ਮੋਹਾਲੀ : 108 ਐਂਬੂਲੈਂਸ ਯੂਨੀਅਨ ਵੱਲੋਂ ਮੋਹਾਲੀ 6 ਫੇਸ ਸਿਵਲ ਹਸਪਤਾਲ ‘ਚ ਪਿੱਛੇ 16 ਦਿਨਾਂ ਦਿਨਾਂ ਤੋਂ ਸ਼ੁਰੂ ਕੀਤਾ ਗਿਆ ਮਰਨ ਵਰਤ ਅੱਜ ਭੁੱਖ ਹੜਤਾਲ ‘ਚ ਤਬਦੀਲ ਹੋ ਗਿਆ ਹੈ। ਸਹਿਤ ਵਿਭਾਗ ਦੇ ਡਾਇਰੈਕਟਰ ਡਾ.ਅਨਿਲ ਗੋਇਲ ਨੇ ਸਿਵਲ ਹਸਪਤਾਲ ‘ਚ ਪਹੁੰਚ ਕੇ ਮੁਲਾਜ਼ਮਾਂ ਨੂੰ ਭਰੋਸਾ ਦਿੱਤਾ ਕਿ 9 ਜਨਵਰੀ ਨੂੰ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ 108 ਐਂਬੂਲੈਂਸ ਯੂਨੀਅਨ ਨਾਲ ਦੁਪਹਿਰ 2 ਵਜੇ ਪੰਜਾਬ ਭਵਨ ‘ਚ ਮੀਟਿੰਗ ਕਰਨਗੇ। ਜਿਸਤੋਂ ਬਾਅਦ ਡਾਇਰੈਕਟਰ ਨੇ ਪੰਜੇ ਮੁਲਾਜ਼ਮਾਂ ਨੂੰ ਜੂਸ ਪਿਲਾ ਕੇ ਮਰਨ ਵਰਤ ਖੁਲ੍ਹਵਾਇਆ ਤੇ ਨਾਲ ਹੀ ਭਰੋਸਾ ਦਿੱਤਾ ਕਿ ਯੂਨੀਅਨ ਦੀਆਂ ਸਾਰੀਆਂ ਮੰਗਾਂ ਸਿਹਤ ਮੰਤਰੀ ਵੱਲੋਂ ਸੁਣੀਆਂ ਜਾਣਗੀਆਂ। ਹਾਲਾਂਕਿ ਇਸ ਬਾਰੇ ਮੀਟਿੰਗ ਦੇ ਵਿਚ ਹੀ ਸਪੱਸ਼ਟ ਹੋਵੇਗਾ ਕਿ ਯੂਨੀਅਨ ਦੀਆਂ ਮੰਗਾਂ ਮੰਨੀਆਂ ਜਾਣਗੀਆਂ ਕਿ ਨਹੀਂ ਪਰ ਅੱਜ ਇੱਕ 108 ਐਂਬੂਲੈਂਸ ਯੂਨੀਅਨ ਨੇ ਆਪਣਾ ਮਰਨ ਵਰਤ ਭੁੱਖ ਹੜਤਾਲ ‘ਚ ਤਬਦੀਲ ਕਰ ਦਿੱਤਾ।
ਯੂਨੀਅਨ ਨੇ ਨਾਲ ਹੀ ਚਿਤਾਵਨੀ ਵੀ ਦਿੱਤੀ ਹੈ ਕਿ ਬੇਸ਼ੱਕ ਅੱਜ ਮਰਨ ਵਰਤ ਖੋਲ੍ਹਿਆ ਗਿਆ ਪਰ ਇਸਦਾ ਮਤਲਬ ਇਹ ਨਹੀਂ ਹੈ ਕਿ ਧਰਨਾ ਖ਼ਤਮ ਹੋ ਗਿਆ। ਧਰਨਾ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਮੰਗਾਂ ਨਹੀਂ ਮੰਨੀਆਂ ਜਾਂਦੀਆਂ। ਦਸ ਦੇਈਏ ਕਿ 108 ਐਂਬੂਲੈਂਸ ਯੂਨੀਅਨ ਆਪਣੀਆਂ ਤਨਖ਼ਾਹਾਂ ‘ਚ ਵਾਧਾ ਅਤੇ ਐਂਬੂਲੈਂਸਾਂ ਦਾ ਰੱਖ-ਰਖਾਅ ਕਰਦੀ ਬੰਬੇ ਦੀ ਕੰਪਨੀ ਖ਼ਿਲਾਫ਼ ਕਾਰਵਾਈ ਦੀ ਮੰਗ ਨੂੰ ਲੈ ਕੇ ਧਰਨੇ ਉੱਤੇ ਬੈਠੇ ਹਨ।