The Khalas Tv Blog India ਪੰਜਾਬ ਸਮੇਤ ਪੂਰੇ ਉੱਤਰ ਭਾਰਤ ‘ਚ ਤੇਜ਼ ਮੀਂਹ !ਬਦਲੇ ਮੌਸਮ ਨੇ ਨੌਜਵਾਨ ਖੋਹ ਲਿਆ ! ਸ਼ੰਭੂ,ਖਨੌਰੀ ਤੋਂ ਮੌਸਮ ਦੇ ਅਸਰ ਦਾ ਵੱਡਾ ਅਪਡੇਟ
India Punjab

ਪੰਜਾਬ ਸਮੇਤ ਪੂਰੇ ਉੱਤਰ ਭਾਰਤ ‘ਚ ਤੇਜ਼ ਮੀਂਹ !ਬਦਲੇ ਮੌਸਮ ਨੇ ਨੌਜਵਾਨ ਖੋਹ ਲਿਆ ! ਸ਼ੰਭੂ,ਖਨੌਰੀ ਤੋਂ ਮੌਸਮ ਦੇ ਅਸਰ ਦਾ ਵੱਡਾ ਅਪਡੇਟ

ਬਿਉਰੋ ਰਿਪੋਰਟ : ਪੰਜਾਬ,ਹਰਿਆਣਾ,ਚੰਡੀਗੜ੍ਹ,ਹਿਮਾਚਲ,ਦਿੱਲੀ,ਮੱਧ ਪ੍ਰਦੇਸ਼,ਰਾਜਸਥਾਨ ਸਮੇਤ 15 ਸੂਬਿਆਂ ਵਿੱਚ ਮੀਂਹ ਪੈ ਰਿਹਾ ਹੈ । ਮੌਸਮ ਵਿਭਾਗ ਨੇ ਪਹਿਲਾਂ ਹੀ 1 ਤੋਂ 3 ਮਾਰਚ ਤੱਕ ਪੱਛਮੀ ਗੜਬੜੀ ਦੀ ਵਜ੍ਹਾ ਕਰਕੇ ਮੀਹ,ਗੜੇਮਾਰੀ ਅਤੇ ਤੇਜ਼ ਹਵਾਵਾਂ ਦੀ ਭਵਿੱਖਬਾੜੀ ਕੀਤੀ ਸੀ । ਮੌਸਮ ਵਿਭਾਗ ਦੇ ਮੁਤਾਬਿਕ ਮਾਰਚ ਤੋਂ ਮਈ ਮਹੀਨੇ ਵਿੱਚ ਭਾਰਤ ਵਿੱਚ ਤਾਪਮਾਨ ਚੰਗਾ ਰਹੇਗਾ ਅਤੇ 117 ਫੀਸਦੀ ਵੱਧ ਮੀਂਹ ਹੋਣ ਦੀ ਸੰਭਾਵਨਾ ਹੈ । ਇਸ ਦੌਰਾਨ ਕਪੂਰਥਲਾ ਦੇ ਪਿੰਡ ਸਿੰਘਵਾਂ ਤੋਂ ਮੌਸਮ ਦੀ ਵਜ੍ਹਾ ਕਰਕੇ 22 ਸਾਲ ਦੇ ਨੌਜਵਾਨ ਦੀ ਮੌਤ ਹੋ ਗਈ ਹੈ । ਸ਼ੁਕਰਵਾਰ ਸ਼ਾਮ ਨੂੰ ਅਸਮਾਨੀ ਬਿਜਲੀ ਡਿੱਗਣ ਦੀ ਵਜ੍ਹਾ ਕਰਕੇ 22 ਸਾਲ ਦੇ ਜਸਕੀਰਤ ਦੀ ਮੌਤ ਹੋ ਗਈ ਹੈ । ਬੱਦਲ ਗਰਜਨ ਤੋਂ ਬਾਅਦ ਉਹ ਆਪਣੇ ਖੇਤਾਂ ਵਿੱਚ ਆਲੂ ਦੇ ਢੇਰ ਨੂੰ ਤਿਰਪਾਲ ਨਾਲ ਡੱਕਨ ਦੇ ਲਈ ਗਿਆ ਸੀ । ਅਚਾਨਕ ਅਸਮਾਨ ਤੋਂ ਬਿਜਲੀ ਡਿੱਗੀ ਅਤੇ ਜਸਕਿਰਤ ਦੀ ਮੌਕੇ ‘ਤੇ ਹੀ ਮੌਤ ਹੋ ਗਈ । ਦੱਸਿਆ ਜਾ ਰਿਹਾ ਹੈ ਜਦੋਂ ਬਿਜਲੀ ਨੌਜਵਾਨ ‘ਤੇ ਡਿੱਗੀ ਤਾਂ ਉਹ ਅੱਗ ਦੀ ਚਪੇਟ ਵਿੱਚ ਆ ਗਿਆ,ਮਜ਼ਦੂਰਾਂ ਨੇ ਪਾਣੀ ਪਾਇਆ ਪਰ ਨੌਜਵਾਨ ਦੀ ਮੌਤ ਹੋ ਚੁੱਕੀ ਸੀ । ਬਿਜਲੀ ਸਿਰ ਤੋਂ ਨਿਕਲ ਕੇ ਪੈਰਾਂ ਤੱਕ ਡਿੱਗੀ ।

ਉਧਰ ਸ਼ੰਭੂ ਅਤੇ ਖਨੌਰੀ ਮੋਰਚੇ ਦੇ ਬੈਠੇ ਕਿਸਾਨ ਵੀ ਮੀਂਹ ਦੀ ਵਜ੍ਹਾ ਕਰਕੇ ਆਪਣੀ ਟ੍ਰਾਲੀਆਂ ਵਿੱਚ ਬੈਠੇ ਹਨ,ਟੈਂਟ ਗਿਲੇ ਹੋ ਗਏ ਹਨ। ਪਰ ਕਿਸਾਨਾਂ ਦਾ ਜੋਸ਼ ਬਿਲਕੁਲ ਵੀ ਨਹੀਂ ਘੱਟ ਹੋਇਆ ਹੈ। ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਵੀਡੀਓ ਦੇ ਜ਼ਰੀਏ ਦੱਸਿਆ ਹੈ ਕਿਸਾਨ ਮੀਂਹ ਵਿੱਚ ਵੀ ਡੱਟੇ ਹਨ ਅਤੇ ਮੀਂਹ ਦੇ ਬਾਵਜੂਦ ਲੰਗਰ ਤਿਆਰ ਕੀਤਾ ਜਾ ਰਿਹਾ ਹੈ ।

ਮੌਸਮ ਵਿਭਾਗ ਮੁਤਾਬਿਕ ਪੰਜਾਬ ਦੇ 23 ਵਿੱਚੋ 17 ਜ਼ਿਲ੍ਹਿਆਂ ਵਿੱਚ ਔਰੰਜ ਅਲਰਟ ਹੈ,ਜਦਕਿ 6 ਜ਼ਿਲ੍ਹਿਆਂ ਵਿੱਚ ਯੈਲੋ ਅਰਲਟ ਹੈ । ਮੌਸਮ ਵਿਭਾਗ ਦੀ ਭਵਿੱਖਬਾੜੀ ਮੁਤਾਬਿਕ ਪਠਾਨਕੋਟ,ਗੁਰਦਾਸਪੁਰ,ਅੰਮ੍ਰਿਤਸਰ,ਤਰਨਤਾਰਨ,ਕਪੂਰਥਲਾ,ਹੁਸ਼ਿਆਰਪੁਰ,ਮੋਗਾ,ਪਟਿਆਲਾ ਸੰਗਰੂਰ ਅਤੇ ਲੁਧਿਆਣਾ ਵਿੱਚ ਮੀਂਹ ਪੈ ਰਿਹਾ ਹੈ ।

ਮੀਂਹ ਦੇ ਬਾਵਜੂਦ ਸ਼ਨਿੱਚਰਵਾਰ ਵੀ ਪੰਜਾਬ ਦਾ ਘੱਟੋ-ਘੱਟ ਤਾਪਮਾਨ 2 ਫੀਸਦੀ ਵਧਿਆ ਹੈ । ਸਰਦੀਆਂ ਤੋਂ ਬਾਅਦ ਪਹਿਲੀ ਵਾਰ ਸੂਬੇ ਦੇ ਸਾਰੇ ਜ਼ਿਲ੍ਹੇ ਡਬਲ ਅੰਕੜਿਆਂ ਵਿੱਚ ਆ ਚੁੱਕੇ ਹਨ । ਸਭ ਤੋਂ ਘੱਟ ਤਾਪਮਾਨ ਗੁਰਦਾਸਪੁਰ ਦਾ 12 ਡਿਗਰੀ ਦਰਜ ਕੀਤਾ ਗਿਆ ਹੈ। ਸਭ ਤੋਂ ਜ਼ਿਆਦਾ ਸੂਬੇ ਦੀ ਰਾਜਧਾਨੀ ਚੰਡੀਗੜ੍ਹ ਦਾ 18.7 ਡਿਗਰੀ ਰਿਹਾ ਹੈ । ਜਦਕਿ ਮੁਹਾਲੀ ਅਤੇ ਫਰੀਦਕੋਟ ਦਾ 17 ਡਿਗਰੀ ਹੈ । ਅੰਮ੍ਰਿਤਸਰ,ਲੁਧਿਆਣਾ,ਪਟਿਆਲਾ ਅਤੇ ਸੂਬੇ ਦੇ ਹੋਰ ਹਿੱਸਿਆਂ ਦਾ ਤਾਪਮਾਨ 14 ਤੋਂ 15 ਡਿਗਰੀ ਦੇ ਵਿਚਾਲੇ ਹੈ।

ਉਧਰ ਹਰਿਆਣਾ ਦੇ ਵੀ ਤਕਰੀਬਨ ਸਾਰੇ ਜ਼ਿਲ੍ਹਿਆਂ ਵਿੱਚ ਮੀਂਹ ਦਾ ਔਰੰਜ ਅਤੇ ਯੈਲੋ ਅਰਲਟ ਹੈ ਹਰਿਆਣਾ ਵਿੱਚ ਵੀ ਮੀਂਹ ਦੇ ਬਾਵਜੂਦ 5 ਡਿਗਰੀ ਘੱਟੋ ਘੱਟ ਤਾਪਮਾਨ ਵਿੱਚ ਵਾਧਾ ਹੋਇਆ ਹੈ । ਸਭ ਤੋਂ ਘੱਟ ਭਿਵਾਨੀ 12 ਡਿਗਰੀ ਸਭ ਤੋਂ ਵੱਧ ਗੁਰੂਗਰਾਮ ਦਾ 18 ਡਿਗਰੀ ਦਰਜ ਕੀਤਾ ਗਿਆ ਹੈ । । ਦਿੱਲੀ ਵਿੱਚ ਵੀ ਕੱਲ ਰਾਤ ਅਤੇ ਅੱਜ ਸਵੇਰੇ ਵੇਲੇ ਤਕਰੀਬਨ 2 ਘੰਟੇ ਮੀਂਹ ਪਿਆ ਹੈ ਅਤੇ ਤੇਜ਼ ਹਵਾਵਾਂ ਵੀ ਚੱਲੀਆਂ ਹਨ ।

ਹਿਮਾਚਲ ਵਿੱਚ ਵੀ ਸ਼ੁਕਰਵਾਰ ਤੋਂ ਬਰਫਬਾਰੀ ਅਤੇ ਮੀਂਹ ਪੈ ਰਿਹਾ ਹੈ। ਅੱਜ ਵੀ ਕਈ ਥਾਵਾਂ ‘ਤੇ ਬਰਫਬਾਰੀ ਅਤੇ ਮੀਂਹ ਪਿਆ ਹੈ । ਅਟਲ,ਰੋਹਤਾਂਗ ਕੇਲਾਂਗ,ਜਿਸਪਾ,ਦਾਰਚਾ,ਕੋਕਸਰ ਵਿੱਚ ਤਾਜ਼ਾ ਬਰਫਬਾਰੀ ਨਾਲ 2 ਇੰਚ ਤੱਕ ਬਰਫ ਜਮ ਗਈ ਹੈ । ਉਧਰ ਜੰਮੂ ਕਸ਼ਮੀਰ ਵਿੱਚ ਵੀ ਤੇਜ਼ ਮੀਂਹ ਅਤੇ ਬਰਫਬਾਰੀ ਹੋ ਰਹੀ ਹੈ ।

ਉਧਰ ਮੱਧ ਪ੍ਰਦੇਸ਼ ਦੇ ਗਵਾਲੀਅਰ,ਜਬਲਪੁਰ, ਉਜੈਨ ਸਮੇਤ 21 ਜ਼ਿਲ੍ਹਿਆਂ ਵਿੱਚ ਬੀਤੇ ਦਿਨ ਤੋਂ ਤੇਜ਼ ਮੀਂਹ ਹੋ ਰਿਹਾ ਹੈ । ਸਵੇਰ ਤੋਂ ਭੋਪਾਲ ਅਤੇ ਹਰਦਾ ਸਮੇਤ ਕਈ ਹੋਰ ਜ਼ਿਲ੍ਹਿਆਂ ਵਿੱਚ ਵੀ ਮੀਂਹ ਦੀ ਖਬਰ ਹੈ । ਯੂਪੀ ਦੇ ਕਾਨਪੁਰ,ਝਾਂਸੀ,ਮੇਰਠ,ਮਥੁਰਾ ਵਿੱਚ ਤੇਜ਼ ਹਵਾਵਾਂ ਦੇ ਨਾਲ ਮੀਂਹ ਪੈ ਰਿਹਾ ਹੈ । ਲਖਨਊ ਵਿੱਚ ਵੀ ਤੇਜ਼ ਮੀਂਹ ਦੀ ਖਬਰ ਹੈ । ਉਧਰ ਰਾਜਸਥਾਨ ਵਿੱਚ 20 ਜ਼ਿਲ੍ਹਿਆਂ ਵਿੱਚ ਮੀਂਹ ਦਾ ਅਲਰਟ ਹੈ ।

Exit mobile version