Punjab

‘VC ਦੀ ਲੱਗ ਦੀ ਹੈ ਬੋਲੀ,ਮੈਨੂੰ ਸੁਪਰੀਮ ਕੋਰਟ ਨੇ ਦਿੱਤਾ ਅਧਿਕਾਰ, CM ਮਾਨ ਨੇ ਖੇਡਿਆ ਕਮਿਊਨਲ ਕਾਰਡ’

Governor banwarilal purohit pc on pau

ਬਿਊਰੋ ਰਿਪੋਰਟ : PAU ਦੇ VC ਦੀ ਨਿਯੁਕਤੀ ‘ਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਰਾਜਪਾਲ ਨੂੰ ਲਿਖੀ ਗਰਮ ਤੇ ਨਰਮ 2 ਚਿੱਠੀਆਂ ਤੋਂ ਬਾਅਦ ਹੁਣ ਗਵਰਨ ਬਨਵਾਰੀ ਲਾਲ ਪੁਰੋਹਿਤ ਦੀ ਵਾਰੀ ਸੀ ਮੁੱਖ ਮੰਤਰੀ ਨੂੰ ਜਵਾਬ ਦੇਣ ਦੀ । ਇਸ ਦੇ ਲਈ ਪੁਰੋਹਿਤ ਨੇ ਬਕਾਇਦਾ ਪ੍ਰੈਸ ਕਾਂਫਰੰਸ ਕਰਕੇ ਇਸ ਦਾ ਜਵਾਬ ਦਿੱਤਾ। ਸਭ ਤੋਂ ਪਹਿਲਾਂ ਉਨ੍ਹਾਂ ਨੇ ਦੋਵਾਂ ਚਿੱਠੀਆਂ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਪੰਜਾਬੀ ਅਤੇ ਅੰਗਰੇਜ਼ੀ ਵਾਲੀ 2 ਚਿੱਠੀਆਂ ਮਿਲਿਆ ਹਨ। ਪੰਜਾਬ ਵਾਲੀ ਚਿੱਠੀ ਦੀ ਜਦੋਂ ਉਨ੍ਹਾਂ ਨੇ ਤਰਜ਼ਮਾਨੀ ਕਰਵਾਈ ਤਾਂ ਉਸ ਤੋਂ ਲੱਗਿਆ ਕਿ ਮੁੱਖ ਮੰਤਰੀ ਉਨ੍ਹਾਂ ਤੋਂ ਨਰਾਜ਼ ਹਨ। ਉਨ੍ਹਾਂ ਕਿਹਾ ਮੁੱਖ ਮੰਤਰੀ ਵੱਲੋਂ ਮੇਰੇ ‘ਤੇ ਸਰਕਾਰ ਵਿੱਚ ਦਖ਼ਲ ਅੰਦਾਜ਼ੀ ਦੇ ਇਲਜ਼ਾਮ ਲਗਾਏ ਗਏ ਹਨ। ਸਿਰਫ਼ ਇੰਨਾਂ ਹੀ ਨਹੀਂ ਗਵਰਨਰ ਨੇ ਕਿਹਾ ਮੁੱਖ ਮੰਤਰੀ ਇਸ ਨੂੰ ਕਮਿਊਨਲ ਰੰਗਤ ਦੇਣ ਦੀ ਕੋਸ਼ਿਸ਼ ਕਰ ਰਹੇ ਹਨ।

ਰਾਜਪਾਲ ਨੇ ਕਿਹਾ ਕਿ ਉਹ ਨਿਯਮਾਂ ਨੂੰ ਅਣਦੇਖੀ ਨਹੀਂ ਕਰ ਸਕਦੇ ਹਨ। ਪੰਜਾਬ ਦੀਆਂ ਸਾਰੀਆਂ ਯੂਨੀਵਰਸਿਟੀਆਂ ਦੇ ਉਹ ਚਾਂਸਲਰ ਹਨ ਅਤੇ ਅਜਿਹੇ ਵਿੱਚ ਉਨ੍ਹਾਂ ਦੀ ਮਨਜ਼ੂਰੀ ਤੋਂ ਬਿਨਾਂ ਆਖਿਰ ਕਿਵੇਂ ਵੀਸੀ ਦੀ ਨਿਯੁਕਤੀ ਹੋ ਸਕਦੀ ਹੈ। ਬਨਵਾਰੀ ਲਾਲ ਪੁਰੋਹਿਤ ਨੇ ਤਿੰਨ ਉਦਾਰਣ ਦਿੰਦੇ ਹੋਏ ਵੀਸੀ ਦੀ ਨਿਯੁਕਤੀ ਨੂੰ ਲੈਕੇ ਆਪਣੇ ਅਧਿਕਾਰਾਂ ਬਾਰੇ ਜਾਣਕਾਰੀ ਦਿੱਤੀ। ਇਸ ਤੋਂ ਇਲਾਵਾ ਰਾਜਪਾਲ ਨੇ ਸੁਪਰੀਮ ਕੋਰਟ ਦੀਆਂ 2 ਤਾਜ਼ਾ ਜੱਜਮੈਂਟ ਦੇ ਜ਼ਰੀਏ ਵੀ ਦਾਅਵਾ ਕੀਤਾ ਕਿ ਯੂਨੀਵਰਸਿਟੀ ਦੇ ਵੀਸੀ ਦੀ ਨਿਯੁਕਤੀ ਵਿੱਚ ਮੁੱਖ ਮੰਤਰੀ ਦਖਲ ਨਹੀਂ ਦੇ ਸਕਦਾ ਹੈ । ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਨਸੀਹਤ ਦਿੰਦੇ ਹੋਏ ਕਿਹਾ ਇਲਜ਼ਾਮ ਲਗਾਉਣ ਤੋਂ ਚੰਗਾ ਹੋਵੇਗਾ ਕਿ ਉਹ ਮੇਰੇ ਤਜ਼ਰਬੇ ਤੋਂ ਕੁਝ ਸਿਖਣ ।ਰਾਜਪਾਲ ਨੇ ਕਿਹਾ ਜੇਕਰ ਫਿਰ ਵੀ ਸੂਬਾ ਨੇ PAU ਦੇ ਵੀਸੀ ਨੂੰ ਨਹੀਂ ਹਟਾਇਆ ਤਾਂ ਉਹ ਕਾਨੂੰਨੀ ਸਲਾਹ ਲੈਣਗੇ । ਸਿਰਫ਼ ਇੰਨਾਂ ਹੀ ਨਹੀਂ ਉਨ੍ਹਾਂ ਨੇ ਇਸ਼ਾਰਿਆਂ ਹੀ ਇਸ਼ਾਰਿਆਂ ਵਿੱਚ ਵੀਸੀ ਦੀ ਨਿਯੁਕਤੀ ਵਿੱਚ ਭ੍ਰਿਸ਼ਟਾਰ ਹੋਣ ਦਾ ਵੀ ਸ਼ੱਕ ਜਤਾਇਆ ।

ਰਾਜਪਾਲ ਨੇ 3 ਉਦਾਰਣ ਦਿੱਤੇ

ਰਾਜਪਾਲ ਨੇ ਕਿਹਾ ਕਿ 1 ਜੁਲਾਈ 2021 ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵੀਸੀ ਦੀ ਗੈਰ ਹਾਜ਼ਰੀ ਵਿੱਚ IAS ਅਨਿਰੁੱਦ ਤਿਵਾਰੀ ਨੂੰ ਚਾਰਜ ਦੇਣ ਲਈ ਸਭ ਤੋਂ ਪਹਿਲਾਂ ਰਾਜਪਾਲ ਦੀ ਮਨਜ਼ੂਰੀ ਲਈ ਗਈ, ਉਸ ਤੋਂ ਬਾਅਦ ਦੂਜੀ ਵਾਰ 14 ਨਵੰਬਰ 2021 ਨੂੰ DK ਤਿਵਾਰੀ ਨੂੰ PAU ਦਾ ਵਾਧੂ ਚਾਰਜ ਦੇਣ ਲਈ ਉਨ੍ਹਾਂ ਤੋਂ ਮਨਜ਼ੂਰੀ ਲਈ ਗਈ ।ਫਿਰ ਇਸੇ ਸਾਲ 28 ਅਪ੍ਰੈਲ 2022 ਨੂੰ ਸਰਵਜੀਤ ਸਿੰਘ ਨੂੰ ਯੂਨੀਵਰਸਿਟੀ ਦਾ ਚਾਰਜ ਦੇਣ ਲਈ ਉਨ੍ਹਾਂ ਨੂੰ ਚਿੱਠੀ ਲਿਖੀ ਗਈ ਸੀ । ਰਾਜਪਾਲ ਨੇ ਪੁੱਛਿਆ ਤਾਂ ਹੁਣ ਜਦੋਂ ਵੀਸੀ ਦੀ ਨਿਯੁਕਤੀ ਕਰਨੀ ਸੀ ਤਾਂ ਉਨ੍ਹਾਂ ਨੂੰ ਕਿਉਂ ਨਹੀਂ ਪੁੱਛਿਆ ਗਿਆ ? ਬਨਵਾਰੀ ਲਾਲ ਪੁਰੋਹਿਤ ਨੇ ਕਿਹਾ ਮੁੱਖ ਮੰਤਰੀ ਭਗਵੰਤ ਮਾਨ ਦਾ ਦਾਅਵਾ ਹੈ ਕਿ ਬੋਰਡ ਵੀਸੀ ਦੀ ਨਿਯੁਕਤੀ ਕਰਦਾ ਹੈ ਜਦਕਿ ਚਾਂਸਲਰ ਹੋਣ ਦੇ ਨਾਤੇ ਉਹ ਬੋਰਡ ਦੇ ਹੈਡ ਹਨ । ਚੀਫ਼ ਸਕੱਤਰ ਕਿਵੇਂ ਵੀਸੀ ਦੀ ਨਿਯੁਕਤੀ ਕਰ ਸਕਦਾ ਹੈ। ਪੁਰੋਹਿਤ ਨੇ ਇਸ਼ਾਰਿਆਂ ਹੀ ਇਸ਼ਾਰਿਆਂ ਵਿੱਚ ਕਿਹਾ ਵੀਸੀ ਦੀ ਨਿਯੁਕਤੀ ਵਿੱਚ ਕਰੋੜਾ ਦੀ ਰਿਸ਼ਵਤ ਚੱਲ ਦੀ ਹੈ, 4 ਸਾਲ ਜਦੋਂ ਉਹ ਤਮਿਲਨਾਡੂ ਦੇ ਗਵਰਨ ਸਨ ਤਾਂ ਉਨ੍ਹਾਂ ਨੇ ਵੱਖ-ਵੱਖ ਯੂਨੀਵਰਸਿਟੀਆਂ ਦੇ 27 ਵਾਈਸ ਚਾਂਸਲਰਾਂ ਦੀ ਨਿਯੁਕਤੀ ਕੀਤੀ ਉਸ ਵੇਲੇ ਉਨ੍ਹਾਂ ਨੇ ਵੇਖਿਆ ਕਿ ਵੀਸੀ ਦੀ ਨਿਯੁਕਤੀ ਲਈ 50-50 ਕਰੋੜ ਦੀ ਬੋਲੀਆਂ ਲੱਗ ਦੀਆਂ ਸਨ । ਉਨ੍ਹਾਂ ਕਿਹਾ ਤਮਿਲਨਾਡੂ ਵਿੱਚ ਉਨ੍ਹਾਂ ਨੇ ਭ੍ਰਿਸ਼ਟਾਚਾਰ ਖ਼ਤਮ ਕੀਤਾ ਹੁਣ ਪੰਜਾਬ ਵਿੱਚ ਵੀ ਨਿਯਮਾਂ ਮੁਤਾਬਿਕ ਹੀ ਕੰਮ ਕਰਨਗੇ।

ਸੁਪਰੀਮ ਕੋਰਟ ਨੇ ਰਾਜਪਾਲ ਨੂੰ ਦਿੱਤੀ ਤਾਕਤ

ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਸੁਪਰੀਮ ਕੋਰਟ ਦੀ ਇਸੇ ਸਾਲ ਵੀਸੀ ਦੀ ਨਿਯੁਕਤੀ ਨੂੰ ਲੈਕੇ ਆਈਆਂ 2 ਜੱਜਮੈਂਟਾਂ ਦਾ ਜ਼ਿਕਰ ਕਰਦੇ ਹੋਏ ਕਿਹਾ ਗੁਜਰਾਤ ਸਰਕਾਰ ਨੇ ਵੀ ਇਸੇ ਸਾਲ ਸੁਪਰੀਮ ਕੋਰਟ ਵਿੱਚ ਇਹ ਹੀ ਤਰਕ ਰੱਖਿਆ ਸੀ ਕਿ ਵਾਇਸ ਚਾਂਸਲਰ ਦੀ ਨਿਯੁਕਤੀ ਸੂਬਾ ਸਰਕਾਰ ਕਰ ਸਕਦੀ ਹੈ। ਇਸ ਵਿੱਚ ਰਾਜਪਾਲ ਦਖਲ ਨਹੀਂ ਕਰ ਸਕਦਾ ਹੈ। ਜਦਕਿ ਸੁਪਰੀਮ ਕੋਰਟ ਨੇ ਇਸ ਨੂੰ ਖਾਰਜ ਕਰਦੇ ਹੋਏ ਕਿਹਾ ਸੀ । ਯੂਨੀਵਰਸਿਟੀਆਂ ਕੇਂਦਰੀ ਐਕਟ ਅਧੀਨ ਆਉਂਦੀਆਂ ਹਨ । ਅਤੇ ਇਸੇ ਲਈ ਰਾਜਪਾਲ ਦਾ ਵਾਇਸ ਚਾਂਸਲਰ ਨੂੰ ਨਿਯੁਕਤ ਕਰਨ ਦਾ ਅਧਿਕਾਰ ਹੁੰਦਾ ਹੈ। ਰਾਜਪਾਲ ਨੇ ਕਿਹਾ ਇਸੇ ਮਹੀਨੇ ਦੀ 11 ਅਕਤੂਬਰ ਨੂੰ ਪੱਛਮੀ ਬੰਗਾਲ ਸਰਕਾਰ ਦੇ ਫੈਸਲੇ ਨੂੰ ਵੀ ਸੁਪਰੀਮ ਕੋਰਟ ਨੇ ਖਾਰਜ ਕਰਦੇ ਹੋਏ ਕਿਹਾ ਕਿ ਯੂਨੀਵਰਸਿਟੀਆਂ ਦੇ ਵੀਸੀ ਦੀ ਨਿਯੁਕਤੀ ਮੁੱਖ ਮੰਤਰੀ ਨਹੀਂ ਸਿਰਫ਼ ਰਾਜਪਾਲ ਹੀ ਕਰ ਸਕਦਾ ਹੈ।

‘ਮੈਂ ਵੀ ਮੁੱਖ ਮੰਤਰੀ ਦੀ ਭਾਸ਼ਾ ਵਰਤ ਸਕਦਾ ਸੀ’

ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਕਿਹਾ ਜਿਹੜੀ ਭਾਸ਼ਾ ਮੁੱਖ ਮੰਤਰੀ ਭਗਵੰਤ ਮਾਨ ਨੇ ਵਰਤੀ ਹੈ ਉਹ ਵੀ ਅਜਿਹੀ ਭਾਸ਼ਾ ਵਰਤ ਸਕਦੇ ਸਨ ਪਰ ਉਹ ਅਨੁਸ਼ਾਸਨ ਵਿੱਚ ਰਹਿੰਦੇ ਹਨ,ਉਨ੍ਹਾਂ ਨੇ ਮੁੱਖ ਮੰਤਰੀ ਦੇ ਉਸ ਇਲਜ਼ਾਮ ਦਾ ਵੀ ਜਵਾਬ ਦਿੱਤਾ ਜਿਸ ਵਿੱਚ ਕਿਹਾ ਗਿਆ ਸੀ ਕਿ ਕੁਝ ਲੋਕ ਉਨ੍ਹਾਂ ਤੋਂ ਗਲਤ ਕੰਮ ਕਰਵਾ ਰਹੇ ਹਨ,ਉਨ੍ਹਾਂ ਕਿਹਾ ਕਿ ਮੈਂ ਸਭ ਤੋਂ ਸੀਨੀਅਰ ਹਾਂ ਮੈਨੂੰ ਕਿਸੇ ਦੀ ਸਲਾਹ ਦੀ ਜ਼ਰੂਰਤ ਨਹੀਂ ਹੈ। ਸਿਰਫ਼ ਇੰਨਾਂ ਹੀ ਨਹੀਂ ਉਨ੍ਹਾਂ ਨੇ ਕਿਹਾ ਕਿ ਮੈਨੂੰ ਤਾਂ ਪਤਾ ਹੀ ਨਹੀਂ ਸੀ PAU ਦੇ ਵੀਸੀ ਦੀ ਨਿਯੁਕਤੀ ਕਰ ਦਿੱਤੀ ਗਈ ਹੈ । ਜਦੋਂ ਉਨ੍ਹਾਂ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕਿਸੇ ਪ੍ਰੋਗਰਾਮ ਵਿੱਚ ਸੱਦਾ ਦਿੱਤਾ ਗਿਆ ਤਾਂ ਉਨ੍ਹਾਂ ਨੂੰ ਇਸ ਦਾ ਪਤਾ ਚੱਲਿਆ ਜਾਂਚ ਤੋਂ ਬਾਅਦ ਉਨ੍ਹਾਂ ਨੇ ਵੀਸੀ ਦੀ ਨਿਯੁਕਤੀ ਰੱਦ ਕਰਨ ਦੇ ਨਿਰਦੇਸ਼ ਦਿੱਤੇ ਹਨ ।