Punjab

ਪੰਜਾਬ ਦੇ ਰਾਜਭਵਨ ਪਹੁੰਚਿਆ ਕੋਰੋਨਾ !

ਰਾਜਪਾਲ ਬਨਵਾਰੀ ਲਾਲ ਪੁਰੋਹਿਤ ਹੋਏ ਕੋਰੋਨਾ ਪਾਜ਼ੀਟਿਵ

‘ਦ ਖ਼ਾਲਸ ਬਿਊਰੋ (ਖੁਸ਼ਵੰਤ ਸਿੰਘ) :- ਪੰਜਾਬ ਵਿੱਚ ਕੋਰੋਨਾ ਦੀ ਰਫ਼ਤਾਰ ਲਗਾਤਾਰ ਵੱਧ ਰਹੀ ਹੈ। ਮਾਨ ਸਰਕਾਰ ਦੇ 2 ਮੰਤਰੀਆਂ ਦਾ ਕੋਰੋਨਾ ਟੈਸਟ ਪਾਜ਼ੀਟਿਵ ਆਉਣ ਤੋਂ ਬਾਅਦ ਹੁਣ ਰਾਜਭਵਨ ਵਿੱਚ ਵੀ ਕੋਰੋਨਾ ਪਹੁੰਚ ਗਿਆ ਹੈ। ਰਾਜਪਾਲ ਬਨਵਾਰੀ ਲਾਲ ਪੁਰੋਹਿਤ ਦੀ ਤਬੀਅਤ ਠੀਕ ਨਹੀਂ ਸੀ, ਜਦੋਂ ਉਨ੍ਹਾਂ ਨੇ ਵੀਰਵਾਰ ਨੂੰ ਕੋਰੋਨਾ ਟੈਸਟ ਕਰਵਾਇਆ ਤਾਂ ਸ਼ੁੱਕਰਵਾਰ ਨੂੰ ਆਈ ਰਿਪੋਰਟ ਵਿੱਚ ਨਤੀਜਾ ਪਾਜ਼ੀਟਿਵ ਆਇਆ ਹੈ। ਹਾਲਾਂਕਿ, ਗਵਰਨਰ ਨੂੰ ਕੋਰੋਨਾ ਦੇ ਗੰਭੀਰ ਲੱਛਣ ਨਹੀਂ ਹਨ। ਉਹ ਆਪਣੇ ਅਧਿਕਾਰਤ ਘਰ ਵਿੱਚ ਹੀ ਮੌਜੂਦ ਹਨ ਪਰ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਉਨ੍ਹਾਂ ਦੇ ਸੰਪਰਕ ਵਿੱਚ ਆਏ ਲੋਕਾਂ ਨੂੰ ਆਪਣਾ ਟੈਸਟ ਕਰਵਾਉਣ ਦੀ ਸਲਾਹ ਦਿੱਤੀ ਹੈ।

ਪੰਜਾਬ ਦੇ 2 ਮੰਤਰੀ ਕੋਰੋਨਾ ਪਾਜ਼ੀਟਿਵ

ਸਭ ਤੋਂ ਪਹਿਲਾਂ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਕੋਰੋਨਾ ਪਾਜ਼ੀਟਿਵ ਹੋਣ ਦੀ ਖ਼ਬਰ ਸਾਹਮਣੇ ਆਈ ਸੀ। ਉਨ੍ਹਾਂ ਦੀ ਤਬੀਅਤ ਕਾਫੀ ਸਮੇਂ ਤੋਂ ਖਰਾਬ ਸੀ। ਜਦੋਂ ਉਨ੍ਹਾਂ ਨੇ ਕੋਰੋਨਾ ਟੈਸਟ ਕਰਵਾਇਆ ਤਾਂ ਰਿਪੋਰਟ ਪਾਜ਼ੀਟਿਵ ਆਈ ਸੀ। ਹੁਣ ਬੈਂਸ ਠੀਕ ਹਨ ਅਤੇ ਉਨ੍ਹਾਂ ਨੇ ਮੁੜ ਤੋਂ ਆਪਣਾ ਵਿਭਾਗ ਸੰਭਾਲ ਲਿਆ ਹੈ।

ਜਦਕਿ ਇੱਕ ਹੋਰ ਮੰਤਰੀ ਅਨਮੋਲ ਗਗਨ ਮਾਨ ਦਾ ਵੀ ਕੋਰੋਨਾ ਟੈਸਟ ਪਾਜ਼ੀਟਿਵ ਆਇਆ ਸੀ। ਇਸ ਤੋਂ ਇਲਾਵਾ ਪਟਿਆਲਾ ਦੀ ਡੀਸੀ ਸ਼ਾਕਸੀ ਸਾਹਨੀ ਦੀ ਤਬੀਅਤ ਖ਼ਰਾਬ ਹੋਈ ਤਾਂ ਉਨ੍ਹਾਂ ਨੇ ਕੋਰੋਨਾ ਟੈਸਟ ਕਰਵਾਇਆ ਜਿਸ ਤੋਂ ਬਾਅਦ ਉਨ੍ਹਾਂ ਦਾ ਟੈਸਟ ਪਾਜ਼ੀਟਿਵ ਰਿਹਾ। ਜੁਲਾਈ ਮਹੀਨੇ ਦੇ ਅੰਦਰ ਪੰਜਾਬ ਵਿੱਚ ਕੋਰੋਨਾ ਦੇ ਮਾਮਲਿਆਂ ਵਿੱਚ 3 ਗੁਣਾ ਦਾ ਵਾਧਾ ਦਰਜ ਕੀਤਾ ਗਿਆ ਹੈ।

ਮੁੱਖ ਮੰਤਰੀ ਨੇ ਕੋਵਿਡ ਸਮੀਖਿਆ ਮੀਟਿੰਗ ਕੀਤੀ

ਕੋਵਿਡ ਦੇ ਪੰਜਾਬ ਵਿੱਚ ਵੱਧ ਰਹੇ ਮਾਮਲਿਆਂ ਤੋਂ ਬਾਅਦ ਸਿਹਤ ਵਿਭਾਗ ਦੀ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਮੁੱਖ ਮੰਤਰੀ ਨੇ ਵਿਭਾਗ ਨੂੰ ਲੋੜੀਂਦੇ ਅਹਤਿਆਤ ਵਰਤਣ ਬਾਰੇ ਲੋਕਾਂ ਨੂੰ ਸੁਚੇਤ ਕਰਨ ਲਈ ਤੁਰੰਤ ਵਿਸਥਾਰਤ ਦਿਸ਼ਾ-ਨਿਰਦੇਸ਼ ਜਾਰੀ ਕਰਨ ਲਈ ਆਖਿਆ ਸੀ। ਮੀਟਿੰਗ ਦੌਰਾਨ ਭਗਵੰਤ ਮਾਨ ਨੇ ਇਸ ਮਹਾਂਮਾਰੀ ਨਾਲ ਕਾਰਗਰ ਢੰਗ ਨਾਲ ਨਿਪਟਣ ਲਈ ਵਿਭਾਗ ਦੀਆਂ ਤਿਆਰੀਆਂ ਦੀ ਵੀ ਸਮੀਖਿਆ ਕੀਤੀ।