ਫਰੀਦਕੋਟ : ਬਹਿਬਲ ਕਲਾਂ ਵਿੱਚ ਪਿਛਲੇ ਲੰਮੇ ਸਮੇਂ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਮਾਮਲੇ ਉੱਤੇ ਇਨਸਾਫ਼ ਦੇ ਲਈ ਮੋਰਚਾ ਲੱਗਾ ਹੋਇਆ ਹੈ। ਮੋਰਚੇ ਦੀ ਅਗਵਾਈ ਕਰ ਰਹੇ ਸ਼ਹੀਦ ਭਾਈ ਕ੍ਰਿਸ਼ਨ ਭਗਵਾਨ ਸਿੰਘ ਨਿਆਮੀਵਾਲਾ ਦੇ ਸਪੁੱਤਰ ਸੁਖਰਾਜ ਸਿੰਘ ਨਿਆਮੀਵਾਲਾ ਦੇ ਸੱਦੇ ਉੱਤੇ ਅੱਜ ਉੱਥੇ ਵੱਡਾ ਇਕੱਠ ਹੋਇਆ ਹੈ, ਜਿਸ ਵਿੱਚ ਵੱਖ ਵੱਖ ਸਿੱਖ ਜਥੇਬੰਦੀਆਂ, ਕਿਸਾਨ ਜਥੇਬੰਦੀਆਂ ਅਤੇ ਹੋਰ ਆਗੂ ਪਹੁੰਚੇ। ਅੱਜ ਬਹਿਬਲ ਕਲਾਂ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ ਮਨਾਇਆ ਜਾ ਰਿਹਾ ਹੈ।
ਸੁਖਰਾਜ ਸਿੰਘ ਨਿਆਮੀਵਾਲਾ ਨੇ ਮੋਰਚੇ ਵਿੱਚ ਪਹੁੰਚੇ ਲੋਕਾਂ ਦਾ ਧੰਨਵਾਦ ਕਰਦਿਆਂ ਅਗਲਾ ਪ੍ਰੋਗਰਾਮ ਦੱਸਿਆ। ਨਿਆਮੀਵਾਲਾ ਨੇ ਪੂਰੇ ਪੰਜਾਬ ਵਿੱਚ ਮੋਰਚਿਆਂ ਦੀ ਅਗਵਾਈ ਕਰ ਰਹੇ ਸਾਰੇ ਲੀਡਰਾਂ ਨੂੰ ਬੇਨਤੀ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਇੱਕ ਮੋਰਚੇ ਵਿੱਚ ਇੱਕ ਦਿਨ ਦਾ ਇੱਕ ਪ੍ਰੋਗਰਾਮ ਵੱਡੇ ਪੱਧਰ ਉੱਤੇ ਹੋਇਆ ਕਰੇ ਤਾਂ ਜੋ ਸਰਕਾਰ ਦੀ ਚੀਸ ਹੋਰ ਵਧੇਗੀ। ਉਨ੍ਹਾਂ ਨੇ ਸੰਗਤ ਨੂੰ ਇੱਕ ਦੂਜੇ ਨਾਲ ਲੜਾਈ , ਝਗੜਾ ਨਾ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਸਾਨੂੰ ਇਕੱਠੇ ਹੋ ਕੇ ਇਸ ਲੜਾਈ ਨੂੰ ਵੱਡੇ ਪੱਧਰ ਉੱਤੇ ਲੜਨਾ ਚਾਹੀਦਾ ਹੈ। ਨਿਆਮੀਵਾਲਾ ਨੇ ਦੱਸਿਆ ਕਿ ਅੱਜ ਤੋਂ ਸਹਿਜ ਪਾਠ ਆਰੰਭ ਕੀਤੇ ਗਏ ਹਨ, ਜਿਸਦਾ ਭੋਗ 16 ਸਤੰਬਰ ਨੂੰ ਪਾਇਆ ਜਾਵੇਗਾ। ਉਨ੍ਹਾਂ ਨੇ ਸਾਰੇ ਲੋਕਾਂ ਨੂੰ ਉਸ ਦਿਨ ਪਹੁੰਚਣ ਦਾ ਸੱਦਾ ਦਿੱਤਾ ਹੈ।
ਮੋਰਚੇ ਵਿੱਚ ਪਹੁੰਚੇ ਕਿਸਾਨ ਲੀਡਰ ਬਲਦੇਵ ਸਿੰਘ ਸਿਰਸਾ ਨੇ ਸਰਕਾਰ ਨੂੰ ਬੇਅਦਬੀ ਦੇ ਦੋਸ਼ੀਆਂ ਨੂੰ ਜਲਦ ਸਲਾਖਾਂ ਪਿੱਛੇ ਡੱਕਣ ਦੀ ਬੇਨਤੀ ਕੀਤੀ। ਇਸ ਮੌਕੇ ਵੱਖ ਵੱਖ ਬੁਲਾਰਿਆਂ ਨੇ ਵੀ ਆਪਣੇ ਸੁਝਾਅ ਸੰਗਤ ਦੇ ਸਾਹਮਣੇ ਰੱਖੇ। ਤੁਹਾਨੂੰ ਦੱਸ ਦੇਈਏ ਕਿ ਬੇਅਦਬੀ ਇਨਸਾਫ਼ ਮੋਰਚਾ ਬਹਿਬਲ ਕਲਾਂ ਪਿਛਲੇ 257 ਦਿਨਾਂ ਤੋਂ ਲਗਾਤਾਰ ਚੱਲ ਰਿਹਾ ਹੈ।