Punjab

PSEB ਦਾ ਵਿਦਿਆਰਥੀਆਂ ਲਈ ਵੱਡਾ ਫ਼ੈਸਲਾ…

ਮੋਹਾਲੀ : ਪੰਜਾਬ ਸਕੂਲ ਸਿੱਖਿਆ ਬੋਰਡ ਦੇ 11ਵੀਂ ਅਤੇ 12ਵੀਂ ਦੇ ਮੈਡੀਕਲ ਤੇ ਨਾਨ ਮੈਡੀਕਲ ਕਰਨ ਦੇ ਚਾਹਵਾਨ ਵਿਦਿਆਰਥੀਆਂ ਲਈ ਵੱਡੀ ਖ਼ੁਸ਼ਖਬਰੀ ਹੈ। PSEB ਦੇ 11ਵੀਂ ਤੇ 12ਵੀਂ ਦੇ ਮੈਡੀਕਲ ਤੇ ਨਾਨ ਮੈਡੀਕਲ ਦੇ ਵਿਦਿਆਰਥੀ ਹੁਣ ਸਾਇੰਸ ਤੇ ਗਣਿਤ ਦਾ ਵਿਸ਼ਾ ਆਪਣੀ ਮਾਤ ਭਾਸ਼ਾ ਪੰਜਾਬੀ ‘ਚ ਪੜ੍ਹਨਗੇ। ਲੰਮੇ ਸਮੇਂ ਤੋਂ ਇਹ ਵਿਸ਼ੇ ਪੰਜਾਬੀ ‘ਚ ਪੜ੍ਹਾਉਣ ਦੀ ਕੀਤੀ ਜਾ ਰਹੀ ਮੰਗ ਪੂਰੀ ਕਰਦਿਆਂ ਬੋਰਡ ਇਹ ਪਾਠ ਪੁਸਤਕਾਂ ਪੰਜਾਬੀ ਮਾਧਿਅਮ ‘ਚ ਛਾਪਣ ਜਾ ਰਿਹਾ ਹੈ।

ਬੋਰਡ ਨੇ ਅਕਾਦਮਿਕ ਸਾਲ 2024-25 ਲਈ 23 ਪਾਠ-ਪੁਸਤਕਾਂ ਦੇ ਨਵੇਂ ਟਾਈਟਲ ਛਾਪਣ ਦਾ ਫ਼ੈਸਲਾ ਕੀਤਾ ਹੈ। ਇਨ੍ਹਾਂ ’ਚ ਜ਼ਿਆਦਾਤਾਰ ਪਾਠ-ਪੁਸਤਕਾਂ 11ਵੀਂ ਤੇ 12ਵੀਂ ਨਾਲ ਸਬੰਧਤ ਹਨ ਜਿਹੜੀਆਂ ਪਹਿਲਾਂ ਕਦੀ ਨਹੀਂ ਛਪੀਆਂ। ਸਾਲ 2023 ਤਕ ਗਿਆਰ੍ਹਵੀਂ ਤੇ ਬਾਰ੍ਹਵੀਂ ਜਮਾਤ ਨਾਲ ਸੰਬਧਤ ਕਰੀਬ 25 ਟਾਈਟਲ ਬੋਰਡ ਨੇ ਛਾਪੇ ਸਨ।

ਹੁਣ ਇਨ੍ਹਾਂ ’ਚ 23 ਹੋਰ ਟਾਈਟਲ ਸ਼ਾਮਿਲ ਕੀਤੇ ਗਏ ਹਨ। ਨਵੇਂ ਅਕਾਦਮਿਕ ਵਰ੍ਹੇ ਤੋਂ 11ਵੀਂ ਤੇ 12ਵੀਂ ਜਮਾਤ ਦੇ ਅਰਥ ਸ਼ਾਸਤਰ, ਪਬਲਿਕ ਐਡਮਨਿਸਟ੍ਰੇਸ਼ਨ, ਰਸਾਇਣ ਵਿਗਿਆਨ, ਜੀਵ ਵਿਗਿਆਨ, ਬਿਜ਼ਨਸ ਸਟੱਡੀਜ਼, ਕੰਪਿਊਟਰ, ਮਾਡਰਨ ਆਫ਼ਿਸ ਪ੍ਰੈਕਟਿਸ ਵਿਸ਼ਿਆਂ ਤੋਂ ਇਲਾਵਾ ਹੋਰ ਦੂਜੀਆਂ ਜਮਾਤਾਂ ਦੇ ਕੁੱਝ ਹੋਰ ਵਿਸ਼ਿਆਂ ਦੀਆਂ ਪਾਠ ਪੁਸਤਕਾਂ ਬੋਰਡ ਸਿੱਖਿਆ ਬੋਰਡ ਦੇ ਪੁਸਤਕ ਭੰਡਾਰ ’ਚ ਸ਼ਾਮਲ ਹੋਣਗੀਆਂ।

ਜ਼ਿਕਰਯੋਗ ਹੈ ਕਿ ਬੋਰਡ ਇੱਕਲੀ 12ਵੀਂ ਜਮਾਤ ਨਾਲ ਸਬੰਧਤ 140 ਦੇ ਕਰੀਬ ਵਿਸ਼ੇ ਪੜ੍ਹਾਉਂਦਾ ਹੈ ਪਰ ਇਨ੍ਹਾਂ ਸਾਰੇ ਵਿਸ਼ਿਆਂ ਦੀਆਂ ਕਿਤਾਬਾਂ ਬੋਰਡ ਖ਼ੁਦ ਨਹੀਂ ਤਿਆਰ ਸਕਿਆ। ਅਸਲ ’ਚ ਦੇਸ਼ ਦੇ ਸਾਰੇ ਬੋਰਡਾਂ ਨੂੰ ਐੱਨਸੀਈਆਰਟੀ ਦਾ ਪਾਠਕ੍ਰਮ ਅਪਣਾਉਣਾ ਪੈਂਦਾ ਹੈ। ਇਸ ਲਈ 6ਵੀਂ ਤੋਂ 12ਵੀਂ ਜਮਾਤ ਤਕ ਸਾਇੰਸ ਤੇ ਗਣਿਤ ਦਾ ਵਿਸ਼ਾ ਐੱਨਸੀਈਆਰਟੀ ਮੁਤਾਬਕ ਹੀ ਪੜ੍ਹਾਇਆ ਜਾਂਦਾ ਹੈ।

ਅੰਗ੍ਰੇਜ਼ੀ ਤੇ ਹਿੰਦੀ ਮਾਧਿਅਮ ਵਾਲੀਆਂ ਪਾਠ ਪੁਸਤਕਾਂ ਤਾਂ ਹੂਬਹੂ ਲਾਗੂ ਕਰ ਦਿੱਤੀਆਂ ਜਾਂਦੀਆਂ ਹਨ ਪਰ ਪੰਜਾਬੀ ਮਾਧਿਅਮ ਲਈ ਪੁਸਤਕਾਂ ਬੋਰਡ ਵੱਲੋਂ ਅਨੁਵਾਦ ਕਰਵਾ ਕੇ ਛਪਵਾਈਆਂ ਜਾਂਦੀਆਾਂ ਹਨ। ਇਸ ਲਈ ਬੋਰਡ, ਐੱਨਸੀਆਰਟੀ ਨੂੰ ਡੇਢ ਕਰੋੜ ਰੁਪਏ ਸਾਲਾਨਾ ਰਾਇਲਟੀ ਦੇ ਰੂਪ ’ਚ ਭੁਗਤਾਨ ਕਰਦਾ ਹੈ। ਪਰ ਬੋਰਡ ਵੱਲੋਂ ਆਪਣੀਆਂ ਕਿਤਾਬਾਂ ਛਾਪੇ ਜਾਣ ਕਾਰਨ ਤਿੰਨ ਜਮਾਤਾਂ ਦੀ ਰਾਇਲਟੀ ਬੰਦ ਕਰ ਦਿੱਤੀ ਜਾਵੇਗੀ। ਹਾਲਾਂਕਿ ਵੀ 6ਵੀਂ, 7ਵੀਂ, 11ਵੀਂ ਤੇ 12ਵੀਂ ਜਮਾਤ ਦੇ ਸਾਇੰਸ ਤੇ ਗਣਿਤ ਵਿਸ਼ੇ ਐੱਨਸੀਈਆਰਟੀ ਤੋਂ ਅਨੁਵਾਦ ਹੋਣਗੇ। ਇਸ ਦੇ ਨਾਲ ਹੀ 11ਵੀਂ ਤੇ 12ਵੀਂ ਦੇ ਰਸਾਇਣ ਵਿਗਆਨ, ਭੌਤਿਕ ਵਿਗਿਆਨ, ਜੀਵ ਵਿਗਆਨ ਤੇ ਗਣਿਤ ਦੇ ਅਨਵਾਦ ਜਾਰੀ ਰਹਿਣ ਕਾਰਨ ਇਨ੍ਹਾਂ ਦੀ ਰਾਇਲਟੀ ਦੇਣੀ ਪਵੇਗੀ।