‘ਦ ਖ਼ਾਲਸ ਟੀਵੀ ਬਿਊਰੋ:-ਪਾਕਿਸਤਾਨ ਦੀ ਰਾਵਲਪਿੰਡੀ ਐਕਸਪ੍ਰੈੱਸ ਦੇ ਨਾਂ ਨਾਲ ਮਸ਼ਹੂਰ ਕ੍ਰਿਕਟਰ ਸ਼ੋਇਬ ਅਖਤਰ ਦੇ ਹੱਥ ਉੱਤੇ ਪਾਕਿਸਤਾਨ ਦੇ ਟੀਵੀ ਚੈਨਲ ਪੀਟੀਵੀ ਨੇ 10 ਕਰੋੜ ਰੁਪਏ ਦੇ ਮੁਆਵਜ਼ੇ ਜਾਂ ਤਿੰਨ ਮਹੀਨੇ ਦੀ ਸੈਲਰੀ ਵਾਲਾ ਨੋਟਿਸ ਰੱਖ ਦਿੱਤਾ ਹੈ। ਚੈਨਲ ਨੇ ਕਿਹਾ ਹੈ ਕਿ ਆਨਏਅਰ ਅਸਤੀਫੇ ਦਾ ਐਲਾਨ ਕਰਨ ਨਾਲ ਪੀਟੀਵੀ ਨੂੰ ਵੱਡਾ ਆਰਥਿਕ ਨੁਕਸਾਨ ਹੋਇਆ ਹੈ।

ਸ਼ੋਇਬ ਅਖਤਰ ਨੂੰ ਜਿਹੜਾ ਨੋਟਿਸ ਦਿੱਤਾ ਗਿਆ ਹੈ, ਉਸ ਵਿੱਚ ਪੀਟੀਵੀ ਨੇ ਆਪਣੇ ਨਾਲ ਕੀਤੇ ਸਮਝੌਤੇ ਦਾ ਉਲੰਘਣ ਕਰਨ ਦਾ ਵੀ ਜਿਕਰ ਕੀਤਾ ਹੈ। ਕਾਨੂੰਨੀ ਨੋਟਿਸ ਵਿੱਚ ਕਿਹਾ ਗਿਆ ਹੈ ਕਿ ਪਾਕਿਸਤਾਨ ਟੈਲੀਵਿਜ਼ਨ ਅਤੇ ਸ਼ੋਇਬ ਅਖਤਰ ਵਿਚਾਲੇ ਹੋਏ ਸਮਝੌਤੇ ਦੇ 22ਵੇਂ ਭਾਗ ਵਿਚ ਕਿਹਾ ਗਿਆ ਹੈ ਕਿ ਦੋਵਾਂ ਪੱਖ ਸਮਝੌਤਾ ਖਤਮ ਕਰ ਸਕਦੇ ਹਨ, ਹਾਲਾਂਕਿ ਤਿੰਨ ਮਹੀਨੇ ਦਾ ਨੋਟਿਸ ਜਾਂ ਫਿਰ ਇਸਦੇ ਬਰਾਬਰ ਦੀ ਤਨਖਾਹ ਦੇਣੀ ਪਵੇਗੀ।

ਨੋਟਿਸ ਦੇ ਅਨੁਸਾਰ ਜਦ ਤੋਂ ਸ਼ੋਇਬ ਅਖਤਰ ਨੇ 26 ਅਕਤੂਬਰ ਨੂੰ ਆਨਏਅਰ ਪੀਟੀਵੀ ਤੋਂ ਆਪਣੇ ਅਸਤੀਫੇ ਦਾ ਐਲਾਨ ਕੀਤਾ ਹੈ, ਉਨ੍ਹਾਂ ਨੇ ਨਾ ਸਿਰਫ ਸਮਝੌਤੇ ਦਾ ਉਲੰਘਣ ਕੀਤਾ ਹੈ, ਸਗੋਂ ਪੀਟੀਵੀ ਨੂੰ ਤਕੜਾ ਆਰਥਿਕ ਨੁਕਸਾਨ ਪਹੁੰਚਾਇਆ ਹੈ।

ਇਸ ਲੀਗਲ ਨੋਟਿਸ ਵਿਚ ਕਿਹਾ ਗਿਆ ਹੈ ਕਿ ਸ਼ੋਇਬ ਅਖਤਰ ਟੀ-20 ਵਰਲਡ ਕੱਪ ਦੌਰਾਨ ਪੀਟੀਵੀ ਨੂੰ ਬਿਨਾਂ ਦੱਸੇ ਦੁਬਈ ਵੀ ਗਏ ਸਨ ਅਤੇ ਉੱਥੇ ਭਾਰਤੀ ਕ੍ਰਿਕਟਰ ਹਰਭਜਨ ਸਿੰਘ ਨਾਲ ਇੱਕ ਭਾਰਤੀ ਸ਼ੋਅ ਵਿੱਚ ਦੇਖੇ ਗਏ ਸਨ। ਇਸ ਅਨੁਸਾਰ ਸ਼ੋਇਬ ਅਖਤਰ ਨੇ ਟੀ-20 ਵਰਲਡ ਕੱਪ ਦੌਰਾਨ ਪੀਟੀਵੀ ਦੇ ਪ੍ਰੋਗਰਾਮ ਗੇਮ ਆਨ ਹੈ ਤੋਂ ਗੈਰਹਾਜ਼ਿਰ ਰਹਿਕੇ ਦਾ ਉਲੰਘਣ ਕੀਤਾ ਤੇ ਨਾਲ ਹੀ ਦੋ ਨਿੱਜੀ ਚੈਨਲਾਂ ਦੇ ਪ੍ਰੋਗਰਾਮਾਂ ਵਿੱਚ ਹਿੱਸਾ ਲਿਆ। ਪੀਟੀਵੀ ਦੇ ਮੁਤਾਬਿਕ ਸਮਝੌਤੇ ਤਹਿਤ ਉਨ੍ਹਾਂ ਨੇ ਸਿਰਫ ਟੀ-20 ਵਰਲਡ ਕੱਪ ਦੌਰਾਨ ਪੀਟੀਵੀ ਉੱਤੇ ਹੀ ਨਜ਼ਰ ਆਉਣਾ ਸੀ।

ਸ਼ੋਇਬ ਅਖਤਰ ਨੇ ਪਾਕਿਸਤਾਨ ਟੈਲੀਵਿਜ਼ਨ ਵੱਲੋਂ ਭੇਜੇ ਜਾ ਰਹੇ ਕਾਨੂੰਨੀ ਨੋਟਿਸ ਉੱਤੇ ਆਪਣੀ ਨਿਰਾਸ਼ਾ ਜਾਹਿਰ ਕੀਤੀ ਹੈ ਤੇ ਸਪਸ਼ਟ ਕੀਤਾ ਹੈ ਕਿ ਉਹ ਇਲ ਜੂਝਣ ਵਾਲੇ ਸਖਸ਼ ਹਨ ਤੇ ਇਸ ਕਾਨੂੰਨੀ ਲੜਾਈ ਨੂੰ ਵੀ ਲੜਨਗੇ।

Leave a Reply

Your email address will not be published. Required fields are marked *