੀਂ ਹੋਈ। ਬਾਜਵਾ ਨੇ ਕਿਹਾ ਮੈਂ ਕੱਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਇਸ ਬਾਰੇ ਚਿੱਠੀ ਲਿਖ ਰਿਹਾ ਹਾਂ ਅਤੇ ਮੰਗ ਕਰਾਂਗਾ ਕਿ ਇਸ ਦੀ ਜਾਂਚ ਹਾਈਕੋਰਟ ਦੇ ਚੀਫ ਜਸਟਿਸ ਕੋਲੋ ਕਰਵਾਈ ਉਹ ਕਿਸੇ ਨੂੰ ਵੀ ਜਾਂਚ ਸੌਂਪ ਸਕਦੇ ਹਨ। ਬਾਜਵਾ ਨੇ ਕਿਹਾ ਹਾਈਕੋਰਟ ਪਹਿਲਾਂ ਹੀ ਰੋਪੜ ਵਿੱਚ ਚੱਲ ਰਹੀ ਗੈਰ ਕਾਨੂੰਨੀ ਮਾਇਨਿੰਗ ਨੂੰ ਲੈਕੇ ਸਖਤ ਹੈ ਅਤੇ ਉਨ੍ਹਾਂ ਨੇ ਮਾਇਨਿੰਗ ਵਿਭਾਗ ਅਤੇ ਸਰਕਾਰ ਨੂੰ ਦੋਸ਼ੀ ਠਹਿਰਾਇਆ ਹੈ।

ਕੁੱਲ ਮਿਲਾਕੇ ਮਾਨ ਸਰਕਾਰ ਭਾਵੇ ਹੁਣ ਮੁੜ ਤੋਂ ਰਾਜਪਾਲ ਦੇ ਫੈਸਲਿਆਂ ਖਿਲਾਫ ਸੁਪਰੀਮ ਕੋਰਟ ਜਾਣ ਦੀ ਗੱਲ ਕਹਿ ਰਹੀ ਹੈ ਪਰ 2 ਦਿਨ ਦਾ ਸੈਸ਼ਨ ਅੱਧੇ ਦਿਨ ਵਿੱਚ ਖਤਮ ਕਰਨ ਦੇ ਫੈਸਲੇ ਨੂੰ ਲੈਕੇ ਉਹ ਮੁੜ ਤੋਂ ਵਿਰੋਧੀ ਧਿਰ ਦੇ ਨਿਸ਼ਾਨੇ ‘ਤੇ ਆ ਗਈ ਹੈ । ਵਿਰੋਧੀ ਧਿਰ ਇਸ ਨੂੰ ਮੁੜ ਤੋਂ ਸਰਕਾਰ ਦਾ Y TURN ਦੱਸ ਰਹੀ ਹੈ ।

ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਰਾਜਾ ਵੜਿੰਗ ਨੇ ਕੇਂਦਰੀ ਖੁਰਾਕ ਮੰਤਰੀ ਪਿਉਸ਼ ਗੋਇਲ ਨੂੰ ਚਿੱਠੀ ਲਿਖ ਕੇ ਮਿਲਰ ਮਾਲਿਕਾਂ ਦੀ ਹੜ੍ਹਤਾਲ ਖਤਰ ਕਰਵਾਉਣ ਦੀ ਮੰਗ ਕੀਤੀ ਹੈ। ਵੜਿੰਗ ਨੇ ਕਿਹਾ FCI ਨੇ ਜਿਹੜੀ ਚੌਲਾਂ ਨੂੰ ਲੈਕੇ FRK ਦੀ ਸ਼ਰਤ ਰੱਖੀ ਹੈ ਉਸ ਨੂੰ ਲੈਕੇ ਮਿਲਰ ਮਾਲਿਕ ਹੜ੍ਹਤਾਲ ‘ਤੇ ਹਨ ਜਿਸ ਨੂੰ ਜਲਦ ਤੋਂ ਜਲਦ ਸੁਲਝਾਇਆ ਜਾਵੇ,ਕਿਉਂਕਿ ਇਸ ਦਾ ਅਸਰ ਮੰਡੀਆਂ ਅਤੇ ਕਿਸਾਨਾਂ ‘ਤੇ ਸਾਫ ਨਜ਼ਰ ਆ ਰਿਹਾ ਹੈ। ਮੰਡੀਆਂ ਵਿੱਚ ਝੋਨੇ ਦੀ ਖਰੀਦ ਨਹੀਂ ਹੋ ਪਾ ਰਹੀ ਹੈ ਕਿਸਾਨ ਪਰੇਸ਼ਾਨ ਹਨ । ਉਧਰ ਸੁਖਬੀਰ ਸਿੰਘ ਬਾਦਲ ਨੇ ਮਾਨਸਾ ਅਤੇ ਮੌੜ ਵਿੱਚ ਪ੍ਰਦਰਸ਼ਨ ਕਰ ਰਹੇ ਸ਼ੈਲਰ ਮਾਲਿਕਾਂ ਦੀ ਗ੍ਰਿਫਤਾਰੀ ਨੂੰ ਲੈਕੇ ਮਾਨ ਸਰਕਾਰ ਨੂੰ ਘੇਰਿਆ। ਉਨ੍ਹਾਂ ਕਿਹਾ ਪੰਜਾਬ ਦਾ ਕੱਟਪੁਤਲੀ ਮੁੱਖ ਮੰਤਰੀ ਮਿਲ ਮਾਲਿਕਾਂ ਦੀ ਮੁਸ਼ਕਿਲਾਂ ਦਾ ਹੱਲ ਕਰਨ ਵਿੱਚ ਫੇਲ੍ਹ ਸਾਬਿਤ ਹੋਇਆ ਤਾਂ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ । ਇਸੇ ਤਰ੍ਹਾਂ ਇਸ ਨੇ ਕਿਸਾਨਾਂ ਨਾਲ ਕੀਤਾ ਸੀ ।ਉਨ੍ਹਾਂ ਨੇ ਪਾਰਟੀ ਦੇ ਆਗੂਆਂ ਨੂੰ ਮੰਡੀ ਵਿੱਚ ਪਹੁੰਚ ਕੇ ਕਿਸਾਨਾਂ ਦੀ ਮਦਦ ਕਰਨ ਦੇ ਨਿਰਦੇਸ਼ ਦਿੱਤੇ ।