India Punjab

‘ਲੋਕ ਚਾਹੁੰਦੇ ਹਨ ਅਕਾਲੀ-ਬੀਜਪੀ ਗਠਜੋੜ’ ! ਜਾਖੜ ਦੀ ਵਕਾਲਤ ‘ਤੇ ਰੰਧਾਵਾ ਦਾ ਤੰਜ ‘ਤੁਸੀਂ ਖਾਖੀ ਨਿੱਕਰ ਪਾ ਲਈ’, ਸੁਖਬੀਰ ਦੇਵੇ 3 ਸਵਾਲਾਂ ਦਾ ਜਵਾਬ

 

ਬਿਉਰੋ ਰਿਪੋਰਟ : ਅਕਾਲੀ ਦਲ ਦੇ ਨਾਲ ਗਠਜੋੜ ਨੂੰ ਲੈਕੇ ਪਹਿਲੀ ਵਾਰ ਪੰਜਾਬ ਬੀਜੇਪੀ ਪ੍ਰਧਾਨ ਸੁਨੀਲ ਜਾਖੜ ਨੇ ਖੁੱਲ ਕੇ ਵਕਾਲਤ ਕੀਤੀ ਹੈ । ਉਨ੍ਹਾਂ ਨੇ ਗੇਂਦ ਲੋਕਾਂ ਦੇ ਪਾਲੇ ਵਿੱਚ ਸੁੱਟ ਕੇ ਕਿਹਾ ਸੀ ਪੰਜਾਬ ਦੇ ਲੋਕ ਚਾਹੁੰਦੇ ਹਨ ਦੋਵੇ ਪਾਰਟੀਆਂ ਇੱਕ ਜੁੱਟ ਹੋਣ । ਜਿਸ ਦਿਨ ਤੋਂ ਗਠਜੋੜ ਟੁੱਟਿਆਂ ਸੀ ਉਸੇ ਦਿਨ ਤੋਂ ਲੋਕਾਂ ਦੀ ਇਹ ਭਾਵਨਾ ਸੀ । ਪਰ ਜਾਖੜ ਨੇ ਕਿਹਾ ਗਠਜੋੜ ਦਾ ਪੇਚ ਕਿੱਥੇ ਫਸਿਆ ਹੈ ਇਸ ਬਾਰੇ ਮੈਨੂੰ ਨਹੀਂ ਪਤਾ ਹੈ,ਪਰਦੇ ਦੇ ਪਿੱਛੇ ਕੀ ਗੱਲ ਹੋ ਰਹੀ ਹੈ । ਹਾਲਾਂਕਿ ਜਾਖੜ ਸਾਬ੍ਹ ਸਿੱਧੇ ਤੌਰ ‘ਤੇ ਗਠਜੋੜ ਦੀ ਚਰਚਾ ਵਿੱਚ ਸ਼ਾਮਲ ਹੋਣ ਤੋਂ ਇਨਕਾਰ ਕਰ ਰਹੇ ਹਨ ਜਦਕਿ ਕੁਝ ਦਿਨ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਆਪ ਕਿਹਾ ਸੀ ਕਿ ਮੈਂ ਸੁਨੀਲ ਜਾਖੜ ਨਾਲ ਗੱਲ ਕਰ ਲਈ ਹੈ ਅਤੇ ਬੀਜੇਪੀ ਦੇ ਕੌਮੀ ਪ੍ਰਧਾਨ ਜੇ.ਪੀ ਨੱਢਾ ਨੂੰ ਵੀ ਅਕਾਲੀ ਦਲ ਨਾਲ ਗਠਜੋੜ ਦੀ ਵਕਾਲਤ ਕੀਤੀ ਹੈ । 9 ਫਰਵਰੀ ਨੂੰ ਸਭ ਤੋਂ ਪਹਿਲਾਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇੱਕ ਟੀਵੀ ਚੈਨਲ ਦੇ ਪ੍ਰੋਗਰਾਮ ਵਿੱਚ ਅਕਾਲੀ ਦਲ ਨਾਲ ਗਠਜੋੜ ਨੂੰ ਲੈਕੇ ਗੱਲਬਾਤ ਬਾਰੇ ਖੁਲਾਸਾ ਕੀਤਾ ਸੀ ।

ਅਕਾਲੀ ਦਲ ਦੀਆਂ 3 ਮੁਸ਼ਕਿਲਾਂ

ਕਿਸਾਨੀ ਅੰਦੋਲਨ ਦੀ ਵਜ੍ਹਾ ਕਰਕੇ ਅਕਾਲੀ ਦਲ 2020 ਵਿੱਚ ਗਠਜੋੜ ਤੋਂ ਬਾਹਰ ਹੋਈ ਸੀ ਅਤੇ ਕਿਸਾਨੀ ਅੰਦੋਲਨ ਦਾ ਦੂਜਾ ਗੇੜ ਹੀ ਅਕਾਲੀ ਦਲ ਦੀ ਵਾਪਸੀ ਲਈ ਸਭ ਤੋਂ ਵੱਡਾ ਰੋੜਾ ਸਾਬਿਤ ਹੋ ਰਿਹਾ ਹੈ । ਸੂਤਰਾਂ ਦੇ ਮੁਤਾਬਿਕ ਅਕਾਲੀ ਦਲ ਅਤੇ ਬੀਜੇਪੀ ਵਿਚਾਲੇ ਸਮਝੌਤਾ ਤਕਰੀਬਨ ਤਕਰੀਬਨ ਤੈਅ ਹੋ ਗਿਆ ਸੀ । 9 ਫਰਵਰੀ ਨੂੰ ਅਮਿਤ ਸ਼ਾਹ ਦੇ ਸੰਕੇਤ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਪੰਜਾਬ ਬਚਾਓ ਯਾਤਰਾ ਨੂੰ ਬ੍ਰੇਕ ਲੱਗਾ ਕੇ 11 ਫਰਵਰੀ ਨੂੰ ਦਿੱਲੀ ਆਏ ਸਨ । ਪਰ 13 ਫਰਵਰੀ ਨੂੰ ਕਿਸਾਨਾਂ ਦੇ ਦਿੱਲੀ ਕੂਚ ਨੇ ਅਕਾਲੀ ਦਲ-ਬੀਜੇਪੀ ਗਠਜੋੜ ਦੇ ਮਨਸੂਬਿਆਂ ‘ਤੇ ਪਾਣੀ ਫੇਰ ਕੀਤਾ । ਅਕਾਲੀ ਦਲ ਨੇ ਸੱਤਾ ਤੋਂ ਦੂਰ ਰਹਿਣ ਦੇ ਬਨਵਾਸ ਦੌਰਾਨ ਜਿਸ ਤਰ੍ਹਾ ਬੰਦੀ ਸਿੰਘਾਂ ਦੇ ਮਸਲੇ ਨੂੰ ਜ਼ੋਰਾ-ਸ਼ੋਰਾ ਨਾਲ ਚੁੱਕਿਆ ਸੀ ਉਸ ਤੋਂ ਹੁਣ ਉਹ ਅਸਾਨੀ ਨਾਲ ਦੂਰ ਨਹੀਂ ਹੋ ਸਕਦੇ ਹਨ । ਇਸੇ ਲਈ ਅਕਾਲੀ ਚਾਹੁੰਦੀ ਹੈ ਕਿ ਬੰਦੀ ਸਿੰਘ ਦੇ ਮਸਲੇ ‘ਤੇ ਕੇਂਦਰ ਕੁਝ ਨਾ ਕੁਝ ਅਜਿਹਾ ਐਲਾਨ ਕਰੇ ਕਿ ਉਹ ਗਠਜੋੜ ਦੀ ਬੱਸ ਵਿੱਚ ਸਵਾਰ ਹੋ ਸਕਣ । ਤੀਜਾ ਮਸਲਾ ਸੀਟਾਂ ਦਾ ਹੈ,ਇਹ ਹੁਣ ਜ਼ਿਆਦਾ ਮੁਸ਼ਕਿਲ ਇਸ ਲਈ ਨਹੀਂ ਹੈ ਕਿਉਂਕਿ ਅਕਾਲੀ ਦਲ ਲੋਕਸਭਾ ਚੋਣਾਂ ਦੇ ਲਈ ਬੀਜੇਪੀ ਲਈ 6 ਸੀਟਾਂ ਛੱਡਣ ਦੇ ਲਈ ਤਿਆਰ ਹੈ ਜਦਕਿ ਪਹਿਲਾਂ ਗਠਜੋੜ ਦੌਰਾਨ 3 ‘ਤੇ ਬੀਜੇਪੀ ਲੜ ਦੀ ਸੀ । ਵਿਧਾਨਸਭਾ ਚੋਣਾਂ ਫਿਲਹਾਲ ਦੂਰ ਹਨ ਪਰ ਇੱਥੇ ਅਕਾਲੀ ਦਲ ਬੀਜੇਪੀ ਦੇ ਲਈ 23 ਦੀ ਥਾਂ 30 ਸੀਟਾਂ ਛੱਡ ਸਕਦੀ ਹੈ ।

ਦਰਅਸਲ ਗਠਜੋੜ ਨਾ ਸਿਰਫ ਅਕਾਲੀ ਦਲ ਅਤੇ ਬੀਜੇਪੀ ਲਈ ਜ਼ਰੂਰੀ ਹੈ ਬਲਿਕ ਸੁਖਬੀਰ ਬਾਦਲ ਦੀ ਆਪਣੀ ਹੋਂਦ ਦੇ ਲਈ ਵੀ ਜ਼ਰੂਰੀ ਹੈ। 3 ਵਾਰ ਉਨ੍ਹਾਂ ਦੀ ਅਗਵਾਈ ਵਿੱਚ ਪਾਰਟੀ ਹਾਰ ਚੁੱਕੀ ਹੈ,ਚੌਥੀ ਵਾਰ ਦੇ ਨਤੀਜੇ ਉਨ੍ਹਾਂ ਲਈ ਵੱਡੀ ਮੁਸ਼ਕਿਲਾਂ ਖੜੀ ਕਰ ਸਕਦੇ ਹਨ । ਉਧਰ ਜਾਖੜ ਦੇ ਅਕਾਲੀ ਦਲ ਨਾਲ ਗਠਜੋੜ ਦੇ ਬਿਆਨ ‘ਤੇ ਸਾਬਕਾ ਉੱਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਤੰਜ ਕੱਸਿਆ ਹੈ ।

ਰੰਧਾਵਾ ਦਾ ਜਾਖੜ ਤੇ ਤੰਜ

ਸੁਨੀਲ ਜਾਖੜ ਵੱਲੋਂ ਅਕਾਲੀ ਦਲ ਨਾਲ ਗਠਜੋੜ ਨੂੰ ਲੈਕੇ ਦਿੱਤੇ ਗਏ ਬਿਆਨ ਤੇ ਕਾਂਗਰਸ ਦੇ ਸੀਨੀਅਰ ਵਿਧਾਇਕ ਸੁਖਜਿੰਦਰ ਰੰਧਾਵਾ ਨੇ ਆਪਣੇ ਸੋਸ਼ਲ ਮੀਡੀਆ ਐਕਾਉਂਟ ‘ਤੇ ਲਿਖਿਆ ‘ਜਾਖੜ ਸਾਹਿਬ ਪੰਜਾਬ ਜਾਣਦਾ ਹੈ ਕਿ ਬੀਜੇਪੀ ਅਤੇ
ਅਕਾਲੀ ਦਲ ਅੰਦਰਖਾਤੇ ਸਮਝੌਤਾ ਕਰਨ ਲਈ ਤਰਲੋਮੱਛੀ ਹੋ ਰਹੇ ਹੋ, ਅਤੇ ਇਸ ਸਮਝੌਤੇ ਨੂੰ ਤੁਸੀਂ ਜਨਤਾ ਦੀ ਖਾਹਿਸ਼ ਦੱਸ ਕੇ, ਭਾਜਪਾ ਦੇ ਖਿਲਾਫ਼ ਲੋਕ ਲਹਿਰ ਨੂੰ ਕਮਜੋਰ ਕਰਨਾ ਚਾਹੁੰਦੇ ਹੋ। ਸੁਖਬੀਰ ਸਿੰਘ ਬਾਦਲ ਖੁੱਲ ਕੇ ਬੋਲੇ ਕੀ ਉਸਨੂੰ ਬੰਦੀ ਸਿੱਖਾਂ ਦਾ,ਕਿਸਾਨਾਂ ਦਾ, UAPA ਵਿੱਚ ਗ੍ਰਿਫਤਾਰ ਪੰਜਾਬੀ ਨੌਜਵਾਨਾਂ ਦੇ ਮੁੱਦੇ ਤੇ ਕੋਈ ਇਤਰਾਜ਼ ਨਹੀਂ ਹੈ ਅਤੇ ਸੱਤਾ ਲਈ ਉਹ ਹਰ ਸਮਝੌਤਾ ਕਰਨ ਲਈ ਤਿਆਰ ਹੈ। ਬਾਕੀ ਸੁਨੀਲ ਜਾਖੜ ਤੁਸੀਂ ਤਾਂ ਹੁਣ ਖਾਖੀ ਨਿੱਕਰ ਪਾ ਹੀ ਲਈ ਹੈ’।