‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਸੂਬੇ ਵਿੱਚ ਕਰੋਨਾ ਦੇ ਵੱਧਦੇ ਮਾਮਲਿਆਂ ‘ਤੇ ਚਿੰਤਾ ਜ਼ਾਹਿਰ ਕਰਦਿਆਂ ਕਿ ਪੰਜਾਬ ਵਿੱਚ ਬਿਨਾਂ ਲੌਕਡਾਊਨ ਦੇ ਹਾਲਾਤਾਂ ਨੂੰ ਕਾਬੂ ਕਰਨਾ ਬੇਹੱਦ ਮੁਸ਼ਕਿਲ ਹੈ। ਉਨ੍ਹਾਂ ਨੇ ਕਿਹਾ ਕਿ ਉਹ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੀਤੀ ਜਾਣ ਵਾਲੀ ਕੋਵਿਡ ਰਿਵਿਊ ਮੀਟਿੰਗ ਵਿੱਚ 10 ਦਿਨ ਦੇ ਲੌਕਡਾਊਨ ਲਾਉਣ ਦੀ ਸਿਫਾਰਸ਼ ਕਰਨਗੇ। ਬਲਬੀਰ ਸਿੱਧੂ ਨੇ ਕਿਹਾ ਕਿ ਲੋਕਾਂ ਵੱਲੋਂ ਕਰੋਨਾ ਨਿਯਮਾਂ ਦੀ ਪਾਲਣਾ ਸਹੀ ਢੰਗ ਨਾਲ ਨਹੀਂ ਕੀਤੀ ਜਾ ਰਹੀ।
ਉਨ੍ਹਾਂ ਕਿਹਾ ਕਿ ਕੋਰੋਨਾ ਕਾਰਨ ਜਿਸ ਕਿਸਮ ਦੀ ਸਥਿਤੀ ਪੈਦਾ ਹੋਈ ਹੈ, ਉਸ ਨੂੰ ਬਿਨਾਂ ਤਾਲਾਬੰਦੀ ਤੋਂ ਕਾਬੂ ਕਰਨਾ ਮੁਸ਼ਕਲ ਹੈ। ਪਰ ਦੂਜੇ ਪਾਸੇ ਲੋਕ ਇਸ ਨੂੰ ਸਵੀਕਾਰ ਕਰਨ ਲਈ ਤਿਆਰ ਨਹੀਂ ਹਨ। ਪਿੰਡਾਂ ਦੀ ਸਥਿਤੀ ਸ਼ਹਿਰ ਨਾਲੋਂ ਵੀ ਭੈੜੀ ਹੈ, ਪਿੰਡ ਦੇ ਲੋਕ ਟੈਸਟ ਕਰਵਾਉਣ ਤੋਂ ਵੀ ਡਰਦੇ ਹਨ। ਅਸੀਂ ਹੁਕਮ ਜਾਰੀ ਕੀਤੇ ਹਨ ਕਿ ਸਾਰੇ ਸਿਵਲ ਸਰਜਨ ਉਨ੍ਹਾਂ ਦੇ ਅਧਿਕਾਰ ਖੇਤਰ ਅਧੀਨ ਆਉਂਦੇ ਖੇਤਰ ਦੇ ਸਾਰੇ ਆਰ.ਐਮ.ਪੀ. ਡਾਕਟਰ ਨਾਲ ਸੰਪਰਕ ਕਰਨ ਅਤੇ ਉਨ੍ਹਾਂ ਤੋਂ ਡਾਟਾ ਲੈਣ ਕਿ ਉਨ੍ਹਾਂ ਕੋਲ ਕਿੰਨੇ ਬੁਖਾਰ, ਖਾਂਸੀ ਅਤੇ ਜ਼ੁਕਾਮ ਦੇ ਮਰੀਜ਼ ਆਏ ਹਨ।
ਹੈਲਪਲਾਈਨ ਨੰਬਰ ਕੀਤੇ ਜਾਰੀ
ਬਲਬੀਰ ਸਿੱਧੂ ਨੇ ਲੋਕਾਂ ਲਈ ਜਾਰੀ ਕੀਤੇ ਗਏ ਤਿੰਨ ਕੋਵਿਡ ਹੈਲਪਲਾਈਨ ਨੰਬਰਾਂ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਹ ਨੰਬਰ ਸੂਬਾ ਪੱਧਰ ਹੈੱਡਕੁਆਰਟਰ ਦੇ ਨੰਬਰ ਹਨ। ਇਨ੍ਹਾਂ ਨੰਬਰਾਂ ‘ਤੇ ਜਿੰਨੇ ਵੀ ਲੋਕਾਂ ਦੇ ਫੋਨ ਆਉਣਗੇ, ਉਨ੍ਹਾਂ ਦੀਆਂ ਮੁਸ਼ਕਿਲਾਂ ਨੂੰ ਸੁਣਿਆ ਜਾਵੇਗਾ ਅਤੇ ਉਸ ਤੋਂ ਬਾਅਦ ਹੈਲਥ ਵਰਕਰ ਮੈਨੂੰ ਫੋਨ ਕਰਕੇ ਇਸ ਬਾਰੇ ਜਾਣਕਾਰੀ ਦੇਣਗੇ। ਉਸ ਤੋਂ ਬਾਅਦ ਅਸੀਂ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਦੂਰ ਕਰਾਂਗੇ। ਲੋੜਵੰਦ ਲੋਕ 9115127102, 9115158100 ਅਤੇ 9115159100 ‘ਤੇ ਸੰਪਰਕ ਕਰ ਸਕਦੇ ਹਨ।
ਇਨ੍ਹਾਂ ਨੰਬਰਾਂ ‘ਤੇ ਫੋਨ ਕਰਕੇ ਮਰੀਜ਼ ਕਿਸੇ ਵੀ ਪ੍ਰਕਾਰ ਦੀ ਸਲਾਹ ਲੈ ਸਕਦਾ ਹੈ, ਬੈੱਡਾਂ ਬਾਰੇ ਪਤਾ ਕਰ ਸਕਦਾ ਹੈ। ਜੇਕਰ ਮਰੀਜ਼ ਨੂੰ ਆਕਸੀਜਨ ਵੈਂਟੀਲੇਟਰ ਚਾਹੀਦਾ ਹੈ, ਪਰ ਉਸਨੂੰ ਪਤਾ ਨਹੀਂ ਹੈ ਕਿ ਕਿਸ ਹਸਪਤਾਲ ਵਿੱਚ ਆਕਸੀਜਨ ਵੈਂਟੀਲੇਟਰ ਉਪਲੱਬਧ ਹੈ ਤਾਂ ਉਸਨੂੰ ਇਨ੍ਹਾਂ ਨੰਬਰਾਂ ਦੇ ਰਾਹੀਂ ਸਾਰੀ ਜਾਣਕਾਰੀ ਮਿਲ ਜਾਵੇਗੀ। ਇਸ ਨਾਲ ਉਸ ਮਰੀਜ਼ ਨੂੰ ਤੁਰੰਤ ਹੀ ਹਸਪਤਾਲ ਵਿੱਚ ਦਾਖਲ ਕੀਤਾ ਜਾਵੇਗਾ।
ਪੰਜਾਬ ਨੂੰ ਮਿਲਣਗੇ 250 ਹੋਰ ਨਵੇਂ ਡਾਕਟਰ
ਬਲਬੀਰ ਸਿੱਧੂ ਨੇ ਕਿਹਾ ਕਿ ਲੈਵਲ 2 ਵਾਲੇ ਕਾਫੀ ਬੈੱਡ ਭਰ ਗਏ ਹਨ ਅਤੇ ਲੈਵਲ 3 ਵਾਲੇ ਕੁੱਝ ਬੈੱਡ ਹਾਲੇ ਉਪਲੱਬਧ ਹਨ। ਸਾਡੇ ਵੈਂਟੀਲੇਟਰ ਕਾਫੀ ਖਾਲੀ ਵੀ ਪਏ ਹਨ, ਇਸ ਲਈ ਸਾਡੀ ਕੋਲ ਹਜ਼ਾਰ ਕੁ ਵੈਂਟੀਲੇਟਰ ਦੀ ਸਮਰੱਥਾ ਹੈ। ਸਿੱਧੂ ਨੇ ਕਿਹਾ ਕਿ ਉਨ੍ਹਾਂ ਨੇ ਅੱਜ 25 ਨਵੇਂ ਡਾਕਟਰਾਂ ਨੂੰ ਵੀ ਨਿਯੁਕਤ ਕੀਤਾ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ 250 ਡਾਕਟਰਾਂ ਨੂੰ ਹੋਰ ਭਰਤੀ ਕੀਤਾ ਜਾਵੇਗਾ।