Punjab

ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ‘ਤੇ ਸ਼ੁਰੂ ਕੀਤੀ ਜਾਵੇ ਵਿਸ਼ੇਸ਼ ਟ੍ਰੇਨ !

ਬਿਉਰੋ ਰਿਪੋਰਟ : ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖੀ ਹੈ । ਇਸ ਚਿੱਠੀ ਵਿੱਚ ਮੰਗ ਕੀਤੀ ਗਈ ਹੈ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਸਰਕਾਰ ਵੱਲੋਂ ਸਿੱਖ ਸ਼ਰਧਾਲੂਆਂ ਦੇ ਲਈ ਵਿਸ਼ੇਸ਼ ਟਰੇਨਾਂ ਭੇਜਿਆ ਜਾਣ। 8 ਅਗਸਤ 2019 ਤੋਂ ਦੋਵਾਂ ਦੇਸ਼ਾਂ ਦੇ ਵਿਚਾਲੇ ਚੱਲਣ ਵਾਲੀ ਸਮਝੌਤਾ ਐਕਸਪ੍ਰੈੱਸ ਸੇਵਾ ਬੰਦ ਹੈ । ਭਾਰਤ ਤੋਂ 3 ਹਜ਼ਾਰ ਸਿੱਖ ਸ਼ਰਧਾਲੂਆਂ ਦਾ ਜਥਾ 25 ਨਵੰਬਰ ਨੂੰ ਅੰਮ੍ਰਿਤਸਰ ਤੋਂ ਪਾਕਿਸਤਾਨ ਲਈ ਰਵਾਨਾ ਹੋਵੇਗਾ ।

27 ਨਵੰਬਰ ਨੂੰ ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਹੈ। ਪਰ ਪਿਛਲੇ 5 ਸਾਲਾਂ ਤੋਂ ਜਥਾ ਅਟਾਰੀ-ਵਾਘਾ ਸਰਹੱਦ ਦੇ ਰਾਹੀ ਪਾਕਿਸਤਾਨ ਪਹੁੰਚ ਦਾ ਹੈ । 1976 ਵਿੱਚ ਭਾਰਤ ਅਤੇ ਪਾਕਿਸਤਾਨ ਦੇ ਵਿਚਾਲੇ ਸਮਝੌਤਾ ਐਕਸਪ੍ਰੈੱਸ ਦੇ ਰੂਪ ਵਿੱਚ ਰੇਲ ਸੇਵਾ ਸ਼ੁਰੂ ਕੀਤੀ ਗਈ ਸੀ । ਇਹ ਟ੍ਰੇਨ ਪੁਰਾਣੀ ਦਿੱਲੀ ਰੇਲਵੇ ਸਟੇਸ਼ਨ ਤੋਂ ਲਾਹੌਰ ਤੱਕ ਜਾਂਦੀ ਹੈ ।

ਭਾਰਤੀ ਯਾਤਰੀਆਂ ਦੀ ਅਟਾਰੀ ਸਰਹੱਦ ਦੇ ਇਮੀਗਰੇਸ਼ਨ ਦੀ ਚੈਕਿੰਗ ਹੁੰਦੀ ਹੈ ਜਿਸ ਤੋਂ ਬਾਅਦ ਟ੍ਰੇਨ ਨੂੰ ਅੱਗੇ ਰਵਾਨਾ ਕੀਤਾ ਜਾਂਦਾ ਹੈ । ਪਰ ਭਾਰਤ ਅਤੇ ਪਾਕਿਸਤਾਨ ਵਿਚਾਲੇ ਜਦੋਂ ਵੀ ਤਣਾਅ ਵਰਗੇ ਹਾਲਾਤ ਬਣੇ ਹਨ ਉਸ ਦਾ ਅਸਰ ਇਸ ਟਰੇਨ ਸੇਵਾ ‘ਤੇ ਵੀ ਵੇਖਣ ਨੂੰ ਮਿਲਿਆ ਹੈ । ਕਈ ਵਾਰ ਟਰੇਨ ਸੇਵਾ ਬੰਦ ਹੋਈ ਅਤੇ ਮੁੜ ਤੋਂ ਸ਼ੁਰੂ ਹੋਈ ਹੈ । ਇਸ ਤੋਂ ਇਲਾਵਾ 10 ਅਗਸਤ 2019 ਨੂੰ ਦੋਵਾਂ ਦੇਸ਼ਾਂ ਦੇ ਵਿਚਾਲੇ ਚੱਲਣ ਵਾਲੀ ਦਿੱਲੀ ਲਾਹੌਰ ਬੱਸ ਸੇਵਾ ਵੀ ਬੰਦ ਹੈ ।

ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ‘ਤੇ ਜਾਣ ਵਾਲਾ ਜਥਾ ਸਭ ਤੋਂ ਪਹਿਲਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਅਸਥਾਨ ਨਨਕਾਣਾ ਸਾਹਿਬ ਜਾਂਦਾ ਹੈ । ਜਿੱਥੇ ਪ੍ਰਕਾਸ਼ ਦਿਹਾੜੇ ਮੌਕੇ ਇੱਕ ਦਿਨ ਵੱਡਾ ਨਗਰ ਕੀਰਤਨ ਕੱਢਿਆ ਜਾਂਦਾ ਹੈ ਅਤੇ ਅਗਲੇ ਦਿਨ ਕੀਰਤਨ ਸਮਾਗਮ ਹੁੰਦਾ ਹੈ । ਇਸ ਤੋਂ ਇਲਾਵਾ ਜਥਾ ਪੰਜਾ ਸਾਹਿਬ ਅਤੇ ਲਾਹੌਰ ਦੇ ਡੇਰਾ ਸਾਹਿਬ ਗੁਰਧਾਮਾਂ ਦੇ ਦਰਸ਼ਨ ਵੀ ਕਰਨ ਜਾਂਦਾ ਹੈ। 2019 ਤੋਂ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲਣ ਤੋਂ ਬਾਅਦ ਸ਼ਰਧਾਲੂ ਵੱਡੀ ਗਿਣਤੀ ਵਿੱਚ ਉੱਥੇ ਵੀ ਪ੍ਰਕਾਸ਼ ਦਿਹਾੜੇ ਮੌਕੇ ਹਾਜ਼ਰੀ ਲਵਾਉਂਦੇ ਹਨ ।