Punjab

ਕੋਵਿਡ-19 ਟੈਸਟ ਲਈ ਪੰਜਾਬ ਸਰਕਾਰ ਦੀਆਂ ਨਵੀਆਂ ਹਦਾਇਤਾਂ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਸਰਕਾਰ ਨੇ ਕਰੋਨਾ ਦੇ ਵੱਧਦੇ ਮਾਮਲਿਆਂ ਦੇ ਮੱਦੇਨਜ਼ਰ ਕੋਵਿਡ-19 ਟੈਸਟ ਸਬੰਧ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਹਨ। ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਇੰਡੀਅਨ ਕੌਂਸਲ ਆਫ ਮੈਡੀਕਲ ਰਿਸਰਚ, ਸਿਹਤ ਖੋਜ ਵਿਭਾਗ, ਭਾਰਤ ਸਰਕਾਰ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ, ਜਿਸ ਤਹਿਤ ਆਰਟੀ-ਪੀਸੀਆਰ ਟੈਸਟਿੰਗ ਨੂੰ ਢੁਕਵਾਂ ਬਣਾਉਣ ਦੇ ਉਪਾਅ ਅਤੇ ਇਸਦੀ ਆਸਾਨ ਪਹੁੰਚ  ਅਤੇ ਟੈਸਟਿੰਗ ਦੀ ਉਪਲੱਬਧਤਾ ਬਾਰੇ ਦੱਸਿਆ ਗਿਆ ਹੈ।

ਕੀ ਹੈ ਨਵੀਆਂ ਗਾਈਡਲਾਈਨਜ਼

  • ਬਲਬੀਰ ਸਿੱਧੂ ਨੇ ਦੱਸਿਆ ਕਿ ਇਸ ਸਮੇਂ ਲੈਬਾਂ ਨੂੰ ਅਸਧਾਰਨ ਢੰਗ ਨਾਲ ਵੱਧ ਰਹੇ ਕੇਸਾਂ ਦੇ ਭਾਰ ਅਤੇ ਸਟਾਫ ਦੇ ਕੋਵਿਡ-19 ਸੰਕਰਮਿਤ ਹੋਣ ਕਾਰਨ ਟੈਸਟਿੰਗ ਦੇ ਮਿੱਥੇ ਟੀਚੇ ਪੂਰੇ ਕਰਨ ਵਿੱਚ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
  • ਇਸ ਸਥਿਤੀ ਦੇ ਮੱਦੇਨਜ਼ਰ ਇਹ ਬਹੁਤ ਜ਼ਰੂਰੀ ਹੈ ਕਿ ਆਰ.ਟੀ.ਪੀ.ਸੀ.ਆਰ. ਟੈਸਟਿੰਗ ਨੂੰ ਢੁਕਵਾਂ ਬਣਾਇਆ ਜਾਵੇ।
  • ਸਾਰੇ ਨਾਗਰਿਕਾਂ ਲਈ ਟੈਸਟ ਦੀ ਪਹੁੰਚ ਅਤੇ ਉਪਲੱਬਧਤਾ ਨੂੰ ਵਧਾਇਆ  ਜਾਵੇ।
  • ਹੁਣ ਅਜਿਹੇ ਕਿਸੇ ਵੀ ਵਿਅਕਤੀ ਦਾ ਆਰ.ਟੀ.ਪੀ.ਸੀ.ਆਰ. ਟੈਸਟ ਦੁਹਰਾਇਆ ਨਹੀਂ ਜਾਵੇਗਾ, ਜਿਸ ਨੇ ਇੱਕ ਵਾਰ ਰੈਟ ਜਾਂ ਆਰ.ਟੀ.ਪੀ.ਸੀ.ਆਰ. ਟੈਸਟ ਕਰਵਾਇਆ ਹੋਵੇ ਅਤੇ ਉਹ ਪਾਜ਼ੀਟਿਵ ਪਾਇਆ ਗਿਆ ਹੋਵੇ।
  • ਸਿਹਤ  ਅਤੇ ਪਰਿਵਾਰ ਭਲਾਈ ਮੰਤਰਾਲੇ ਦੀ ਡਿਸਚਾਰਜ ਪਾਲਿਸੀ ਦੇ ਅਨੁਸਾਰ ਕੋਵਿਡ -19 ਤੋਂ ਉਭਰ ਚੱਕੇ ਵਿਅਕਤੀਆਂ ਨੂੰ ਹਸਪਤਾਲ ਤੋਂ ਛੁੱਟੀ ਦੇਣ ਸਮੇਂ ਟੈਸਟ ਕਰਵਾਉਣ ਦੀ ਲੋੜ ਨਹੀਂ ਹੈ।
  • ਟੈਸਟ ਦੀ ਪਹੁੰਚ ਅਤੇ ਉਪਲੱਬਧਤਾ ਨੂੰ ਬਿਹਤਰ ਬਣਾਉਣ ਦੇ ਉਪਾਅ ਲਈ ਭਾਰਤ ਵਿੱਚ ਜੂਨ 2020 ਦੌਰਾਨ ਕੋਵਿਡ-19 ਟੈਸਟਿੰਗ ਲਈ ਰੈਪਿਡ ਐਂਟੀਜੇਨ ਟੈਸਟ (ਆਰ.ਏ.ਟੀ.ਐੱਸ.) ਦੀ ਸਿਫਾਰਸ਼ ਕੀਤੀ ਗਈ ਸੀ।
  • ਹਾਲਾਂਕਿ, ਇਨ੍ਹਾਂ ਟੈਸਟਾਂ ਦੀ ਵਰਤੋਂ ਇਸ ਸਮੇਂ ਸਿਰਫ ਕੰਟੇਨਮੈਂਟ ਜ਼ੋਨਾਂ ਅਤੇ ਸਿਹਤ ਸੰਭਾਲ ਕੇਂਦਰਾਂ ਤੱਕ ਹੀ ਸੀਮਤ ਹੈ।
  • ਆਰ.ਏ.ਟੀ. ਰਾਹੀਂ 15-30 ਮਿੰਟਾਂ ‘ਚ ਨਤੀਜਾ ਪਤਾ ਲਗ ਜਾਂਦਾ ਹੈ ਅਤੇ ਇਸ ਤਰ੍ਹਾਂ ਕੇਸਾਂ ਦੀ  ਫੌਰੀ ਪੜਤਾਲ ਕਰਨ, ਮਰੀਜ਼ ਨੂੰ ਇਕਾਂਤਵਾਸ  ਭੇਜਣ ਅਤੇ ਸੰਚਾਰ ਨੂੰ ਰੋਕਣ ਅਤੇ ਜਲਦੀ ਇਲਾਜ ਕਰਨ ਦਾ ਮੌਕਾ ਮਿਲਦਾ ਹੈ।
  • ਬਲਬੀਰ ਸਿੱਧੂ ਨੇ ਕਿਹਾ ਕਿ ਆਰ.ਏ.ਟੀ. (ਰੈਟ)ਟੈਸਟਿੰਗ ਆਈ.ਸੀ.ਐੱਮ.ਆਰ. ਦੀ  ਐਡਾਇਜ਼ਰੀ ਅਨੁਸਾਰ ਹੀ ਕੀਤੀ ਜਾਣੀ ਚਾਹੀਦੀ ਹੈ।
  • ਰੈਟ ਦੁਆਰਾ ਪਾਜ਼ੀਟਿਵ ਪਾਏ ਗਏ ਲੱਛਣਾਂ ਵਾਲੇ ਵਿਅਕਤੀ ਦਾ ਦੁਬਾਰਾ ਟੈਸਟ ਨਹੀਂ ਕੀਤਾ ਜਾਣਾ ਚਾਹੀਦਾ ਬਲਕਿ ਉਸਨੂੰ ਆਈ.ਸੀ.ਐਮ.ਆਰ. ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਘਰੇਲੂ ਦੇਖਭਾਲ ਦੀ ਸਲਾਹ ਦਿੱਤੀ ਜਾਣੀ ਚਾਹੀਦੀ ਹੈ।
  • ਰੈਟ ਦੁਆਰਾ ਨੈਗੇਟਿਵ ਪਾਏ ਗਏ ਲੱਛਣਾਂ ਵਾਲੇ ਵਿਅਕਤੀਆਂ ਨੂੰ ਆਰਟੀਪੀਸੀਆਰ ਟੈਸਟ ਦੀ ਸਹੂਲਤ ਦੇਣੀ ਚਾਹੀਦੀ ਹੈ ਅਤੇ ਉਸਨੂੰ ਘਰ ਵਿੱਚ ਇਕਾਂਤਵਾਸ ਦੀ ਪਾਲਣਾ ਕਰਦਿਆਂ ਇਲਾਜ ਕਰਾਉਣਾ ਚਾਹੀਦਾ ਹੈ।
  • ਰੈਟ ਟੈਸਟ ਦੇ ਨਤੀਜੇ ਸਾਰੀਆਂ ਸਰਕਾਰੀ ਤੇ ਪ੍ਰਾਈਵੇਟ ਲੈਬਜ਼ ਦੁਆਰਾ ਆਈਸੀਐੱਮਆਰ ਪੋਰਟਲ ਉੱਤੇ ਅਪਲੋਡ ਕੀਤੇ ਜਾਣੇ ਚਾਹੀਦੇ ਹਨ।
  • ਕੋਵਿਡ -19 ਲਈ ਟੈਸਟ ਕੀਤੇ ਗਏ ਸਾਰੇ ਵਿਅਕਤੀਆਂ ਦੇ ਟੀਕਾਕਰਨ ਦੀ ਸਥਿਤੀ ਆਰਟੀਪੀਸੀਆਰ ਐਪ ਦੇ ਸੈਂਪਲ ਰੈਫਰਲ ਫਾਰਮ (ਐਸਆਰਐਫ) ਵਿੱਚ ਦਰਜ ਹੋਣੀ ਚਾਹੀਦੀ ਹੈ।