India

ਪੰਜਾਬ ‘ਚ ਇੱਕ ਦਿਨ ਵਿੱਚ 952 ਮਰੀਜ਼ ਠੀਕ ਹੋਏ, ਭਾਰਤ ਵਿੱਚ ਹੋਰ 103 ਮੌਤਾਂ

‘ਦ ਖ਼ਾਲਸ ਬਿਊਰੋ :- ਪੰਜਾਬ ਵਿੱਚ ਕੱਲ੍ਹ ਤਿੰਨ ਕੁ ਹਫਤਿਆਂ ਤੋਂ ਬਾਅਦ ਕੋਰੋਨਾਵਾਇਰਸ ਤੋਂ ਪੀੜਤ ਵਿਅਕਤੀਆਂ ਦੇ ਮਾਮਲੇ ਵਿੱਚ ਵੱਡੀ ਰਾਹਤ ਮਿਲੀ ਹੈ ਜਦਕਿ ਵੱਡੀ ਗਿਣਤੀ ‘ਚ ਪ੍ਰਭਾਵਿਤ ਵਿਅਕਤੀਆਂ ਨੇ ਵਾਇਰਸ ’ਤੇ ਫਤਿਹ ਪਾਉਂਦਿਆਂ ਹਸਪਤਾਲਾਂ ਅਤੇ ਇਕਾਂਤ ਕੇਂਦਰਾਂ ਤੋਂ ਆਪਣੇ ਘਰਾਂ ਨੂੰ ਕੂਚ ਕਰ ਦਿੱਤਾ ਹੈ। ਸਿਹਤ ਵਿਭਾਗ ਨੇ ਪਿਛਲੇ 24 ਘੰਟਿਆਂ ਦੌਰਾਨ 14 ਨਵੇਂ ਮਾਮਲੇ ਸਾਹਮਣੇ ਆਉਣ ਦੀ ਪੁਸ਼ਟੀ ਕੀਤੀ ਹੈ। ਇਸ ਤਰ੍ਹਾਂ ਹੁਣ ਤੱਕ ਕੁੱਲ 1946 ਮਾਮਲੇ ਉਜਾਗਰ ਹੋ ਚੁੱਕੇ ਹਨ। ਸਿਹਤ ਵਿਭਾਗ ਨੇ ਨਾਲ ਹੀ ਇਹ ਵੀ ਖ਼ੁਲਾਸਾ ਕੀਤਾ ਹੈ ਕਿ ਪਿਛਲੇ ਦੋ ਦਿਨਾਂ ਦੌਰਾਨ 952 ਵਿਅਕਤੀਆਂ ਨੂੰ ਘਰ ਭੇਜ ਦਿੱਤਾ ਗਿਆ ਹੈ।

ਹਸਪਤਾਲਾਂ ਅਤੇ ਆਈਸੋਲੇਸ਼ਨ ਕੇਂਦਰਾਂ ਵਿੱਚ ਇਸ ਸਮੇਂ 657 ਵਿਅਕਤੀ ਹੀ ਇਲਾਜ ਅਧੀਨ ਹਨ ਤੇ ਕੁੱਲ 1257 ਵਿਅਕਤੀ ਹੁਣ ਤੱਕ ਕੋਰੋਨਾਵਾਇਰਸ ਤੋਂ ਨਿਜਾਤ ਪਾ ਚੁੱਕੇ ਹਨ। ਬਰਨਾਲਾ ਅਤੇ ਫਿਰੋਜ਼ਪੁਰ ਦੋ ਅਜਿਹੇ ਜ਼ਿਲ੍ਹੇ ਹਨ ਜਿੱਥੇ ਇਸ ਸਮੇਂ ਕੋਈ ਵੀ ਮਰੀਜ਼ ਇਲਾਜ ਅਧੀਨ ਨਹੀਂ ਹੈ। ਬਰਨਾਲਾ ’ਚੋਂ ਸਾਰੇ 19, ਫਿਰੋਜ਼ਪੁਰ ਦੇ 40 ਤੋਂ ਵੱਧ ਮਰੀਜ਼ਾਂ ਨੂੰ ਹਸਪਤਾਲਾਂ ਤੋਂ ਛੁੱਟੀ ਦੇ ਦਿੱਤੀ ਗਈ ਹੈ। ਅੰਮ੍ਰਿਤਸਰ, ਜਿੱਥੇ ਮਰੀਜ਼ਾਂ ਦਾ ਅੰਕੜਾ ਤਿੰਨ ਸੌ ਦੇ ਕਰੀਬ ਪਹੁੰਚ ਗਿਆ ਸੀ, ਉੱਥੇ ਹੁਣ ਮਹਿਜ਼ 2 ਮਰੀਜ਼ ਹੀ ਰਹਿ ਗਏ ਹਨ। ਮੋਗਾ ’ਚ 1, ਹੁਸ਼ਿਆਰਪੁਰ ’ਚ 3, ਮੁਹਾਲੀ ਵਿੱਚ 4 ਅਤੇ ਗੁਰਦਾਸਪੁਰ ਵਿੱਚ ਵੀ 5 ਹੀ ਮਰੀਜ਼ ਰਹਿ ਗਏ ਹਨ। ਪਿਛਲੇ 24 ਘੰਟਿਆਂ ਦੌਰਾਨ ਲੁਧਿਆਣਾ ’ਚ 3, ਕਪੂਰਥਲਾ ਵਿੱਚ 5, ਰੋਪੜ ਵਿੱਚ 1, ਫਰੀਦਕੋਟ ਵਿੱਚ 3 ਅਤੇ ਜਲੰਧਰ ਵਿੱਚ 2 ਮਾਮਲੇ ਸਾਹਮਣੇ ਆਏ ਹਨ।

ਸਿਹਤ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਹਜ਼ੂਰ ਸਾਹਿਬ ਤੋਂ ਆਏ ਮਰੀਜ਼ਾਂ ’ਚੋਂ ਹੀ ਵੱਡੀ ਗਿਣਤੀ ਦੇ ਨਤੀਜੇ ਪਾਜ਼ਿਟਿਵ ਆਉਣ ‘ਤੇ ਜ਼ਾਹਿਰ ਤੌਰ ’ਤੇ ਕੋਈ ਲੱਛਣ ਨਾ ਹੋਣ ਕਾਰਨ ਹਸਪਤਾਲਾਂ ਅਤੇ ਆਈਸੋਲੇਸ਼ਨ ਕੇਂਦਰਾਂ ਵਿੱਚੋਂ ਛੁੱਟੀ ਕਰ ਦਿੱਤੀ ਗਈ ਹੈ। ਹਸਪਤਾਲਾਂ ਦੇ ਅਮਲੇ ਵੱਲੋਂ ਠੀਕ ਹੋਣ ਵਾਲੇ ਮਰੀਜ਼ਾਂ ਨੂੰ ਫੁੱਲ ਦੇ ਕੇ ਵਿਦਾ ਕੀਤਾ ਗਿਆ ਤੇ ਮਰੀਜ਼ਾਂ ਦੇ ਚਿਹਰਿਆਂ ’ਤੇ ਰੌਣਕਾਂ ਸਨ। ਅਧਿਕਾਰੀਆਂ ਦਾ ਦੱਸਣਾ ਹੈ ਕਿ ਆਉਂਦੇ ਕੁੱਝ ਦਿਨਾਂ ਤੱਕ ਹੋਰ ਮਰੀਜ਼ਾਂ ਨੂੰ ਵੀ ਛੁੱਟੀ ਦੇ ਦਿੱਤੀ ਜਾਵੇਗੀ। ਇਹ ਵੀ ਜ਼ਿਕਰਯੋਗ ਹੈ ਕਿ ਪਿਛਲੇ ਤਿੰਨ ਤੋਂ ਵੱਧ ਹਫ਼ਤਿਆਂ ਦੌਰਾਨ ਸਾਰੇ ਪੰਜਾਬ ’ਚ ਹੀ ਵੱਡੀ ਗਿਣਤੀ ਮਰੀਜ਼ ਸਾਹਮਣੇ ਆਏ ਸਨ। ਖ਼ਾਸਕਰ ਅੰਮ੍ਰਿਤਸਰ, ਜਲੰਧਰ, ਤਰਨਤਾਰਨ, ਲੁਧਿਆਣਾ, ਗੁਰਦਾਸਪੁਰ, ਨਵਾਂ ਸ਼ਹਿਰ, ਮੁਹਾਲੀ ਅਤੇ ਪਟਿਆਲਾ ਵਿੱਚ ਪੀੜਤ ਵਿਅਕਤੀਆਂ ਦੀ ਗਿਣਤੀ ਜ਼ਿਆਦਾ ਸਾਹਮਣੇ ਆਈ ਸੀ। ਇਨ੍ਹਾਂ ਵਿੱਚ ਜ਼ਿਆਦਾਤਰ ਮਰੀਜ਼ ਹਜ਼ੂਰ ਸਾਹਿਬ ਤੋਂ ਆਏ ਸ਼ਰਧਾਲੂ ਅਤੇ ਹੋਰਨਾਂ ਸੂਬਿਆਂ ਤੋਂ ਆਏ ਕੰਬਾਈਨਾਂ ਦੇ ਡਰਾਈਵਰ ਅਤੇ ਹੋਰ ਮਜ਼ਦੂਰ ਸਨ।

ਜਦਕਿ ਭਾਰਤ ਵਿੱਚ ਹੁਣ ਤੱਕ ਕੋਰੋਨਾਵਾਇਰਸ ਦੇ ਕੇਸਾਂ ਦੀ ਗਿਣਤੀ 85,940 ਹੋ ਗਈ ਹੈ ਤੇ 2,752 ਮੌਤਾਂ ਹੋ ਚੁੱਕੀਆਂ ਹਨ। ਪਿਛਲੇ 24 ਘੰਟਿਆਂ ਵਿੱਚ 103 ਮੌਤਾਂ ਹੋਈਆਂ ਹਨ ਤੇ 3,970 ਕੇਸ ਉਜਾਗਰ ਹੋਏ ਹਨ। ਸਿਹਤ ਮੰਤਰਾਲੇ ਮੁਤਾਬਕ ਐਕਟਿਵ ਕੇਸ 53,035 ਹਨ

ਜਦਕਿ 30,152 ਸਿਹਤਯਾਬ ਹੋ ਚੁੱਕੇ ਹਨ। ਇਸ ਤਰ੍ਹਾਂ ਲੋਕਾਂ ਦੇ ਤੰਦਰੁਸਤ ਹੋਣ ਦੀ ਦਰ ਕਰੀਬ 35.08 ਫ਼ੀਸਦ ਹੈ। 15 ਮਈ ਦਿਨ ਸ਼ੁੱਕਰਵਾਰ ਸਵੇਰ ਤੋਂ ਮਹਾਰਾਸ਼ਟਰ ਵਿੱਚ 49, ਗੁਜਰਾਤ ਵਿੱਚ 20, ਪੱਛਮੀ ਬੰਗਾਲ ’ਚ 10 ਤੇ ਦਿੱਲੀ ਵਿੱਚ 8 ਮੌਤਾਂ ਹੋਈਆਂ ਹਨ। ਹੋਰ ਕਈ ਸੂਬਿਆਂ ’ਚ ਵੀ ਮੌਤਾਂ ਦੀ ਸੂਚਨਾ ਹੈ। ਹੁਣ ਤੱਕ ਸਭ ਤੋਂ ਵੱਧ ਮੌਤਾਂ (1068) ਮਹਾਰਾਸ਼ਟਰ ਵਿੱਚ ਹੋਈਆਂ ਹਨ ਜਦਕਿ ਗੁਜਰਾਤ ’ਚ 606 ਵਿਅਕਤੀ ਕੋਵਿਡ ਕਾਰਨ ਜਾਨ ਗੁਆ ਚੁੱਕੇ ਹਨ। 70 ਫ਼ੀਸਦੀ ਮੌਤਾਂ ਅਜਿਹੇ ਕੇਸਾਂ ਵਿੱਚ ਹੋਈਆਂ ਹਨ, ਜਿਨ੍ਹਾਂ ’ਚ ਵਿਅਕਤੀ ਨੂੰ ਪਹਿਲਾਂ ਵੀ ਕੋਈ ਰੋਗ ਸੀ।

ਮਹਾਰਾਸ਼ਟਰ ਵਿੱਚ ਕੇਸਾਂ ਦੀ ਗਿਣਤੀ ਮੁਲਕ ਵਿੱਚ ਸਭ ਤੋਂ ਵੱਧ 29,100 ਹੈ। ਤਾਮਿਲਨਾਡੂ ਵਿੱਚ 10108, ਗੁਜਰਾਤ ਵਿੱਚ 9931, ਦਿੱਲੀ ‘ਚ 8895, ਰਾਜਸਥਾਨ ‘ਚ 4727, ਮੱਧ ਪ੍ਰਦੇਸ਼ ‘ਚ 4595 ਤੇ ਉੱਤਰ ਪ੍ਰਦੇਸ਼ ‘ਚ 4057 ਕੇਸ ਉਜਾਗਰ ਹੋ ਚੁੱਕੇ ਹਨ। ਹਿਮਾਚਲ ਪ੍ਰਦੇਸ਼ ਵਿੱਚ 76, ਜੰਮੂ ਕਸ਼ਮੀਰ ‘ਚ 1013 ਤੇ ਹਰਿਆਣਾ ‘ਚ 818 ਮਾਮਲੇ ਹਨ।