Khetibadi Punjab

ਸਰਫੇਸ ਸੀਡਰ : ਪਰਾਲੀ ਨੂੰ ਸਾੜੇ ਬਗੈਰ ਕਣਕ ਦੀ ਕਰੇ ਬਿਜਾਈ..ਜਾਣੋ ਪੂਰੀ ਜਾਣਕਾਰੀ

surface seeder machine, Punjab Agricultural University, Punjab
ਚੰਡੀਗੜ੍ਹ :  ਹੁਣ ਖੇਤ ਵਿੱਚ ਝੋਨੇ ਦੀ ਪਰਾਲੀ ਨੂੰ ਬਿਨਾਂ ਸਾੜੇ ਅਤੇ ਬਿਨਾਂ ਵਾਹੇ ਕਣਕ ਦੀ ਵੇਲੇ ਸਿਰ ਹੀ ਨਹੀਂ ਬਲਕਿ ਅਗੇਤੀ ਬਿਜਾਈ ਹੋ ਸਕੇਗੀ। ਜੀ ਹਾਂ ਇਹ ਵੱਡਾ ਕਾਰਨਾਮਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ ਕਰ ਦਿਖਾਇਆ ਹੈ।
ਝੋਨੇ ਦੀ ਕੰਬਾਈਨ ਨਾਲ ਵਾਢੀ ਤੋਂ ਬਾਅਦ ਕਿਸਾਨਾਂ ਦੀ ਹਮੇਸ਼ਾਂ ਸ਼ਿਕਾਇਤ ਹੁੰਦੀ ਐ ਕਿ ਕਣਕ ਦੀ ਬਿਜਾਈ ਲਈ ਸਮਾਂ ਥੋੜਾ ਹੋਣ ਅਤੇ ਪਰਾਲੀ ਦਾ ਮੌਕੇ ਉੱਤੇ ਕੋਈ ਹੱਲ ਨਾ ਹੋਣ ਕਾਰਨ ਉਨ੍ਹਾਂ ਨੂੰ ਮਜਬੂਰਨ ਪਰਾਲੀ ਨੂੰ ਅੱਗ ਲਾਉਣੀ ਪੈਂਦੀ ਹੈ ਪਰ ਹੁਣ ਕਿਸਾਨਾਂ ਦੀ ਇਸ ਵੱਡੀ ਮੁਸ਼ਕਲ ਦਾ ਹੱਲ ਯੂਨੀਵਰਸਿਟੀ ਵੱਲੋਂ ਬਣਾਈ ਮਸ਼ੀਨ ਸਰਫੇਸ ਸ਼ੀਡਰ ਨਾਲ ਨਿਕਲ ਆਇਆ ਐ। ਵੱਡੀ ਗੱਲ ਇਹ ਹੈ ਕਿ ਪਰਾਲੀ ਨੂੰ ਬਿਨਾਂ ਅੱਗ ਲਾਏ ਬਹੁਤ ਹੀ ਘੱਟ ਖਰਚੇ ਉੱਤੇ ਛੋਟੇ ਟਰੈਕਟਰ ਨਾਲ ਹੀ ਕਣਕ ਦੀ ਬਿਜਾਈ ਹੋ ਜਾਏਗੀ।
ਵਿਸ਼ੇਸ਼ਤਾਵਾਂ ਬਾਰੇ ਜਾਣਦੇ ਹਾਂ..

‘ਸਰਫੇਸ ਸ਼ੀਡਰ’ ਮਸ਼ੀਨ ਦੀਆਂ ਵਿਸ਼ੇਸ਼ਤਾਵਾਂ

1. ਇਸ ਮਸ਼ੀਨ ਵਿੱਚ ਕਟਰ-ਕਮ-ਸਪਰੈਡਰ ਉੱਪਰ ਆਮ ਬਿਜਲੀ ਡਰਿੱਲ ਦ ਉਪਰਾਲਾ ਹਿੱਸਾ ਪਾਈਪਾਂ ਸਮੇਤ ਲਗਾਇਆ ਗਿਆ ਹੈ।
2. ਇਹ ਮਸ਼ੀਨ ਕੰਬਾਇਨ ਨਾਲ ਕੱਟੇ ਝੋਨੇ ਦੇ ਖੇਤ ਵਿੱਚ ਇੱਕੋ ਸਮੇਂ ਬੀਜ ਅਤੇ ਖਾਦ ਪਾ ਦਿੰਦੀ ਹੈ ਅਤੇ ਨਾਲੋਂ-ਨਾਲ ਝੋਨੇ ਦੇ ਖੜ੍ਹੇ ਕਰਚੇ ਕੱਟ ਕੇ ਇਕਸਾਰ ਖਿਲਾਰ ਦਿੰਦੀ ਹੈ।
3. ਕੱਟਿਆ ਹੋਇਆ ਪਰਾਲ ਬੀਜ ਨੂੰ ਢੱਕ ਲੈਂਦਾ ਹੈ, ਜੋ ਕਿ ਬਾਅਦ ਵਿੱਚ ਮਲਚ ਦਾ ਕੰਮ ਕਰਦਾ ਹੈ, ਜਿਸ ਨਾਲ ਨਦੀਨ ਘੱਟ ਹੁੰਦੇ ਹਨ ਅਤੇ ਜ਼ਮੀਨ ਦਾ ਤਾਪਮਾਨ ਵੀ ਅਨੁਕੂਲ ਬਣਿਆ ਰਹਿੰਦਾ ਹੈ।
4. ਤਕਰੀਬਨ ਇੱਕ ਹਫ਼ਤੇ ਬਾਅਦ ਕਣਕ ਦਾ ਜੰਮ ਪਰਾਲੀ ਵਿੱਚੋਂ ਬਾਹਰ ਦਿਸਣਾ ਸ਼ੁਰੂ ਹੋ ਜਾਂਦਾ ਹੈ।
5. ਇਹ ਵੀ ਦੇਖਣ ਨੂੰ ਆਇਆ ਕਿ ਇਸ ਤਕਨੀਕ ਨਾਲ ਬੀਜੀ ਹੋਈ ਕਣਕ ਘੱਟ ਡਿੱਗਦੀ ਹੈ ਅਤੇ ਪਰਾਲੀ ਦਾ ਖੇਤ ਵਿੱਚ ਰਹਿਣ ਕਰਕੇ ਜ਼ਮੀਨ ਦੀ ਸਿਹਤ ਦਾ ਵੀ ਸੁਧਾਰ ਹੁੰਦਾ ਹੈ।
6. ਇਹ ਮਸ਼ੀਨ 45 ਹਾਰਸ ਪਾਵਰ ਟਰੈਕਟਰ ਨਾਲ ਚਲ ਸਕਦੀ ਹੈ ਅਤੇ ਇੱਕ ਘੰਟੇ ਵਿੱਚ 1.5 ਏਕੜ ਕਣਕ ਦੀ ਬਿਜਾਈ ਕਰ ਸਕਦੀ ਹੈ।
7. ਇਹ ਮਸ਼ੀਨ 700 ਤੋਂ 800 ਰੁਪਏ ਵਿੱਚ ਇੱਕ ਏਕੜ ਕਣਕ ਦੀ ਬਿਜਾਈ ਕਰ ਸਕਦੀ ਹੈ।

ਸਰਫੇਸ਼ ਸ਼ੀਡਰ ਮਸ਼ੀਨ ਦੀ ਸਹੀ ਅਤੇ ਸੁਚੁੱਜੀ ਵਰਤੋਂ ਲਈ ਯੂਨੀਵਰਸਿਟੀ ਨੇ ਕੁੱਝ ਸਾਵਧਾਨੀਆਂ ਵਰਤਣ ਦੀ ਸਲਾਹ ਦਿੱਤੀ ਹੈ। ਆਓ ਜਾਣਦੇ ਹਾਂ…

‘ਸਰਫੇਸ ਸ਼ੀਡਰ’ ਮਸ਼ੀਨ ਲਈ ਸਾਵਧਾਨੀਆਂ

1. ਬਿਜਾਈ ਅਕਤੂਬਰ ਦੇ ਅਖੀਰਲੇ ਹਫਤੇ ਤੋਂ ਅੱਧ ਨਬੰਵਰ ਤੱਕ ਕਰੋ।
2. ਕਲਰਾਠੀਆਂ ਅਤੇ ਪਾਣੀ ਦੇ ਘੱਟ ਨਿਕਾਸ ਵਾਲੀਆਂ ਜ਼ਮੀਨਾਂ ਵਿੱਚ ਇਸ ਤਕਨੀਕ ਨੂੰ ਨਾ ਵਰਤੋਂ।
3. ਖੇਤ ਦੇ ਕਿਆਰਿਆਂ ਦਾ ਅਕਾਰਾ ਛੋਟਾ ਕਰੋ।
4. ਝੋਨੇ ਦੇ ਖੇਤ ਨੂੰ ਅਖੀਰਲਾ ਪਾਣੀ ਇਸ ਤਰ੍ਹਾਂ ਲਾਓ ਕਿ ਕਟਾਈ ਸਮੇਂ ਖੇਤ ਖੁਸ਼ਕ ਹੋਵੇ ਅਤੇ ਜਿਸ ਨਾਲ ਕੰਬਾਇਨ ਦੇ ਟਾਇਰਾਂ ਦੀਆਂ ਪੈੜਾਂ ਨਾ ਪੈਣ।
5. ਝੋਨੇ ਦੀ ਕਟਾਈ ਸੁਪਰ ਐਸ ਐਮ ਐਸ ਲੱਗੀ ਕੰਬਾਇਨ ਨਾਲ ਕਰੋ, ਜਾਂ ਫਿਰ ਕੰਬਾਇਨ ਵਿੱਚੋਂ ਨਿਕਲੇ ਪਰਾਲ ਨੂੰ ਤਰੰਗਲੀ ਨਾਲ ਜਾਂ ਫਿਰ ਕਿਸੇ ਹੋਰ ਸਾਧਨ ਨਾਲ ਪੂਰੇ ਖੇਤ ਵਿੱਚ ਇੱਕਸਾਰ ਖਿਲਾਰ ਦੇਵੋ।
6. ਬੀਜ ਦੀ ਮਾਤਰਾ 45 ਕਿਲੋ ਅਤੇ ਡੀਏਪੀ 65 ਕਿਲੋ ਪ੍ਰਤੀ ਏਕੜ ਪਾਓ।
7. ਕਣਕ ਦੇ ਬੀਜ ਨੂੰ ਸਿਫ਼ਾਰਸ਼ ਕੀਤੇ ਗਏ ਕੀਟਨਾਸ਼ਕਾਂ ਅਤੇ ਉੱਲੀਨਾਸ਼ਕਾਂ ਨਾਲ ਸੋਧਣਾ ਜ਼ਰੂਰੀ ਹੈ।
8. ਕਣਕ ਦੀ ਬਿਜਾਈ ਸਮੇਂ ਸਰਫੇਸ ਸੀਡਰ ਮਸ਼ੀਨ ਨੂੰ ਜ਼ਮੀਨ ਤੋਂ 4 ਤੋਂ 5 ਇੰਚ ਉੱਚਾ ਰੱਖ ਕੇ ਸਹੀ ਰਫ਼ਤਾਰ ਤੇ ਚਲਾਇਆ ਜਾਵੇ ਤਾਂ ਜੋ ਬੀਜ ਅਤੇ ਖਾਦ ਇਕਸਾਰ ਅਤੇ ਸਹੀ ਮਾਤਰਾ ਵਿੱਚ ਪੈ ਸਕੇ।
9. ਖੇਤ ਵਿੱਤ ਪਏ ਕਣਕ ਦੇ ਬੀਜ ਨੂੰ ਪਰਾਲੀ ਨਾਲ ਢੱਕਿਆ ਹੋਣਾ ਯਕੀਨੀ ਬਣਾਇਆ ਜਾਵੇ।
10. ਕਣਕ ਦੀ ਬਿਜਾਈ ਤੋਂ ਬਾਅਦ ਬੀਜ ਦੇ ਜੰਮਣ ਲਈ ਖੇਤ ਨੂੰ ਹਲਕਾ ਪਾਣੀ ਲਾਇਆ ਜਾਵੇ।
ਖਾਸ ਗੱਲ ਇਹ ਹੈ ਕਿ ਇਸ ਮਸ਼ੀਨ ਦੀ ਵਰਤੋਂ ਨਾਲ ਕਣਕ ਵਿੱਚ ਕੀੜੇ-ਮਕੌੜੇ ਜਾਂ ਨਦੀਨਾਂ ਦੀ ਸ਼ਿਕਾਇਤ ਨਹੀਂ ਆਉਂਦੀ..ਜੇਕਰ ਫਿਰ ਵੀ ਕਿਸੇ ਕਾਰਨ ਇਹ ਸੱਸਿਆ ਆ ਵੀ ਜਾਵੇ ਤਾਂ ਉਸਦਾ ਵੀ ਸੌਖਾ ਹੱਲ ਹੈ। ਇਸ ਨਾਲ ਫਸਲ ਨੂੰ ਕੋਈ ਨੁਕਸਾਨ ਨਹੀਂ ਹੋਏਗਾ।
ਕਿਸਾਨ ਦੇ ਨਾਲ ਨਾਲ ਇਹ ਤਕਨੀਕ ਮਨੁੱਖਤਾ, ਪੌਣ ਪਾਣੀ ਅਤੇ ਜੀਵ ਜੰਤੂਆਂ ਲਈ ਬਹੁਤ ਲਾਹੇਵੰਦ ਹੈ। ਖੋਜ ਵਿੱਚ ਸਾਬਤ ਹੋਇਆ ਹੈ ਕਿ ਇਸ ਤਕਨੀਕ ਦੀ ਵਰਤੋਂ ਨਾਲ ਜਮੀਂਨ ਦੀ ਸਿਹਤ ਦਾ ਵੀ ਸੁਧਾਰ ਹੁੰਦਾ ਹੈ। ਜੇਕਰ ਕਿਸਾਨ ਮਸ਼ੀਨ ਦੀ ਲਗਾਤਾਰ ਤਿੰਨ ਸਾਲ ਵਰਤਦਾ ਹੈ ਤਾਂ ਉਸ ਦੇ ਖਾਦਾਂ ਦੇ ਖਰਚੇ ਹੋਰ ਵੀ ਘੱਟਣਗੇ।
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਸਾਨਾਂ ਦੀ ਸਲਾਹ ਨਾਲ ਇਸ ਮਸ਼ੀਨ ਉੱਤੇ ਸਬਸਿਡੀ ਨੂੰ ਮਨਜੂਰੀ ਦਿੱਤੀ ਹੈ। ਇੱਕ ਲੱਖ ਤੋਂ ਘੱਟ ਕੀਮਤ ਵਾਲੀ ਇਸ ਮਸ਼ੀਨ ਉੱਤੇ ਸਰਕਾਰ ਵੱਲੋਂ 50 ਫ਼ੀਸਦੀ ਸਬਸਿਡੀ ਦਿੱਤੀ ਜਾਂਦੀ ਹੈ।
ਸਰਫੇਸ ਸੀਡਰ ਮਸ਼ੀਨ ਬਾਰੇ ਵਧੇਰੇ ਜਾਣਕਾਰੀ ਲਈ ਕਿਸਾਨ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਫਸਲ ਵਿਗਿਆਨ ਵਿਭਾਗ ਨਾਲ ਸੰਪਰਕ ਕਰ ਸਕਦੇ ਹਨ। ਇਸ ਤੋਂ ਇਲਾਵਾ ਮੋਬਾਈਲ ਨੰਬਰ 98728-11350 ਅਤੇ 98150-81578 ਤੋਂ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ।