Khaas Lekh Khalas Tv Special Punjab

ਪੰਜਾਬੀ ਆਪ ਨੂੰ ਥਾਲੀ ‘ਚ ਪਰੋਸ ਕੇ ਦੇਣਗੇ ਸੱਤਾ !

– ਕਮਲਜੀਤ ਸਿੰਘ ਬਨਵੈਤ / ਪੁਨੀਤ ਕੌਰ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਵਿਧਾਨ ਸਭਾ ਚੋਣਾਂ ਲਈ ਵੋਟਾਂ ਪੈਣ ਤੋਂ ਬਾਅਦ ਅਤੇ ਨਤੀਜਿਆਂ ਤੋਂ ਪਹਿਲਾਂ ਧੜਾਧੜ ਸਾਹਮਣੇ ਆ ਰਹੇ ਐਗਜ਼ਿਟ ਪੋਲ ਆਮ ਆਦਮੀ ਪਾਰਟੀ ਨੂੰ ਸਭ ਤੋਂ ਉੱਪਰ ਦਿਖਾ ਰਹੇ ਹਨ। ਸਿਆਸੀ ਪਾਰਟੀਆਂ ਨੂੰ ਇਨ੍ਹਾਂ ਐਗਜ਼ਿਟ ਪੋਲਾਂ ਉੱਤੇ ਇਤਰਾਜ਼ ਹੈ। ਕੋਈ ਇਨ੍ਹਾਂ ਦੀ ਭਰੋਸੇਯੋਗਤਾ ਉੱਤੇ ਸਵਾਲ ਚੁੱਕ ਰਿਹਾ ਹੈ। ਹੋਰ ਇਨ੍ਹਾਂ ਨੂੰ ਸਪਾਂਸਰਡ ਕਹਿ ਰਹੇ ਹਨ। ਕਈ ਪਾਸਿਆਂ ਤੋਂ ਅਜਿਹੀਆਂ ਊਝਾਂ ਵੀ ਲੱਗਣ ਲੱਗੀਆਂ ਹਨ ਕਿ ਐਗਜ਼ਿਟ ਪੋਲ ਕਮਾਈ ਦਾ ਵੱਡਾ ਧੰਦਾ ਬਣ ਚੁੱਕੇ ਹਨ। ਵਪਾਰੀ ਸੱਟੇ ਦੀ ਤਰ੍ਹਾਂ ਐਗਜ਼ਿਟ ਪੋਲ ਉੱਤੇ ਪੈਸਾ ਲਾਉਂਦੇ ਹਨ। ਸਿਆਸੀ ਪਾਰਟੀਆਂ ਦਾ ਇਹ ਕਹਿਣਾ ਕਿ ਸਾਲ 2012 ਅਤੇ 2017 ਦੀਆਂ ਵਿਧਾਨ ਸਭਾ ਚੋਣਾਂ ਵੇਲੇ ਐਗਜ਼ਿਟ ਪੋਲ ਸੱਚ ਤੋਂ ਕਾਫ਼ੀ ਦੂਰ ਰਹੇ ਹਨ, ਦਿਲ ਨੂੰ ਧਰਵਾਸ ਦੇਣ ਦਾ ਜ਼ਰੀਆ ਤਾਂ ਬਣ ਸਕਦੇ ਹਨ ਪਰ ਜ਼ਰੂਰੀ ਨਹੀਂ ਕਿ ਇਸ ਵਾਰ ਐਗਜ਼ਿਟ ਪੋਲ ਪਿਛਲੇ ਸਾਲਾਂ ਦੀ ਤਰ੍ਹਾਂ ਕੱਚੇ ਪਿੱਲੇ ਨਿਕਲਣ।

ਐਗਜ਼ਿਟ ਪੋਲ ਇਸ ਵਾਰ ਪਿਛਲੀਆਂ ਦੋ ਵਾਰੀਆਂ ਦੇ ਉਲਟ ਸਹੀ ਨਿਕਲਦੇ ਹਨ, ਸੱਚੇ ਦੇ ਨੇੜੇ ਨਿਕਲਦੇ ਹਨ ਤਾਂ ਇਹ ਸਮਝ ਲਿਆ ਜਾਵੇ ਕਿ ਪੰਜਾਬੀ ਆਮ ਆਦਮੀ ਪਾਰਟੀ ਨੂੰ ਸੱਤਾ ਥਾਲੀ ਵਿੱਚ ਪਰੋਸ ਕੇ ਦੇ ਰਹੇ ਹਨ। ਇਸ ਵਾਰ ਬਦਲਾਅ ਦੀ ਗੱਲ ਤੁਰੀ ਹੈ। ਇਹ ਨਵੀਂ ਨਹੀਂ। ਪਿਛਲੀ ਵਾਰ ਵੀ ਤਬਦੀਲੀ ਦੇ ਨਾਂ ਉੱਤੇ ਹੀ ਚੋਣਾਂ ਹੋਈਆਂ ਸਨ। ਬਦਲਾਅ ਕਰਕੇ ਹੀ ਆਪ 2014 ਦੀਆਂ ਲੋਕ ਸਭਾ ਚੋਣਾਂ ਵਿੱਚ ਕੁੱਲ ਦਾ 25 ਫ਼ੀਸਦੀ ਵੋਟ ਨੂੰ ਹੱਥ ਮਾਰ ਗਈ ਸੀ। ਪਹਿਲੀ ਸੱਟੇ ਹੀ ਪੰਜਾਬ ਵਿੱਚੋਂ ਚਾਰ ਐੱਮਪੀ ਚੁਣੇ ਗਏ। ਹੋਰ ਅੱਧੀ ਦਰਜਨ ਵੀ ਨੇੜੇ ਪੁੱਜ ਕੇ ਜਿੱਤ ਨੂੰ ਹੱਥ ਲਾਉਣ ਤੋਂ ਖੁੰਝ ਗਏ ਸਨ। ਉਸ ਤੋਂ ਬਾਅਦ 2017 ਵਿਧਾਨ ਸਭਾ ਚੋਣਾਂ ਵਿੱਚ ਆਪ ਦੀ ਕਾਰਗੁਜ਼ਾਰੀ 2014 ਨਾਲੋਂ ਢਿੱਲੀ ਰਹੀ। ਲੋਕ ਸਭਾ 2019 ਦੀਆਂ ਚੋਣਾਂ ਵਿੱਚ ਆਪ ਦਾ ਗ੍ਰਾਫ ਹੋਰ ਹੇਠਾਂ ਆਇਆ। ਇਤਿਹਾਸ ਨੂੰ ਫਰੋਲਿਆ ਇੱਕ ਗੱਲ ਸਾਹਮਣੇ ਆਉਂਦੀ ਹੈ ਕਿ ਇਹ ਜ਼ਰੂਰੀ ਨਹੀਂ ਕਿ ਆਪ ਇਸ ਵਾਰ ਵੀ ਉੱਭਰ ਨਾ ਸਕੇ। ਗੁਆਂਢੀ ਮੁਲਕ ਪਾਕਿਸਤਾਨ ਦੀ ਉਦਾਹਰਨ ਸਾਹਮਣੇ ਹੈ। ਇਮਰਾਨ ਖਾਨ ਨੂੰ ਮੂਲੋਂ ਹੀ ਨਕਾਰਨ ਵਾਲੀ ਜਨਤਾ ਨੇ ਬਾਅਦ ਵਿੱਚ ਉਹਦੇ ਸਿਰ ਉੱਤੇ ਪ੍ਰਧਾਨ ਮੰਤਰੀ ਦਾ ਤਾਜ ਸਜਾ ਦਿੱਤਾ ਸੀ।

ਪੰਜਾਬ ਵਿੱਚੋਂ ਸੁਣ ਰਹੀਆਂ ਆਵਾਜ਼ਾਂ ਦੀ ਗੱਲ ਕਰੀਏ ਤਾਂ ਲੋਕਾਂ ਨੇ ਵੋਟ ਨਾ ਭਗਵੰਤ ਮਾਨ ਨੂੰ ਪਾਈ ਹੈ, ਨਾ ਕੇਜਰੀਵਾਲ ਨੂੰ, ਬਸ ਝਾੜੂ ਫੇਰਿਆ ਹੈ। ਜਦੋਂ ਅਜਿਹੀ ਹਨੇਰੀ ਵਗੀ ਹੋਵੇ ਤਾਂ ਉਹਦਾ ਮਤਲਬ ਇਹ ਕਿ ਲੋਕਾਂ ਦਾ ਦੋਵੇਂ ਰਵਾਇਤੀ ਪਾਰਟੀਆਂ ਤੋਂ ਮੋਹ ਭੰਗ ਹੋ ਚੁੱਕਾ ਹੈ। ਅਸਲ ਵਿੱਚ ਲੋਕਾਂ ਦੀ ਜ਼ੁਬਾਨ ਉੱਤੇ ਇੱਕੋ ਗੱਲ ਸੁਣਨ ਨੂੰ ਮਿਲੀ ਹੈ ਕਿ ਦੋਵਾਂ ਪਾਰਟੀਆਂ ਨੂੰ ਦਸ-ਦਸ ਸਾਲ ਦੇ ਕੇ ਵੇਖ ਲਏ। ਇੱਕ ਵਾਰ ਨਵਿਆਂ ਨੂੰ ਮੌਕਾ ਦੇਣ ਵਿੱਚ ਕੀ ਹਰਜ਼, ਜੇ ਇਹ ਵੀ ਨਿਕੰਮੇ ਨਿਕਲੇ ਤਾਂ ਕਿਹੜਾ ਕੁੰਭ ਦਾ ਮੇਲਾ ਜਿਹੜਾ ਬਾਰ੍ਹੀਂ ਸਾਲੀਂ ਭਰਨਾ। ਲੋਕਾਂ ਦੀ ਬਦਲਾਅ ਦੀ ਚਾਹਤ ਦੇ ਅਰਥਾਂ ਨੂੰ ਡੂੰਘਾਈ ਨਾਲ ਲਿਆ ਜਾਵੇ ਤਾਂ ਇਸਦਾ ਮਤਲਬ ਇਹ ਕਿ ਵੋਟਰ ਦੋਵੇਂ ਰਵਾਇਤੀ ਪਾਰਟੀਆਂ ਨੂੰ ਮੁਕਾ ਕੇ ਆਪ ਨੂੰ ਮੌਕਾ ਦੇਣਾ ਚਾਹ ਰਹੇ ਹਨ। ਲੋਕਾਂ ਦੀ ਜੀਭ ਉੱਤੇ ਚੜੇ ਬਦਲਾਅ ਵਿੱਚੋਂ ਨਿਰਾਸ਼ਤਾ ਸਾਫ਼ ਝਲਕਦੀ ਹੈ। ਉਨ੍ਹਾਂ ਦੀਆਂ ਅੱਖਾਂ ਨੂੰ ਬਹੁਤ ਚਿਰ ਪਹਿਲਾਂ ਪੜ ਲੈਣ ਦੀ ਲੋੜ ਸੀ ਕਿ ਉਹ ਅਕਾਲੀ ਸਰਕਾਰ ਵੇਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਵਾਪਰੀਆਂ ਘਟਨਾਵਾਂ ਤੋਂ ਦੁਖੀ ਹਨ। ਅਕਾਲੀਆਂ ਦੇ ਰਾਜ ਦੌਰਾਨ ਪੰਜਾਬ ਵਿੱਚ ਵਗਣ ਲੱਗੇ ਨਸ਼ਿਆਂ ਦੇ ਛੇਵੇਂ ਦਰਿਆ ਜਿੰਨੇ ਘਰਾਂ ਵਿੱਚ ਸੱਥਰ ਵਿਛਾਏ ਦੀ ਚੀਸ ਮੱਠੀ ਨਹੀਂ ਪੈ ਰਹੀ। ਲੋਕਾਂ ਨੂੰ ਬਾਦਲਾਂ ਦਾ ਪਰਿਵਾਰਵਾਦ ਪਸੰਦ ਨਹੀਂ ਆਇਆ। ਦੇਸ਼ ਵਿੱਚ ਸ਼ਾਇਦ ਇਹ ਪਹਿਲੀ ਵਾਰ ਹੈ ਕਿ ਬਾਪ ਮੁੱਖ ਮੰਤਰੀ, ਪੁੱਤ ਡਿਪਟੀ ਮੁੱਖ ਮੰਤਰੀ, ਜਵਾਈ ਐਕਸਾਈਜ਼ ਵਜ਼ੀਰ, ਨੂੰਹ ਕੇਂਦਰ ਵਿੱਚ ਕੈਬਨਿਟ ਮੰਤਰੀ ਅਤੇ ਉਹਦਾ ਭਰਾ ਸੂਬੇ ਵਿੱਚ ਮਾਲ ਮੰਤਰੀ।

ਕਾਂਗਰਸ ਨੇ ਲੋਕਾਂ ਦੀ ਬਦਲਾਅ ਦੀ ਚਾਹਤ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਢਿੱਲੀ ਕਾਰਗੁਜ਼ਾਰੀ ਨਾਲ ਜੋੜ ਕੇ ਵੇਖਣ ਦਾ ਟਪਲਾ ਖਾ ਲਿਆ। ਕੈਪਟਨ ਨੂੰ ਲਾਂਭੇ ਕਰਨਾ ਪਰ ਮੰਤਰੀ ਮੰਡਲ ਵਿੱਚ ਦਾਗੀ ਮੰਤਰੀਆਂ ਨੂੰ ਥਾਂ ਦੇਣ ਦੇ ਨਾਲ ਨਾਲ ਵਧੇਰੇ ‘ਬਦਨਾਮ’ ਵਿਧਾਇਕਾਂ ਨੂੰ ਝੰਡੀ ਵਾਲੀ ਕਾਰ ਦੇਣ ਦੇ ਨਾਲ ਲੋਕ ਮਨਾਂ ਨੂੰ ਠੇਸ ਲੱਗੀ। ਬਦਲ ਵਜੋਂ ਪੇਸ਼ ਚਰਨਜੀਤ ਸਿੰਘ ਚੰਨੀ ਮਾਫੀਆ ਨੂੰ ਨੱਥ ਪਾਉਣ ਵਿੱਚ ਨਾ ਕਾਮਯਾਬ ਰਹਿਣ ਦੀ ਗੱਲ ਛੱਡ ਦੇਈਏ, ਉਨ੍ਹਾਂ ਉੱਤੇ ਤਾਂ ਆਪ ਮਾਫੀਏ ਦੀ ਸਰਪ੍ਰਸਤੀ ਕਰਨ ਦੇ ਇਲਜ਼ਾਮ ਲੱਗਦੇ ਰਹੇ ਹਨ। ਚੰਨੀ ਲੋਕਾਂ ਅਤੇ ਸਰਕਾਰ ਵਿੱਚ ਨੇੜਤਾ ਬਣਾਉਣ ਦੀ ਥਾਂ ਪਹਿਲਾਂ ਨਾਲੋਂ ਵੀ ਦੂਰੀ ਵਧਾਉਣ ਦਾ ਸਬੱਬ ਬਣੇ। ਆਮ ਆਦਮੀ ਪਾਰਟੀ ਜਿਸਨੂੰ ਲੋਕਾਂ ਨੇ ਹਾਲੇ ਪਰਖਿਆ ਨਹੀਂ, ਆਪ ਜਿਹਨੂੰ ਲੋਕ ਅਨਾੜੀ ਸਮਝਦੇ ਹਨ, ਆਪ ਜਿਹਦੇ ਉੱਤੇ ਬਾਹਰ ਦੇ ਹੋਣ ਦਾ ਟੈਗ ਹੈ, ਆਪ ਜਿਹਦੇ ਉੱਤੇ ਪੰਜਾਬ ਮਸਲਿਆਂ ਨੂੰ ਲੈ ਕੇ ਗਿਰਗਿਟ ਵਾਂਗ ਰੰਗ ਬਦਲਣ ਦਾ ਦੋਸ਼ ਹੈ ਤੇ ਬਦਲਾਅ ਵਜੋਂ ਮੋਹ ਲਾਉਣ ਦਾ ਮਤਲਬ ਕਿ ਪੰਜਾਬੀ ਰਵਾਇਤੀ ਪਾਰਟੀਆਂ ਤੋਂ ਛੁਟਕਾਰਾ ਪਾਉਣ ਦੀ ਚਾਹਤ ਨਾਲ ਨਵੀਂ ਪਾਰਟੀ ਨੂੰ ਸੱਤਾ ਥਾਲੀ ਵਿੱਚ ਪਰੋਸ ਕੇ ਦੇਣ ਦਾ ਮਨ ਬਣਾ ਰਹੇ ਹਨ।

ਸਰਕਾਰ ਕਿਸੇ ਦੀ ਵੀ ਬਣੇ, ਜੇ ਨਸ਼ਿਆਂ, ਬੇਰੁਜ਼ਗਾਰੀ ਅਤੇ ਭ੍ਰਿਸ਼ਟਾਚਾਰ ਨੂੰ ਹੱਥ ਨਾ ਪਾਇਆ, ਪੁਲਿਸ ਅਤੇ ਅਫ਼ਸਰਸ਼ਾਹੀ ਨੂੰ ਨੱਥ ਨਾ ਪਾਈ, ਜਹਾਜ਼ਾਂ ਦੇ ਜਹਾਜ਼ ਭਰ ਕੇ ਬਾਹਰ ਜਾ ਰਹੇ ਨੌਜਵਾਨਾਂ ਦੇ ਮਸਲੇ ਹੱਲ ਨਾ ਕੀਤੇ ਤਾਂ ਅਗਲੀ ਵਾਰ ਲਈ ਹੁਣੇ ਤੋਂ ਲੋਕਾਂ ਦੀ ਕਸਵੱਟੀ ਉੱਤੇ ਖਰੇ ਉੱਤਰਣ ਦਾ ਖਿਆਲ ਛੱਡਣਾ ਚਾਹੀਦਾ ਹੈ।