Punjab

ਪੰਜ ਦਰਿਆਵਾਂ ਦੀ ਧਰਤੀ ‘ਚ ਆਈ ਇਹ ਕਮੀ , ਕੇਂਦਰ ਸਰਕਾਰ ਵੀ ਅਲਰਟ, GSI ਕਰੇਗਾ ਸਰਵੇਖਣ…

The land of five rivers has become toxic the central government is also on alert GSI will conduct a survey...

ਚੰਡੀਗੜ੍ਹ : ਪੰਜ ਦਰਿਆਵਾਂ ਦੀ ਧਰਤੀ ਕਹੇ ਜਾਣ ਵਾਲੇ ਪੰਜਾਬ ਪਾਣੀਆਂ ਦੀ ਧਰਤੀ ਜ਼ਹਿਰੀਲੀ ਹੋ ਰਹੀ ਹੈ। ਹਾਲਾਤ ਇਹ ਬਣਦੇ ਜਾ ਰਹੇ ਹਨ ਕਿ ਪੀਣ ਵਾਲਾ ਪਾਣੀ ਵੀ ਸ਼ੁਧ ਨਹੀਂ ਰਿਹਾ। ਸਰਕਾਰੀ ਰਿਪੋਰਟਾਂ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਪੰਜਾਬ ਦੇ 13 ਜ਼ਿਲ੍ਹਿਆਂ ਵਿੱਚ ਧਰਤੀ ਹੇਠਲੇ ਪਾਣੀ ’ਚ ਆਰਸੈਨਿਕ ਦੀ ਮਾਤਰਾ ਸੁਰੱਖਿਅਤ ਸੀਮਾ ਤੋਂ ਕਿਤੇ ਵੱਧ ਹੈ। ਇਸ ਤੋਂ ਇਲਾਵਾ ਪੰਜਾਬ ਦੇ 15,384 ਘਰਾਂ ਵਿੱਚੋਂ ਲਏ ਗਏ ਧਰਤੀ ਹੇਠਲੇ ਪਾਣੀ ਦੇ ਨਮੂਨਿਆਂ ਵਿੱਚ ਧਾਤਾਂ ਦੀ ਮਾਤਰਾ ਕਾਫੀ ਵੱਧ ਪਾਈ ਗਈ ਸੀ। ਇਸ ਨੂੰ ਲੈ ਕੇ ਪੰਜਾਬ ਸਰਕਾਰ ਦੇ ਨਾਲ ਹੀ ਕੇਂਦਰ ਸਰਕਾਰ ਵੀ ਅਲਰਟ ਹੋ ਗਈ ਹੈ।

ਇਸ ਮਾਮਲੇ ਨੂੰ ਲੈ ਕੇ ਭਾਰਤ ਸਰਕਾਰ ਦਾ ਭੂ-ਸਰਵੇਖਣ ਵਿਭਾਗ (ਜੀਐਸਆਈ) ਪੰਜਾਬ ਤੇ ਹਰਿਆਣਾ ਦੇ ਕਈ ਹਿੱਸਿਆਂ ਵਿੱਚ ਜ਼ਮੀਨ ਹੇਠਲੇ ਪਾਣੀ ’ਚ ਭਾਰੀਆਂ ਧਾਤਾਂ ਤੇ ਹੋਰ ਖਣਿਜਾਂ ਦੀ ਮੌਜੂਦਗੀ ਕਾਰਨ ਪ੍ਰਦੂਸ਼ਣ ਦੇ ਪੱਧਰ ਨੂੰ ਜਾਂਚਣ ਲਈ ਇੱਕ ਪ੍ਰਾਜੈਕਟ ‘ਤੇ ਕੰਮ ਕਰੇਗਾ। ਇਸ ਪ੍ਰਾਜੈਕਟ ਤਹਿਤ ਇੱਕ ਨਕਸ਼ਾ ਤਿਆਰ ਕੀਤਾ ਜਾਵੇਗਾ, ਜਿਸ ਵਿੱਚ ਪ੍ਰਦੂਸ਼ਣ ਤੋਂ ਪ੍ਰਭਾਵਿਤ ਤੇ ਇਸ ਦੀ ਮਾਰ ਤੋਂ ਬਚੇ ਹੋਏ ਇਲਾਕਿਆਂ ਨੂੰ ਦਰਸਾਇਆ ਜਾਵੇਗਾ।

ਇਸ ਪ੍ਰਾਜੈਕਟ ਨੂੰ ਦੋ ਸਾਲਾਂ ਵਿਚ ਮੁਕੰਮਲ ਕੀਤਾ ਜਾਵੇਗਾ ਤੇ ਇਹ ਪੰਜਾਬ ਦੇ ਲੁਧਿਆਣਾ, ਜਲੰਧਰ ਤੇ ਨਵਾਂ ਸ਼ਹਿਰ ਜ਼ਿਲ੍ਹਿਆਂ ਵਿੱਚ ਲਾਗੂ ਕੀਤਾ ਜਾਵੇਗਾ। ਇਸ ਤੋਂ ਇਲਾਵਾ ਹਰਿਆਣਾ ਦੇ ਰੋਹਤਕ ਤੇ ਭਿਵਾਨੀ ਜ਼ਿਲ੍ਹਿਆਂ ਵਿੱਚ ਵੀ ਪਾਣੀ ਵਿਚ ਪ੍ਰਦੂਸ਼ਣ ਦੇ ਪੱਧਰ ਨੂੰ ਜਾਂਚਿਆ ਜਾਵੇਗਾ।

ਦੱਸ ਦਈਏ ਕਿ ਖਣਿਜ ਤੇ ਭਾਰੀਆਂ ਧਾਤਾਂ (ਹੈਵੀ ਮੈਟਲਜ਼) ਵਾਤਾਵਰਨ ਵਿਚ ਬਹੁਤ ਘੱਟ ਮਿਕਦਾਰ ਵਿਚ ਮੌਜੂਦ ਹਨ ਤੇ ਜੇਕਰ ਇਨ੍ਹਾਂ ਦਾ ਪੱਧਰ ਮਨੁੱਖ ਦੇ ਸਰੀਰ ਅੰਦਰ ਲੰਮੇ ਸਮੇਂ ਲਈ ਉੱਚੇ ਪੱਧਰ ਉਤੇ ਰਹਿੰਦਾ ਹੈ ਤਾਂ ਇਹ ਜ਼ਹਿਰੀਲੇ ਸਾਬਤ ਹੋ ਸਕਦੇ ਹਨ। ਇਨ੍ਹਾਂ ਵਿਚ ਪਾਰਾ, ਨਿੱਕਲ, ਪਲੈਟੀਨਮ, ਯੂਰੇਨੀਅਮ, ਥੈਲੀਅਮ, ਲੈੱਡ (ਸੀਸਾ), ਲੋਹਾ, ਆਰਸੈਨਿਕ, ਮੈਗਨੀਜ਼ ਤੇ ਹੋਰ ਧਾਤਾਂ-ਖਣਿਜ ਸ਼ਾਮਲ ਹਨ।

ਇਸ ਪ੍ਰਾਜੈਕਟ ਤਹਿਤ ਜੀਓਜੈਨਿਕ ਦੀ ਮੌਜੂਦਗੀ ਵੀ ਖੋਜੀ ਜਾਵੇਗੀ, ਜੋ ਕਿ ਮਿੱਟੀ ਵਿਚ ਹੁੰਦੀ ਹੈ ਤੇ ਨਾਲ ਹੀ ਐਂਥਰੋਪੋਜੈਨਿਕ ਦੀ ਮੌਜੂਦਗੀ ਵੀ ਜਾਂਚ ਵੀ ਕੀਤੀ ਜਾਵੇਗੀ, ਜੋ ਮਨੁੱਖੀ ਗਤੀਵਿਧੀ ਨਾਲ ਸਬੰਧਤ ਹੈ। ਪ੍ਰਦੂਸ਼ਣ ਦੇ ਕਾਰਨ ਖੋਜ ਕੇ ਸੰਭਵ ਹੱਲ ਸੁਝਾਏ ਜਾਣਗੇ। ‘ਜੀਐੱਸਆਈ’ ਇਸ ਪ੍ਰਾਜੈਕਟ ਨੂੰ ਕੇਂਦਰੀ ‘ਗਰਾਊਂਡ ਵਾਟਰ ਬੋਰਡ’ ਨਾਲ ਮਿਲ ਕੇ ਸਿਰੇ ਚੜ੍ਹਾਏਗਾ।

ਹਾਸਲ ਜਾਣਕਾਰੀ ਮੁਤਾਬਕ ਕੁਝ ਸਰਕਾਰੀ ਰਿਪੋਰਟਾਂ ਵਿੱਚ ਕਿਹਾ ਗਿਆ ਸੀ ਕਿ ਪੰਜਾਬ ਦੇ 13 ਜ਼ਿਲ੍ਹਿਆਂ ਵਿਚ ਧਰਤੀ ਹੇਠਲੇ ਪਾਣੀ ’ਚ ਆਰਸੈਨਿਕ ਦੀ ਮਾਤਰਾ ਸੁਰੱਖਿਅਤ ਸੀਮਾ ਤੋਂ ਵੱਧ ਹੈ। ਇਸ ਤੋਂ ਇਲਾਵਾ ਪੰਜਾਬ ਦੇ 15,384 ਘਰਾਂ ਵਿਚੋਂ ਲਏ ਗਏ ਧਰਤੀ ਹੇਠਲੇ ਪਾਣੀ ਦੇ ਨਮੂਨਿਆਂ ਵਿਚ ਧਾਤਾਂ ਦੀ ਮਾਤਰਾ ਕਾਫੀ ਵੱਧ ਪਾਈ ਗਈ ਸੀ।

ਇਸ ਤੋਂ ਪਹਿਲਾਂ ਕੀਤੇ ਗਏ ਅਧਿਐਨ ਵਿਚ ਅੰਮ੍ਰਿਤਸਰ ਤੇ ਗੁਰਦਾਸਪੁਰ ਜ਼ਿਲ੍ਹਿਆਂ ਦੇ ਪਾਣੀ ਵਿਚ ਆਰਸੈਨਿਕ ਤੇ ਫਲੋਰਾਈਡ ਮਿਲਿਆ ਸੀ, ਜਦਕਿ ਹੁਸ਼ਿਆਰਪੁਰ ਦੇ ਪਾਣੀ ਵਿਚ ਸੈਲੇਨੀਅਮ ਮਿਲਿਆ ਸੀ, ਪੰਜਾਬ ਤੇ ਹਰਿਆਣਾ ਦੇ ਕੁਝ ਜ਼ਿਲ੍ਹਿਆਂ ਵਿਚ ਯੂਰੇਨੀਅਮ ਤੇ ਫਲੋਰਾਈਡ ਵੀ ਮਿਲਿਆ ਸੀ। ਮਾਹਰਾਂ ਦਾ ਕਹਿਣਾ ਹੈ ਕਿ ਲੁਧਿਆਣਾ ਤੇ ਜਲੰਧਰ ਜਿਹੇ ਉਦਯੋਗਿਕ ਖੇਤਰਾਂ ਦੇ ਪਾਣੀ ਵਿਚ ਭਾਰੀਆਂ ਧਾਤਾਂ ਦੇ ਪ੍ਰਦੂਸ਼ਣ ਦਾ ਪੱਧਰ ਕਾਫ਼ੀ ਵੱਧ ਹੈ।