ਬਿਉਰੋ ਰਿਪੋਰਟ : ਪੰਜਾਬ ਵਿਧਾਨਸਭਾ ਦਾ ਬਜਟ ਇਜਲਾਸ ਸਮੇਂ ਤੋਂ 3 ਦਿਨ ਪਹਿਲਾਂ ਹੀ ਖਤਮ ਹੋ ਗਿਆ ਹੈ । ਸੰਸਦੀ ਮਾਮਲਿਆਂ ਦੇ ਮੰਤਰੀ ਬਲਕਾਰ ਸਿੰਘ ਨੇ ਇਹ ਮਤਾ ਪੇਸ਼ ਕੀਤਾ ਕਿ ਵਿਧਾਨਸਭਾ ਦਾ ਬਜਟ ਸੈਸ਼ਲ ਅਣਮਿੱਥੇ ਸਮੇਂ ਦੇ ਲਈ ਮੁਲਤਵੀ ਕੀਤਾ ਜਾਵੇ । ਜਿਸ ਤੋਂ ਬਾਅਦ ਵਾਇਸ ਵੋਟਿੰਗ ਦੇ ਨਾਲ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਇਸ ਨੂੰ ਪਾਸ ਕਰ ਦਿੱਤਾ ਗਿਆ ਹੈ ।
ਇਸ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਧਾਨਸਭਾ ਵਿੱਚ ਬੋਲ ਦੇ ਹੋਏ ਸਭ ਤੋਂ ਪਹਿਲਾਂ ਰਮਜ਼ਾਨ ਦੇ ਪਵਿੱਤਰ ਮਹੀਨੇ ਦੀ ਸ਼ੁਰੂਆਤ ਦੀ ਮੁਬਾਰਕ ਦਿੱਤੀ । ਫਿਰ ਕੇਂਦਰ ਨਾਲ ਨਰਾਜ਼ਗੀ ਜ਼ਾਹਿਰ ਕੀਤਾ । ਮੁੱਖ ਮੰਤਰੀ ਮਾਨ ਨੇ ਕਿਹਾ ਪ੍ਰਧਾਨ ਮੰਤਰ ਨਰਿੰਦਰ ਮੋਦੀ ਪੰਜਾਬ ਦੇ ਪ੍ਰੋਜੈਕਟਾਂ ਦਾ ਵਰਚੂਅਲ ਉਦਘਾਟਨ ਕਰ ਦਿੰਦੇ ਹਨ ਸਾਨੂੰ ਸੱਦਾ ਨਹੀਂ ਦਿੱਤਾ ਜਾਂਦਾ ਹੈ । ਸਿਰਫ਼ ਰਾਜਪਾਲ ਸਾਬ੍ਹ ਹੀ ਬੈਠ ਦੇ ਹਨ, ਬੀਜੇਪੀ ਦੇ ਹੱਕ ਵਿੱਚ ਨਾਅਰੇ ਲਗਾਏ ਜਾਂਦੇ ਹਨ। ਜੇਕਰ ਕੋਈ ਹੋਰ ਬੋਲੇ ਤਾਂ ਉਨ੍ਹਾਂ ਦੇ ਖਿਲਾਫ ਨਾਅਰੇ ਲਗਾਏ ਜਾਂਦੇ ਹਨ । ਸੀਐੱਮ ਮਾਨ ਨੇ ਬਠਿੰਡਾ ਵਿੱਚ ਹਰਸਿਮਰਤ ਕੌਰ ਬਾਦਲ ਦਾ ਉਦਾਹਰਣ ਦਿੱਤਾ ।
ਮੁੱਖ ਮੰਤਰੀ ਨੇ ਕਿਹਾ ਸਾਫ ਹੈ ਪ੍ਰਧਾਨ ਮੰਤਰੀ ਸਿਰਫ਼ ਆਪਣੀ ਵਾਹਵਾਹੀ ਲੈਣਾ ਚਾਹੁੰਦੇ ਹਨ । ਇੰਨਾਂ ਪ੍ਰੋਜੈਕਟਾਂ ਵਿੱਚ ਪੰਜਾਬ ਦਾ ਪੈਸਾ ਵੀ ਹੈ । ਮੁੱਖ ਮੰਤਰੀ ਮਾਨ ਨੇ ਕਿਹਾ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਪੰਜਾਬ ਆਉਂਦੇ ਹਨ ਤਾਂ ਅਸੀਂ ਉਨ੍ਹਾਂ ਦਾ ਅੱਖਾਂ ਵਿਛਾ ਕੇ ਸੁਆਗਤ ਕਰਦੇ ਹਾਂ। ਉਨ੍ਹਾਂ ਬੀਜੇਪੀ ਦੇ ਵਿਧਾਇਕ ਅਸ਼ਵਨੀ ਸ਼ਰਮਾ ਨੂੰ ਕਿਹਾ ਤੁਸੀਂ ਫਿਰ ਸਾਢੇ 3 ਕਰੋੜ ਲੋਕਾਂ ਨੂੰ ਕਿਉਂ ਹਿੱਸੇਦਾਰੀ ਤੋਂ ਦੂਰ ਰੱਖ ਦੇ ਹੋ ।
ਆਗੂ ਵਿਰੋਧੀ ਧਿਰ ਪ੍ਰਤਾਪ ਸਿੰਘ ਬਾਜਵਾ ਨੇ ਮੁੱਖ ਮੰਤਰੀ ਦੇ ਬਿਆਨ ‘ਤੇ ਸਹਿਮਤੀ ਜਤਾਉਂਦੇ ਹੋਏ ਉਨ੍ਹਾਂ ਦੀ ਪਾਰਟੀ ਦੇ ਆਗੂਆਂ ਵੱਲੋਂ ਕੀਤੀ ਜਾ ਰਹੀ ਧੱਕੇਸ਼ਾਹੀ ਨੂੰ ਲੈਕੇ ਸਵਾਲ ਕੀਤਾ । ਬਾਜਵਾ ਨੇ ਕਿਹਾ ਐੱਮਪੀ ਰਹਿੰਦੇ ਹੋਏ ਉਨ੍ਹਾਂ ਨੇ ਫੰਡ ਜਾਰੀ ਕੀਤੇ । ਪਰ ਉਨ੍ਹਾਂ ਦੇ ਹਲਕੇ ਆਮ ਆਦਮੀ ਪਾਰਟੀ ਦਾ ਜ਼ਿਲ੍ਹਾਂ ਪ੍ਰਧਾਨ ਨੀਂਹ ਪੱਥਰ ਲੈਕੇ ਪਹੁੰਚ ਗਿਆ ਹੈ । ਕੀ ਤੁਸੀਂ ਉਸ ਨੂੰ ਰੋਕੋਗੇ,ਕੀ ਤੁਹਾਡੀ ਤਕਰੀਰ ਸਿਰਫ਼ ਭਾਸ਼ਣ ਦਾ ਹਿੱਸਾ ਤਾਂ ਨਹੀਂ ਹੈ । ਇਸ ਨੂੰ ਟੈਸਟ ਸਮਝੋ ਅਤੇ ਸਦਨ ਵਿੱਚ ਬਿਆਨ ਦੇਕੇ ਇਸ ‘ਤੇ ਰੋਕ ਲਗਾਉ। ਹਾਲਾਂਕਿ ਮੁੱਖ ਮੰਤਰੀ ਨੇ ਇਸ ‘ਤੇ ਕੋਈ ਬਿਆਨ ਜਾਰੀ ਨਹੀਂ ਕੀਤਾ ।
ਉਧਰ ਮੁੱਖ ਮੰਤਰੀ ਭਗਵੰਤ ਮਾਨ ਨੇ ਤੇਵਰ ਅੱਜ ਨਰਮ ਨਰਜ਼ ਆਏ । ਉਨ੍ਹਾਂ ਕਿਹਾ ਪਿਛਲੇ ਦਿਨਾਂ ਦੌਰਾਨ ਵਿਧਾਨਸਭਾ ਦੇ ਅੰਦਰ ਗਰਮਾ-ਗਰਮੀ ਹੋਈ । ਪਰ ਅੱਗੋ ਤੋਂ ਅਜਿਹਾ ਨਾ ਹੋਏ ਇਸ ਦੇ ਲਈ ਅਸੀਂ ਆਲ ਪਾਰਟੀ ਮੀਟਿੰਗ ਪਹਿਲਾਂ ਕਰ ਲਵਾਂਗੇ ਤਾਂਕੀ ਇੱਕ ਦੂਜੇ ਦੇ ਖਿਲਾਫ ਨਿੱਜੀ ਟਿੱਪਣੀਆਂ ਨਾ ਕੀਤੀਆਂ ਜਾਣ। ਮੁੱਖ ਮੰਤਰੀ ਮਾਨ ਨੇ ਆਪਣੀ ਪਾਰਟੀਆਂ ਅਤੇ ਵਿਰੋਧੀਆਂ ਧਿਰ ਦੇ ਆਗੂਆ ਨੂੰ ਵੀ ਅਪੀਲ ਕੀਤੀ ਕਿ ਲੋਕਸਭਾ ਚੋਣਾਂ ਦੌਰਾਨ ਤੁਸੀਂ ਮੁੱਦੇ ਰੱਖੋ ਪਰ ਇੱਕ ਦੂਜੇ ਦੇ ਖਿਲਾਫ ਨਿੱਜੀ ਅਤੇ ਪਰਿਵਾਰਕ ਟਿੱਪਣੀਆਂ ਤੋਂ ਬਚੋ । ਕਈ ਵਾਰ ਜਜ਼ਬਾਤੀ ਹੋਕੇ ਕੁਝ ਕਿਹਾ ਗਿਆ ਪਰ ਅਸੀਂ ਪੱਕੀਆਂ ਦੁਸ਼ਮਣੀਆਂ ਨਾ ਪਾਲੀਏ ।
ਆਗੂ ਵਿਰੋਧੀ ਧਿਰ ਪ੍ਰਤਾਪ ਸਿੰਘ ਬਾਜਵਾ ਨੇ ਮੁੱਖ ਮੰਤਰੀ ਮਾਨ ਦੀ ਅਪੀਲ ਦਾ ਸੁਆਗਤ ਕਰਦੇ ਹੋਏ ਕਿਹਾ ਤੁਸੀਂ CAA ‘ਤੇ ਆਪਣਾ ਸਟੈਂਡ ਸਪਸ਼ਟ ਕਰੋ। ਜਿਸ ਵੇਲੇ ਸਾਡੀ ਕਾਂਗਰਸ ਦੀ ਸਰਕਾਰ ਸੀ ਤਾਂ ਅਸੀਂ ਇਸ ਦੇ ਵਿਰੋਧ ਵਿੱਚ ਵਿਧਾਨਸਭਾ ਵਿੱਚ ਮਤਾ ਪੇਸ਼ ਕੀਤਾ ਸੀ ।
ਹਾਲਾਂਕਿ ਸਰਕਾਰ ਦਾ ਇਸ ‘ਤੇ ਵੀ ਕੋਈ ਜਵਾਬ ਨਹੀਂ ਆਇਆ ।
ਇਸ ਤੋਂ ਪਹਿਲਾਂ ਖਜ਼ਾਨਾ ਮੰਤਰੀ ਹਰਪਾਲ ਚੀਮਾ ਨੇ ਨਰਾਜ਼ਗੀ ਜਤਾਈ ਕਿ ਕਈ ਮੈਂਬਰ ਬਜਟ ‘ਤੇ ਸਵਾਲ ਲਗਾਉਂਦੇ ਹਨ ਪਰ ਸਦਨ ਵਿੱਚ ਪਹੁੰਚ ਦੇ ਨਹੀਂ ਹਨ । ਜਿਸ ਦੀ ਵਜ੍ਹਾ ਕਰਕੇ ਬਹਿਸ ਨਹੀਂ ਹੁੰਦੀ ਹੈ । ਬਾਹਰ ਜਾਕੇ ਕਹਿੰਦੇ ਹਨ ਬੋਲਣ ਦਾ ਸਮਾਂ ਨਹੀਂ ਮਿਲਿਆ ਹੈ ।
ਜ਼ੀਰੋ ਓਵਰ ਵਿੱਚ ਬੀਜੇਪੀ ਦੇ ਵਿਧਾਇਕ ਅਸ਼ਵਨੀ ਸ਼ਰਮਾ ਦੇ ਸਵਾਲ ਚੁੱਕਣ ਦੌਰਾਨ 2 ਮਿੰਟ ਵੱਧ ਲੈਣ ‘ਤੇ ਸਪੀਕਰ ਕੁਲਤਾਰ ਸੰਧਵਾਂ ਭੜਕ ਗਏ । ਸਪੀਕਰ ਨੇ ਕਿਹਾ ਸੁਪਰੀਮ ਕੋਰਟ ਦੇ ਵਕੀਲ 2 ਮਿੰਟ ਵਿੱਚ ਆਪਣੀ ਗੱਲ ਰੱਖ ਦਿੰਦੇ ਹਨ ਪਰ ਤੁਸੀਂ ਮਧਾਣੀ ਰਿੜਕਨ ਲੱਗ ਜਾਂਦੇ ਹੋ।
ਇਸ ਦੌਰਾਨ ਸਰਕਾਰ ਨੇ ਦੱਸਿਆ ਕਿ ਪੰਜਾਬ ਵਿੱਚ ਜਲਦ 20 ਹਜ਼ਾਰ ਕਿਸਾਨਾਂ ਨੂੰ ਸੋਲਰ ਟਿਊਬਵੈਲ ਕੁਨੈਕਸ਼ਨ ਦਿੱਤੇ ਜਾਣਗੇ। ਜਿਸ ਦਾ 60 ਫੀਸਦੀ ਖਰਚ ਸਰਕਾਰ ਅਤੇ 40 ਫੀਸਦੀ ਕਿਸਾਨ ਚੁੱਕਣਗੇ । ਇਸ ਦੇ ਲਈ ਸ਼ਰਤ ਹੈ ਕਿ ਟਿਊਬਵੈਲ ਕੁਨੈਕਸ਼ਨ ਉਸੇ ਨੂੰ ਨਹੀਂ ਮਿਲੇਗਾ ਜੋ ਡਾਰਟ ਜ਼ੋਨ ਵਿੱਚ ਹਨ । ਡਾਰਟ ਜੋਨ ਵਾਲੇ ਕਿਸਾਨਾਂ ਦੇ ਖੇਤਾਂ ਵਿੱਚ ਸਪ੍ਰਿੰਕਲ ਲਗਾਏ ਜਾਣਗੇ ਤਾਂਕੀ ਪਾਣੀ ਦੀ ਬਚਤ ਹੋ ਸਕੇ ।