Punjab

‘CM ਮਾਨ ਨੇ ਸਿੱਖਾਂ ਦੀ ਬੇਇੱਜ਼ਤੀ ਕੀਤੀ’ ! ਇੱਕ ਤੀਰ ਨਾਲ ਤਿੰਨ ਸ਼ਿਕਾਰ ਕੀਤੇ !

ਬਿਊਰੋ ਰਿਪੋਰਟ : ਵਾਰਿਸ ਪੰਜਾਬ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘਾ ਦਾ ਮੁੱਦਾ ਪੰਜਾਬ ਵਿਧਾਨਸਭਾ ਵਿੱਚ ਛਾਇਆ ਰਿਹਾ ਹਾਂ। ਕਾਂਗਰਸ ਅਤੇ ਅਕਾਲੀ ਦਲ ਨੇ ਨੌਜਵਾਨਾਂ ਦੀ ਗ੍ਰਿਫਤਾਰੀ ਅਤੇ NSA ਲਗਾਉਣ ਦੇ ਮੁੱਦੇ ‘ਤੇ ਸਰਕਾਰ ਨੂੰ ਘੇਰਾ ਪਇਆ ਤਾਂ ਬੀਜੇਪੀ ਸਰਕਾਰ ਦੇ ਆਪਰੇਸ਼ਨ ਦੀ ਹਮਾਇਤ ਕਰਦੀ ਹੋਈ ਨਜ਼ਰ ਆਈ । ਬਜਟ ਸੈਸ਼ਨ ਦੇ ਦੂਜੇ ਗੇੜ ਦੀ ਸ਼ੁਰੂਆਤ ਹੰਗਾਮੇ ਦੇ ਨਾਲ ਹੋਈ ਆਗੂ ਵਿਰੋਧੀ ਧਿਰ ਪ੍ਰਤਾਪ ਸਿੰਘ ਬਾਜਵਾ ਨੇ ਸਪੀਕਰ ਦੇ ਸਾਹਮਣੇ Adjournment Motion ਪੇਸ਼ ਕਰਦੇ ਹੋਏ ਸੂਬੇ ਦੀ ਲਾਅ ਐਂਡ ਆਰਡ ਦੀ ਹਾਲਤ ‘ਤੇ ਬਹਿਸ ਦੀ ਮੰਗ ਕੀਤੀ,ਜਿਸ ‘ਤੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਤਾਂ ਕਾਂਗਰਸ ਨੇ ਵਿਧਾਨਸਭਾ ਵਿੱਚ ਹੰਗਾਮਾ ਕੀਤਾ ਅਤੇ ਵਾਕਆਉਟ ਕਰ ਦਿੱਤਾ । ਬਾਹਰ ਆਉਣ ਤੋਂ ਬਾਅਦ ਪ੍ਰਤਾਪ ਸਿੰਘ ਬਾਜਵਾ ਅਤੇ ਰਾਜਾ ਵੜਿੰਗ ਨੇ ਸਰਕਾਰ ‘ਤੇ ਭਾਈ ਅੰਮ੍ਰਿਤਪਾਲ ਸਿੰਘ ਨੂੰ ਲੈਕੇ ਸਰਕਾਰ ਦੇ ਆਪਰੇਸ਼ਨ ‘ਤੇ ਕਈ ਗੰਭੀਰ ਸਵਾਲ ਚੁੱਕੇ

‘ਸਰਕਾਰ ਇੱਕ ਤੀਰ ਨਾਲ ਤਿੰਨ ਸ਼ਿਕਾਰ ਕਰਨਾ ਚਾਹੁੰਦੀ ਹੈ’

ਪ੍ਰਤਾਪ ਸਿੰਘ ਬਾਜਵਾ ਨੇ ਪੁੱਛਿਆ ਕਿ ਜੇਕਰ ਸਰਕਾਰ ਚਾਹੁੰਦੀ ਤਾਂ ਭਾਈ ਅੰਮ੍ਰਿਤਪਾਲ ਸਿੰਘ ਨੂੰ ਘਰੋਂ ਹੀ ਗ੍ਰਿਫਤਾਰ ਕਰ ਸਕਦੀ ਸੀ ਸ਼ਾਹਕੋਟ ਤੱਕ ਆਪਰੇਸ਼ਨ ਕਿਉਂ ਚਲਾਇਆ ਗਿਆ । ਆਗੂ ਵਿਰੋਧੀ ਧਿਰ ਨੇ ਇਲਜ਼ਾਮ ਲਗਾਇਆ ਕਿ ਹਾਈਕੋਰਟ ਨੇ ਵੀ ਸਰਕਾਰ ‘ਤੇ ਸਖਤ ਟਿੱਪਣੀ ਕਰਦੇ ਹੋਏ ਸਵਾਲ ਚੁੱਕੇ ਹਨ ਕਿ 80 ਹਜ਼ਾਰ ਪੁਲਿਸ ਕੀ ਕਰ ਰਹੀ ਹੈ ? ਇਹ ਸਾਫ਼ ਤੌਰ ‘ਤੇ ਸਰਕਾਰ ਦੀ ਨਾਕਾਮੀ ਹੈ ਅਤੇ ਇੰਟੈਲੀਜੈਂਸ ਫੇਲੀਅਰ ਹੈ । ਉਨ੍ਹਾਂ ਨੇ ਕਿਹਾ ਦਰਅਸਲ ਸਰਕਾਰ ਇੱਕ ਤੀਰ ਨਾਲ ਕਈ ਸ਼ਿਕਾਰ ਕਰਨਾ ਚਾਹੁੰਦੀ ਸੀ ਜਿਸ ਵਿੱਚ ਲਾਰੈਂਸ ਦੇ ਇੰਟਰਵਿਊ ‘ਤੇ ਪਰਦਾ ਪਾਉਣਾ, ਸਿੱਧੂ ਮੂਸੇਵਾਲਾ ਦੇ ਕਤਲਕਾਂਡ ਨਾਲ ਜੁੜੇ ਸਵਾਲਾਂ ਤੋਂ ਬਚਣਾ ਅਤੇ ਸੂਬੇ ਦੇ ਲਾਅ ਐਂਡਰ ਦੇ ਪਰਦਾ ਪਾਉਣਾ ਮੁਖ ਮਕਸਦ ਸੀ।

ਮਾਨ ਨੇ ਸਰੰਡਰ ਕੀਤਾ

ਕਾਂਗਰਸ ਦੇ ਸੀਨੀਅਰ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਪੰਜਾਬ ਦੇ ਲੋਕਾਂ ਨੂੰ ਚੁੱਕ ਕੇ ਦੂਜੇ ਸੂਬੇ ਲੈਕੇ ਜਾਣਾ ਇਹ ਮਾਨ ਸਰਕਾਰ ਦਾ ਕੇਂਦਰ ਦੇ ਸਾਹਮਣੇ ਸਰੰਡਰ ਹੈ । ਲਾਰੈਂਸ ਬਿਸ਼ਨੋਈ ਵਰਗਾ ਗੈਂਗਸਟਰ ਜੇਲ੍ਹ ਤੋਂ ਬੈਠ ਕੇ ਇੰਟਰਵਿਊ ਦੇ ਰਿਹਾ ਹੈ ਉਸ ‘ਤੇ ਸਰਕਾਰ ਇੱਕ ਸ਼ਬਦ ਨਹੀਂ ਬੋਲਦੀ ਹੈ । ਉਸ ਦੇ ਖਿਲਾਫ਼ ਕੋਈ FIR ਦਰਜ ਨਹੀਂ ਕੀਤੀ, ਕੋਈ NSA ਨਹੀਂ ਲਗਾਇਆ,ਪੰਜਾਬ ਦੇ ਲੋਕਾਂ ਦੇ ਨਾਲ ਸਰਕਾਰ ਵੱਡਾ ਵਿਤਕਰਾ ਕਰ ਰਹੀ ਹੈ । ਖਹਿਰਾ ਨੇ ਕਿਹਾ ਦੇਸ਼ ਦੇ ਮੀਡੀਆ ਵੱਲੋਂ ਪੰਜਾਬ ਦੇ ਖਿਲਾਫ਼ ਨੈਰੇਟਿਵ ਸਿਰਜਿਆ ਜਾ ਰਿਹਾ ਹੈ ਕਿ ਸੂਬੇ ਦੇ ਹਾਲਾਤ ਖਰਾਬ ਹੋ ਗਏ ਹਨ। ਜਦਕਿ ਪੰਜਾਬ ਅਜਿਹਾ ਸੂਬਾ ਹੈ ਜਿੱਥੇ ਵੱਖ-ਵੱਖ ਭਾਈਚਾਰਾਂ ਮਿਲ ਕੇ ਰਹਿੰਦਾ ਹੈ । ਇਹ ਇਸ ਲਈ ਹੈ ਕਿਉਂਕਿ ਗੁਰੂ ਨਾਨਕ ਦੇਵ ਜੀ ਦਾ ਸੁਨੇਹਾ ਲੋਕਾਂ ਵਿੱਚ ਹੈ । ਸਰਕਾਰ ਜਾਣ ਬੁਝ ਕੇ ਲੋਕਾਂ ਨੂੰ ਭੜਕਾ ਕੇ 2024 ਨੂੰ ਧਿਆਨ ਵਿੱਚ ਰੱਖ ਕੇ ਇਹ ਸਭ ਕੁਝ ਕਰ ਰਹੀ ਹੈ । ਬੀਜੇਪੀ ਇਸੇ ਤਰ੍ਹਾਂ ਚੋਣਾਂ ਜਿੱਤਣਾ ਚਾਹੁੰਦੀ ਹੈ ਅਤੇ ਭਗਵੰਤ ਮਾਨ ਅਤੇ ਕੇਜਰੀਵਾਲ ਉਨ੍ਹਾਂ ਦਾ ਮੋਹਰਾ ਬਣੇ ਹਨ ।ਉਨ੍ਹਾਂ ਕਿਹਾ ਮੈਂ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਸ਼ਾਂਤੀ ਨਾਲ ਆਪਣੀ ਗੱਲ ਰੱਖਣ, ਕੁਝ ਲੋਕ ਮੈਨੂੰ ਟਵਿੱਟਰ ‘ਤੇ ਐਂਟੀ ਨੈਸ਼ਨਲ ਕਹਿੰਦੇ ਹਨ । ਇਹ ਉਹ ਲੋਕ ਹਨ ਜੋ ਪੰਜਾਬੀਆਂ ਅਤੇ ਸਿੱਖਾਂ ਦੇ ਖਿਲਾਫ਼ ਕੈਪੇਨਿੰਗ ਚੱਲਾ ਰਹੇ ਹਨ । ਖਹਿਰਾ ਨੇ ਕਿਹਾ ਅਸੀਂ ਦੇਸ਼ ਦੀ ਆਜ਼ਾਦੀ ਲਈ ਕੁਰਬਾਨੀਆਂ ਦਿੱਤੀਆਂ ਪਰ ਮੀਡੀਆ ਸਾਡੇ ‘ਤੇ ਸਵਾਲ ਚੁੱਕ ਰਿਹਾ ਹੈ । ਉਨ੍ਹਾਂ ਕਿਹਾ 80 ਹਜ਼ਾਰ ਦੀ ਪੁਲਿਸ ਇੱਕ ਸ਼ਖ਼ਸ ਨੂੰ ਨਹੀਂ ਫੜ ਸਕੀ ਕਿ ਮਾਨ ਪੁਲਿਸ ਦੇ ਅਫਸਰ ਦੀ ਜ਼ਿੰਮੇਵਾਰੀ ਤੈਅ ਕਰੇਗਾ,ਕੋਈ ਕਾਰਵਾਈ ਕੀਤੀ ਜਾਵੇਗੀ । 4 ਦਿਨ ਦੀ ਚੁੱਪੀ ਤੋਂ ਬਾਅਦ ਭਗਵੰਤ ਮਾਨ ਨੇ ਜਿਹੜੀ ਤਕਰੀਰ ਪੜੀ ਹੈ ਉਸ ਦੀ ਸਕ੍ਰਿਪਟ ਵੀ ਦਿੱਲੀ ਤੋਂ ਤਿਆਰ ਹੋਈ ਹੈ ।

NSA ਦਾ ਅਕਾਲੀ ਦਲ ਵੱਲੋਂ ਵਿਰੋਧ

ਵਿਧਾਨਸਭਾ ਵਿੱਚ ਅਕਾਲੀ ਦਲ ਦੇ ਵਿਧਾਇਕ ਅਤੇ ਸਦਨ ਵਿੱਚ ਪਾਰਟੀ ਦੇ ਨੇਤਾ ਮਨਪ੍ਰੀਤ ਸਿੰਘ ਇਆਲੀ ਨੇ NSA ਐਕਟ ਦੀ ਕਰੜੇ ਸ਼ਬਦਾਂ ਵਿੱਚ ਅਲੋਚਨਾ ਕੀਤੀ । ਉਨ੍ਹਾਂ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਖਿਲਾਫ NSA ਐਕਟ ਨਹੀਂ ਲਗਾਉਣਾ ਚਾਹੀਦਾ ਸੀ। ਅਜਿਹਾ ਕਰਨ ਨਾਲ ਪੰਜਾਬ ਦੇ ਲੋਕਾਂ ਦੇ ਦਿਲਾਂ ਵਿੱਚ ਬੇਚੈਨੀ ਹੈ,ਨੌਜਵਾਨ ਨੂੰ ਮੁੜ ਤੋਂ ਘਰਾਂ ਤੋਂ ਗ੍ਰਿਫਤਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਮੇਰੇ ਆਪਣੇ ਹਲਕੇ ਤੋਂ ਕਈ ਨੌਜਵਾਨ ਚੁੱਕੇ ਗਏ ਹਨ । ਸਰਕਾਰ ਉਨ੍ਹਾਂ ਨੂੰ ਤੁਰੰਤ ਰਿਹਾ ਕਰੇ । ਉਧਰ ਕਾਂਗਰਸ ਦੇ ਵਿਧਾਇਕ ਪਰਗਟ ਸਿੰਘ ਨੇ ਸਰਕਾਰ ‘ਤੇ ਸਵਾਲ ਚੁੱਕੇ ਉਨ੍ਹਾਂ ਕਿਹਾ ਕਿ ਅੰਮ੍ਰਿਤਪਾਲ ਸਿੰਘ ਚਕਮਾ ਦੇ ਕੇ ਨਿਕਲਿਆ ਜਾਂ ਫਿਰ ਕੱਢਿਆ ਗਿਆ,ਕੇਂਦਰ ਅਤੇ ਮਾਨ ਸਰਕਾਰ ਮਿਲ ਕੇ ਪੰਜਾਬ ਦੇ ਨੌਜਵਾਨਾਂ ਖਿਲਾਫ਼ ਇੱਕ ਮਾਹੌਲ ਤਿਆਰ ਕਰ ਰਹੀ ਹੈ,ਮੁੱਖ ਮੰਤਰੀ ਨੇ ਸਿੱਖਾਂ ਦੀ ਬੇਇੱਜ਼ਤੀ ਕਰਵਾਈ ਹੈ ।

‘ਨਿਰਦੋਸ਼ ਨੌਜਵਾਨਾਂ ਨੂੰ ਛੱਡੇ ਸਰਕਾਰ’

ਉਧਰ ਕਾਂਗਰਸ ਦੇ ਸੂਬਾ ਪ੍ਰਧਾਨ ਰਾਜਾ ਵੜਿੰਗ ਨੇ ਕਿਹਾ ਅਸੀਂ ਦੇਸ਼ ਵਿਰੋਧੀ ਤਾਕਤਾਂ ਦੇ ਖਿਲਾਫ਼ ਹਾਂ ਪਰ ਜਿਸ ਤਰ੍ਹਾਂ ਨਾਲ ਇਹ ਆਪਰੇਸ਼ਨ ਚਲਾਇਆ ਗਿਆ ਹੈ ਉਸ ਵਿੱਚ ਬੀਜੇਪੀ ਅਤੇ ਮਾਨ ਸਰਕਾਰ ਦੀ ਮਿਲੀ ਭੁਗਤ ਨਜ਼ਰ ਆ ਰਹੀ ਹੈ । ਉਨ੍ਹਾਂ ਦੋਵਾਂ ਨੇ ਮਿਲ ਕੇ ਪੰਜਾਬ ਦੀ ਕਾਨੂੰਨੀ ਹਾਲਤ ਨੂੰ ਵਿਗਾੜਿਆ ਹੈ । ਵੜਿੰਗ ਨੇ ਕਿਹਾ ਪਹਿਲਾਂ ਇੱਕ ਸ਼ਖਸ ਨੂੰ ਬਾਹਰੋ ਲਿਆਇਆ ਜਾਂਦਾ ਹੈ ਸਾਜਿਸ਼ ਦੇ ਤਹਿਤ ਉਸ ਨੂੰ ਇੱਕ ਸੰਸਥਾ ਦਾ ਮੁਖੀ ਬਣਾਇਆ ਜਾਂਦਾ ਹੈ ਦੋਵੇ ਸਰਕਾਰਾਂ ਚੁੱਪ ਰਹਿੰਦੀਆਂ ਹਨ ਅਤੇ ਮੌਕੇ ਵੇਖ ਕੇ ਉਸ ਦੇ ਖਿਲਾਫ ਆਪਰੇਸ਼ਨ ਚਲਾਉਂਦੀਆਂ ਹਨ ਅਤੇ ਫਿਰ ਭੱਜਾ ਦਿੰਦੀ ਹੈ । ਵੜਿੰਗ ਨੇ ਕਿਹਾ ਸਾਰਾ ਕੁਝ ਸਾਜਿਸ਼ ਦੇ ਤਹਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਜਿਹੜੇ ਲੋਕ ਚੰਗੇ ਮਕਸਦ ਦੇ ਨਾਲ ਅੰਮ੍ਰਿਤਪਾਲ ਸਿੰਘ ਦੇ ਨਾਲ ਜੁੜੇ ਸਨ ਉਹ ਭੱਟਕ ਗਏ ਸਨ ਅਜਿਹੇ ਨੌਜਵਾਨਾਂ ਖਿਲਾਫ਼ ਸਰਕਾਰ ਨੂੰ ਕਾਰਵਾਈ ਨਹੀਂ ਕਰਨੀ ਚਾਹੀਦੀ ਹੈ ਉਨ੍ਹਾਂ ਨੂੰ ਜੇਲ੍ਹਾਂ ਵਿੱਚ ਨਜਾਇਜ਼ ਬੰਦ ਨਹੀਂ ਕਰਨਾ ਚਾਹੀਦਾ ਹੈ,ਵੜਿੰਗ ਨੇ ਡੀਜੀਪੀ ਨੂੰ ਲਿਖੇ ਪੱਤਰ ਵਿੱਚ ਵੀ ਕਿਹਾ ਕਿ ਸਾਡੀ ਪਾਰਟੀ ਨੇ ਉਸ ਦੌਰਾਨ ਕਾਫੀ ਕੁਰਬਾਨੀਆਂ ਦਿੱਤੀਆਂ ਹਨ ਅਸੀਂ ਬੇਨਤੀ ਕਰਦੇ ਹਾਂ ਕਿ ਨੌਜਵਾਨਾਂ ਨੂੰ ਇੱਕ ਸਹੀ ਰਸਤੇ ‘ਤੇ ਚੱਲਣ ਦਾ ਮੌਕਾ ਦਿੱਤਾ ਜਾਵੇ।

‘ਨੁਕਤਾਚੀਨੀ ਨਹੀਂ ਚੱਟਾਨ ਵਾਂਗ ਖੜੇ ਹਾਂ’

ਅਕਾਲੀ ਦਲ ਅਤੇ ਕਾਂਗਰਸ ਭਾਈ ਅੰਮ੍ਰਿਤਪਾਲ ਸਿੰਘ ਦੇ ਮੁੱਦੇ ‘ਤੇ ਸਰਕਾਰ ਨੂੰ ਘੇਰ ਦੀ ਹੋਈ ਨਜ਼ਰ ਆਈ ਤਾਂ ਬੀਜੇਪੀ ਸਰਕਾਰ ਦੀ ਹਮਾਇਤ ਵਿੱਚ ਖੜੀ ਹੋ ਗਈ । ਸੂਬਾ ਬੀਜੇਪੀ ਪ੍ਰਧਾਨ ਅਤੇ ਵਿਧਾਇਕ ਅਸ਼ਵਨੀ ਸ਼ਰਮਾ ਨੇ ਸਰਕਾਰ ਦੀ ਪਿੱਠ ਥਾਪੜ ਦੇ ਹੋਏ ਕਿਹਾ ਇਹ ਵਕਤ ਨੁਕਤਾਚੀਨੀ ਦਾ ਨਹੀਂ ਹੈ ਚੱਟਾਨ ਵਾਂਗ ਨਾਲ ਖੜੇ ਹੋਣ ਦਾ ਹੈ । ਦੇਸ਼ ਨੂੰ ਤੋੜਨ ਵਾਲਿਆਂ ਦੇ ਖਿਲਾਫ਼ ਐਕਸ਼ਨ ਦੀ ਅਸੀਂ ਹਮਾਇਤ ਕਰਦੇ ਹਾਂ। ਇਸ ਮਾਮਲੇ ਵਿੱਚ ਅਸੀਂ ਮੋਢੇ ਨਾਲ ਮੋਢਾ ਜੋੜ ਕੇ ਖੜੇ ਹਾਂ,ਅਸੀਂ ਹੋਰ ਮੁੱਦਿਆਂ ‘ਤੇ ਘੇਰ ਸਕਦੇ ਪਰ ਸੂਬੇ ਦੀ ਸੁਰੱਖਿਆ ਨੂੰ ਲੈਕੇ ਸਰਕਾਰ ਨੇ ਚੰਗਾ ਕਦਮ ਚੁੱਕਿਆ ਹੈ ।

ਸਰਕਾਰ ਦਾ ਜਵਾਬ

ਉਧਰ ਕੈਬਨਿਟ ਮੰਤਰੀ ਇੰਦਰਬੀਰ ਸਿੰਘ ਨਿੱਜਰ ਨੇ ਕਿਹਾ ਕਿ ਪਹਿਲਾਂ ਵਿਰੋਧੀ ਧਿਰ ‘ਚ ਸ਼ੋਰ ਕਰ ਰਹੀ ਸੀ ਕਿ ਅੰਮ੍ਰਿਤਪਾਲ ਸਿੰਘ ਨੂੰ ਗ੍ਰਿਫਤਾਰ ਕਰੋ, ਹੁਣ ਜਦੋਂ ਅਸੀਂ ਐਕਸ਼ਨ ਲਿਆ ਹੈ ਤਾਂ ਹੁਣ ਉਹ ਇਸ ਦਾ ਵਿਰੋਧ ਕਰ ਰਹੇ ਹਨ । ਸਾਰਾ ਪੰਜਾਬ ਉਨ੍ਹਾਂ ਨੂੰ ਵੇਖ ਰਿਹਾ ਹੈ। 99 ਫੀਸਦੀ ਲੋਕ ਸਰਕਾਰ ਤੋਂ ਖੁਸ਼ ਹਨ ।