The Khalas Tv Blog Punjab ਪੰਜਾਬ ਨੂੰ ਮਿਲੇ ਹੋਰ 400 ਮੁਹੱਲਾ ਕਲੀਨਿਕ,ਮੁੱਖ ਮੰਤਰੀ ਮਾਨ ਤੇ ਆਪ ਸੁਪਰੀਮੋ ਕੇਜਰੀਵਾਲ ਨੇ ਕੀਤਾ ਉਦਘਾਟਨ
Punjab

ਪੰਜਾਬ ਨੂੰ ਮਿਲੇ ਹੋਰ 400 ਮੁਹੱਲਾ ਕਲੀਨਿਕ,ਮੁੱਖ ਮੰਤਰੀ ਮਾਨ ਤੇ ਆਪ ਸੁਪਰੀਮੋ ਕੇਜਰੀਵਾਲ ਨੇ ਕੀਤਾ ਉਦਘਾਟਨ

ਅੰਮ੍ਰਿਤਸਰ :  ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਅੰਮ੍ਰਿਤਸਰ ਦੇ ਪੁਤਲੀਘਰ ‘ਚ 400 ਹੋਰ ਮੁਹੱਲਾ ਕਲੀਨਿਕਾਂ ਦਾ ਉਦਘਾਟਨ ਕੀਤਾ ਹੈ। ਹੁਣ ਪੰਜਾਬ ਵਿੱਚ ਕੁੱਲ 500 ਕਲੀਨਿਕ ਹੋ ਗਏ ਹਨ।

• ਪਠਾਨਕੋਟ ਤੇ ਹੁਸ਼ਿਆਰਪੁਰ ‘ਚ 35 ਨਵੇਂ ਸੈਂਟਰ
• ਲੁਧਿਆਣਾ ‘ਚ 34 ਤੇ ਜਲੰਧਰ ‘ਚ 32 ਕਲੀਨਿਕ
• ਅੰਮ੍ਰਿਤਸਰ, ਗੁਰਦਾਸਪੁਰ ਨੂੰ ਮਿਲੇ 30 ਸੈਂਟਰ

ਇਸ ਮੌਕੇ ਮਾਨ ਨੇ ਕਿਹਾ ਕਿ 100 ਮੁਹੱਲਾ ਕਲੀਨਿਕ 15 ਅਗਸਤ ਨੂੰ ਸਮਰਪਿਤ ਕੀਤੇ ਗਏ ਸਨ ਅਤੇ 400 ਮੁਹੱਲਾ ਕਲੀਨਿਕ ਅੱਜ ਖੋਲ੍ਹੇ ਗਏ ਹਨ। ਪਹਿਲਾਂ ਸਮਰਪਿਤ ਕੀਤੇ ਗਏ ਮੁਹੱਲਾ ਕਲੀਨਿਕਾਂ ਵਿੱਚ ਹੁਣ ਤੱਕ 10 ਲੱਖ 26 ਹਜ਼ਾਰ ਤੋਂ ਜ਼ਿਆਦਾ ਲੋਕ ਓਪੀਡੀ ਦਾ ਫਾਇਦਾ ਉਠਾ ਚੁੱਕੇ ਹਨ ਅਤੇ 1 ਲੱਖ 24 ਹਜ਼ਾਰ ਤੋਂ ਜ਼ਿਆਦਾ ਟੈਸਟ ਕਰਵਾ ਚੁੱਕੇ ਹਨ। ਮੁਹੱਲਾ ਕਲੀਨਿਕਾਂ ਵਿੱਚ ਪੂਰੀ ਤਰ੍ਹਾਂ ਸਫ਼ਾਈ ਦਾ ਧਿਆਨ ਰੱਖਿਆ ਗਿਆ ਹੈ ਅਤੇ ਵਧੀਆ ਡਾਕਟਰ ਇਲਾਜ ਕਰ ਰਹੇ ਹਨ। ਮਾਨ ਨੇ ਕਿਹਾ ਕਿ ਮੁਹੱਲਾ ਕਲੀਨਿਕ ਦਿੱਲੀ ਦਾ ਆਈਡੀਆ ਹੈ। ਮਾਨ ਨੇ ਕਿਹਾ ਕਿ ਰੰਗਲਾ ਪੰਜਾਬ ਤੋਂ ਪਹਿਲਾਂ ਸਿਹਤਮੰਦ ਪੰਜਾਬ ਬਣਾਉਣਾ ਹੈ।

ਮਾਨ ਨੇ ਐਲਾਨ ਕੀਤਾ ਕਿ ਹਫ਼ਤੇ ਵਿੱਚ ਦੋ ਦਿਨ ਜ਼ਿਲ੍ਹੇ ਦਾ ਡੀਸੀ, ਏਡੀਸੀ, ਐੱਸਡੀਐੱਮ, ਤਹਿਸੀਲਦਾਰ ਪਿੰਡਾਂ ਵਿੱਚ ਅਨਾਊਸਮੈਂਟਾਂ ਕਰਵਾ ਕੇ ਪਿੰਡਾਂ ਦੇ ਬੋਹੜਾਂ ਥੱਲੇ ਬੈਠ ਕੇ ਲੋਕਾਂ ਦੀਆਂ ਸਮੱਸਿਆਵਾਂ ਸੁਣਨਗੇ। ‘ਸਰਕਾਰ ਤੁਹਾਡੇ ਦੁਆਰ’ ਪ੍ਰੋਗਰਾਮ ਅਸੀਂ ਜਲਦ ਸ਼ੁਰੂ ਕਰਾਂਗੇ। ਮਾਨ ਨੇ ਕਿਹਾ ਕਿ ਬੁਢਾਪਾ ਪੈਨਸ਼ਨਾਂ ਹੁਣ ਘਰੇ ਆਇਆ ਕਰਨਗੀਆਂ।

ਸਕੂਲ ਆਫ਼ ਐਮੀਨੈਂਸ ਦੀ ਸ਼ਲਾਘਾ ਕਰਦਿਆਂ ਮਾਨ ਨੇ ਕਿਹਾ ਕਿ ਬੱਚਾ ਜਿਸ ਵੀ ਫੀਲਡ ਵਿੱਚ ਜਾਣਾ ਚਾਹੇਗਾ, ਉਸਨੂੰ ਉਹੀ ਪੜਾਈ ਕਰਾਈ ਜਾਵੇਗੀ। ਮਾਨ ਨੇ ਪੁਰਾਣੀਆਂ ਸਰਕਾਰਾਂ ‘ਤੇ ਨਿਸ਼ਾਨਾ ਕਸਦਿਆਂ ਕਿਹਾ ਕਿ ਸਾਨੂੰ ਓਨਾ ਅੰਗਰੇਜ਼ਾਂ ਨੇ ਨਹੀਂ ਲੁੱਟਿਆ ਜਿਨ੍ਹਾਂ ਆਪਣਿਆਂ ਨੇ ਲੁੱਟਿਆ ਹੈ। ਇਸ ਲਈ ਆਪ ਹੁਣ ਭ੍ਰਿਸ਼ਟਾਚਾਰੀਆਂ ਦੇ ਖਿਲਾਫ਼ ਸਖ਼ਤ ਐਕਸ਼ਨ ਲੈ ਰਹੀ ਹੈ, ਜਨਤਾ ਦਾ ਇੱਕ ਵੀ ਪੈਸਾ ਬਰਬਾਦ ਨਹੀਂ ਹੋਣ ਦਿੱਤਾ ਜਾਵੇਗਾ। ਪੁਰਾਣਿਆਂ ਨੇ ਆਪਣਾ ਕਰਜ਼ਾ ਉਤਾਰ ਕੇ ਪੰਜਾਬ ਸਿਰ ਕਰਜ਼ਾ ਚੜਾ ਦਿੱਤਾ ਹੈ। ਹੁਣ ਇਨ੍ਹਾਂ ਤੋਂ ਪੈਸਾ ਵਾਪਸ ਖ਼ਜ਼ਾਨੇ ਵਿੱਚ ਪਾਇਆ ਜਾਵੇਗਾ। ਦਿੱਲੀ ਦੀ ਆਪ ਸਰਕਾਰ ਦੀ ਤਾਰੀਫ਼ ਕਰਦਿਆਂ ਲੋਕਾਂ ਨੂੰ ਦਿੱਤੀਆਂ ਜਾਂਦੀਆਂ ਸਹੂਲਤਾਂ ਦਾ ਵੀ ਮਾਨ ਨੇ ਜ਼ਿਕਰ ਕੀਤਾ ਕਿ ਦਿੱਲੀ ਉੱਤੇ ਇੱਕ ਰੁਪਏ ਦਾ ਵੀ ਕਰਜ਼ਾ ਨਹੀਂ ਚੜਨ ਦਿੱਤਾ ਗਿਆ।

ਇਸ ਮੌਕੇ ਦਿੱਲੀ ਦੇ ਮੁੱਖ ਮੰਤਰੀ ਅਤੇ ਆਪ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਦਿੱਲੀ ਦੀ ਤਰਜ਼ ਉੱਤੇ ਮੁਹੱਲਾ ਕਲੀਨਿਕਾਂ ਦੀ ਡਿਮਾਂਡ ਕੀਤੀ ਸੀ। ਦਿੱਲੀ ਵਿੱਚ ਜੋ ਚੰਗੇ ਕੰਮ ਹੋਏ ਹਨ, ਪੰਜਾਬ ਵਿੱਚ ਵੀ ਉਹੀ ਕੰਮ ਤੇਜ਼ੀ ਨਾਲ ਹੋਣਗੇ। ਹੁਣ ਤੱਕ ਪੰਜਾਬ ਦੀ ਰਾਜਨੀਤੀ ਕੁਝ ਪਰਿਵਾਰਾਂ ਦੇ ਹੱਥ ਵਿੱਚ ਗਿਰਵੀ ਰੱਖੀ ਹੋਈ ਸੀ। ਪਾਰਟੀਆਂ ਨੇ ਆਪਸ ਵਿੱਚ ਮਿਲ ਕੇ ਪੰਜਾਬ ਨੂੰ ਲੁੱਟ ਕੇ ਖਾ ਲਿਆ ਸੀ। ਕੇਜਰੀਵਾਲ ਨੇ ਅੱਜ ਇੱਕ ਹੋਰ ਗਾਰੰਟੀ ਦਿੱਤੀ ਕਿ ਜਿੰਨੀਆਂ ਵੀ ਗਾਰੰਟੀਆਂ ਦਿੱਤੀਆਂ ਸਨ, ਪੰਜ ਸਾਲਾਂ ਵਿੱਚ ਸਾਰੀਆਂ ਗਾਰੰਟੀਆਂ ਪੂਰੀਆਂ ਕੀਤੀਆਂ ਜਾਣਗੀਆਂ। ਬਸ ਤੁਸੀਂ ਥੋੜੀ ਜਿਹੀ ਸ਼ਾਂਤੀ ਰੱਖਿਓ, ਥੋੜਾ ਸਮਾਂ ਲੱਗਦਾ ਹੈ, ਅਸੀਂ ਤੁਹਾਡੀਆਂ ਉਮੀਦਾਂ ਉੱਤੇ ਖਰਾ ਉੱਤਰਾਂਗੇ। ਕੇਜਰੀਵਾਲ ਨੇ ਕਿਹਾ ਕਿ ਜੇ ਸਾਡਾ ਕੋਈ ਵੀ ਨਜ਼ਦੀਕੀ ਭ੍ਰਿਸ਼ਟਾਚਾਰ ਕਰਦਾ ਫੜਿਆ ਗਿਆ ਤਾਂ ਉਸਨੂੰ ਵੀ ਬਖਸ਼ਿਆ ਨਹੀਂ ਜਾਵੇਗਾ। ਕੇਜਰੀਵਾਲ ਨੇ ਕਿਹਾ ਕਿ ਪਿਛਲੇ ਕੁਝ ਦਿਨਾਂ ਵਿੱਚ 26 ਹਜ਼ਾਰ ਲੋਕਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਗਈਆਂ ਹਨ। ਕੱਚੇ ਕਰਮਚਾਰੀਆਂ ਨੂੰ ਪੱਕਾ ਕੀਤਾ ਜਾ ਰਿਹਾ ਹੈ। ਕਾਨੂੰਨ ਵਿਵਸਥਾ ਨੂੰ ਲੈ ਕੇ ਪੰਜਾਬ ਪੂਰੀ ਦੁਨੀਆ ਵਿੱਚ ਦੂਜੇ ਨੰਬਰ ਉੱਤੇ ਆਇਆ ਹੈ।

Exit mobile version