ਚੰਡੀਗੜ੍ਹ : ਪੰਜਾਬ ਸਰਕਾਰ ਨਵੀਂ ਖੇਤੀ ਨੀਤੀ(Agricultural policy )ਵਿੱਚ ਕਿਸਾਨਾਂ ਲਈ ਨਵੀਂ ਫ਼ਸਲ ਬੀਮਾ ਯੋਜਨਾ(new crop insurance) ਲੈ ਕੇ ਆਵੇਗੀ। ਇਸਦਾ ਐਲਾਨ ਪੰਜਾਬ ਦੇ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ(Agriculture Minister Kuldeep Singh Dhaliwal) ਨੇ ਚੰਡੀਗੜ੍ਹ ਵਿੱਚ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਕੀਤਾ। ਉਨ੍ਹਾਂ ਨੇ ਕਿਹਾ ਕਿ ਸੂਬੇ ਦੇ ਕਿਸਾਨਾਂ ਲਈ ਬਣ ਰਹੀ ਨਵੀਂ ਖੇਤੀ ਨੀਤੀ ਵਿੱਚ ਫ਼ਸਲ ਬੀਮਾ ਯੋਜਨਾ ਵੀ ਸ਼ਾਮਲ ਹੈ। ਇਸ ਯੋਜਨਾ ਬਾਰੇ 30 ਜੂਨ ਨੂੰ ਐਲਾਨੀ ਜਾਣੀ ਨਵੀਂ ਖੇਤੀ ਨੀਤੀ ਵਿੱਚ ਕੀਤਾ ਜਾਵੇਗਾ।
ਇਸ ਮੌਕੇ ‘ਤੇ ਇੱਕ ਪੱਤਰਕਾਰ ਨੇ ਪੁੱਛਿਆ ਕਿ ਕੀ ਇਹ ਬੀਮਾ ਯੋਜਨਾ ਕਿਸੇ ਪ੍ਰਾਈਵੇਟ ਕੰਪਨੀ ਵੱਲੋਂ ਚਲਾਈ ਜਾਵੇਗੀ? ਇਸ ਸਵਾਲ ਦੇ ਜੁਆਬ ਵਿੱਚ ਖੇਤੀ ਮੰਤਰੀ ਨੇ ਕਿਹਾ ਕਿ ‘ਜੇ ਅਸੀਂ ਕਿਸੇ ਪ੍ਰਾਈਵੇਟ ਕੰਪਨੀ ਨਾਲ ਮਿਲ ਕੇ ਇਹ ਯੋਜਨਾ ਲਾਗੂ ਕਰਦੇ ਹਾਂ ਤਾਂ ਵੀ ਕੰਟਰੋਲ ਸਰਕਾਰ ਕੋਲ ਹੋਵੇਗਾ। ਕਿਸਾਨਾਂ ਦੀ ਮਦਦ ਕਰਨ ਲਈ ਬਜਟ ਵਿੱਚ ਬਾਕਇਦਾ ਰੂਪ ਵਿੱਚ ਪੈਸਾ ਰੱਖਾਂਗੇ। ਫ਼ਸਲ ਬੀਮਾ ਯੋਜਨਾ ਵਿੱਚ ਕਿਸਾਨਾਂ ਦੀ ਵੀ ਭਾਗੀਦਾਰੀ ਹੋਵੇਗੀ। ਇਸ ਵਿੱਚ ਬਾਗਵਾਨੀ ਵਿੱਚ ਫਲਾਂ ਅਤੇ ਨਰਮੇ ਵਿੱਚ ਸੁੰਢੀ ਦੀ ਮਾਰ ਕਾਰਨ ਹੋਏ ਨੁਕਸਾਨ ਨੂੰ ਵੀ ਸ਼ਾਮਲ ਕੀਤਾ ਜਾਵੇਗਾ।’
ਮੰਤਰੀ ਕੁਲਦੀਪ ਧਾਲੀਵਾਲ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਿਸਾਨਾਂ ਲਈ ਲਾਹੇਵੰਦ ਨੀਤੀ ਹੀ ਬਣਾਉਣਗੇ। ਅੱਜ ਇਸ ਸਬੰਧੀ ਹੋਈ ਮੀਟਿੰਗ ਵਿੱਚ ਫ਼ਸਲ ਬੀਮਾ ਯੋਜਨਾ ਦੇ ਸਾਰੇ ਪੱਖਾਂ ਬਾਰੇ ਵਿਸਥਾਰ ਨਾਲ ਗੱਲਬਾਤ ਕੀਤੀ ਗਈ ਹੈ।
ਮੰਤਰੀ ਧਾਲੀਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਦੇ ਨਾਲ ਖੜ੍ਹੀ ਹੈ। ਸੂਬੇ ਦੀ ਕਿਰਸਾਨੀ ਲਈ ਚੰਗੀਆਂ, ਠੋਸ ਅਤੇ ਸਾਰਥਕ ਨੀਤੀਆਂ ਲੈ ਕੇ ਆਉਣਾ ਸਰਕਾਰ ਦੀ ਜ਼ਿੰਮੇਵਾਰੀ ਹੈ। ਉਨ੍ਹਾਂ ਨੇ ਉਮੀਦ ਜਤਾਈ ਕਿ ਪੰਜਾਬ ਵਾਸੀਆਂ ਨੂੰ ਇਸ ਸਾਲ ਜੂਨ ਦੇ ਅੰਤ ਨਵੀਂ ਖੇਤੀਬਾੜੀ ਨੀਤੀ ਮਿਲ ਸਕਦੀ ਹੈ। ਉਨ੍ਹਾਂ ਕਿਹਾ ਕਿ ਨਵੀਂ ਖੇਤੀਬਾੜੀ ਨੀਤੀ ਪੰਜਾਬ ਦੀ ਭੂਗੋਲਿਕ ਸਥਿਤੀ, ਮਿੱਟੀ ਦੀ ਸਿਹਤ, ਫਸਲਾਂ ਤੇ ਪਾਣੀ ਦੀ ਉਪਲੱਬਧਤਾ ਨੂੰ ਮੁੱਖ ਰੱਖ ਕੇ ਤਿਆਰ ਕੀਤੀ ਜਾ ਰਹੀ ਹੈ ਅਤੇ ਇਸ ਵਿਚ ਲੋਕਾਂ ਦੇ ਸੁਝਾਵਾਂ ਨੂੰ ਵੀ ਪ੍ਰਮੁੱਖਤਾ ਦਿੱਤੀ ਗਈ ਹੈ।