‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸਿੱਖ ਸਦਭਾਵਨਾ ਦਲ ਅਤੇ ਗੁਰਦੁਆਰਾ ਸ਼੍ਰੀ ਅਕਾਲ ਬੁੰਗਾ ਸਾਹਿਬ ਸੁਭਾਨਾ ਵੱਲੋਂ ਅੱਜ ਸਿੱਖ ਵਿਰਾਸਤੀ ਇਮਾਰਤਾਂ ਨੂੰ ਬਚਾਉਣ ਲਈ ਸ਼੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਵਿਖੇ ਪੰਥਕ ਇਕੱਠ ਕੀਤਾ ਗਿਆ। ਰਾਗੀ ਭਾਈ ਬਲਦੇਵ ਸਿੰਘ ਵਡਾਲਾ ਸਮੇਤ ਸਿੱਖ ਪੰਥ ਦੀਆਂ ਦੀਆਂ ਹੋਰ ਵੀ ਕਈ ਸ਼ਖਸੀਅਤਾਂ, ਜਥੇਬੰਦੀਆਂ ਸ਼ਾਮਿਲ ਹੋਈਆਂ। ਇਸ ਮੌਕੇ ਤਿੰਨ ਮਤੇ ਵੀ ਪਾਸ ਕੀਤੇ ਗਏ। ਪਹਿਲੇ ਮਤੇ ਵਿੱਚ ਕੀ ਕਿਹਾ ਗਿਆ, ਉਹ ਤੁਸੀਂ ਇੱਥੇ ਇੰਨ-ਬਿੰਨ ਪੜ੍ਹ ਸਕਦੇ ਹੋ:

‘ਅੱਜ ਦਾ ਪੰਥਕ ਇਕੱਠ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉੱਪਰ ਮੌਜੂਦਾ ਕਾਬਜ਼ ਧਿਰ ਨੂੰ ਤਾਕੀਦ ਕਰਦਾ ਹੈ ਕਿ ਸ਼੍ਰੀ ਗੁਰੂ ਰਾਮਦਾਸ ਸਰ੍ਹਾਂ ਸਮੇਤ ਕਿਸੇ ਵੀ ਇਤਿਹਾਸਕ ਗੁਰਦੁਆਰਾ ਸਾਹਿਬ ਦੇ ਨਾਲ ਸਬੰਧਿਤ ਜੋ ਵੀ ਕਾਰ ਸੇਵਾ ਆਰੰਭ ਕਰਨੀ ਹੋਵੇ, ਉਸ ਇਮਾਰਤ ਬਾਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਹਿਲਾਂ ਇਮਾਰਤਸਾਜ਼ੀ ਅਤੇ ਪੁਰਾਤਨ ਚੀਜ਼ਾਂ ਦੀ ਸਾਂਭ-ਸੰਭਾਲ ਦੇ ਮਾਹਿਰਾਂ ਦੀ ਸਲਾਹ ਲਵੇ। ਇਸ ਬਾਰੇ ਪੰਥਕ ਵਿਦਵਾਨਾਂ ਅਤੇ ਇਸਿਤਾਸਕਾਰਾਂ ਦਾ ਮੱਤ ਵੀ ਲਿਆ ਜਾਵੇ। 100 ਸਾਲ ਤੋਂ ਵੱਧ ਪੁਰਾਣੀ ਇਮਾਰਤ ਜਾਂ ਘੱਲੂਘਾਰਾ 1984 ਦੀ ਗਵਾਹ ਵਾਲੀ ਕਿਸੇ ਵੀ ਇਮਾਰਤ ਨੂੰ ਨਾ ਢਾਹੁਣ ਦਾ ਮਤਾ ਜਨਰਲ ਹਾਊਸ ਵਿੱਚ ਪਾਸ ਕੀਤਾ ਜਾਵੇ ਅਤੇ ਹਰ ਹੀਲੇ ਅਜਿਹੀਆਂ ਇਮਾਰਤਾਂ ਦੀ ਯੋਗ ਵਿਧੀਆਂ ਨਾਲ ਸੇਵਾ-ਸੰਭਾਲ ਕਰਾਈ ਜਾਵੇ। ਜੇਕਰ ਇਸ ਤਰ੍ਹਾਂ ਨਹੀਂ ਹੁੰਦਾ ਤਾਂ ਸਿੱਖ ਸਦਭਾਵਨਾ ਦਲ ਹਰ ਹਾਲਤ ਵਿੱਚ ਪੁਰਾਤਨ ਇਮਾਰਤਾਂ ਦੀ ਰਾਖੀ ਕਰਨ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ‘ਤੇ ਕਾਬਜ਼ ਧਿਰ ਦੇ ਹਰ ਅਜਿਹੇ ਜ਼ਬਰ ਦਾ ਮੁਕਾਬਲਾ ਜਿੱਥੇ ਸਬਰ ਨਾਲ ਕਰੇਗਾ, ਉੱਥੇ ਸਿੱਖ ਸੰਗਤਾਂ ਨੂੰ ਇਸ ਨਾ-ਬਖ਼ਸ਼ਣਯੋਗ ਗੁਨਾਹਾਂ ਸਬੰਧੀ ਸਮੇਂ-ਸਮੇਂ ਜਾਗਰੂਕ ਕਰਨ ਲਈ ਵਚਨਬੱਧ ਹੋਵੇਗਾ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਲਈ ਇਮਾਰਤੀ ਭਾਸ਼ਾ ਵਾਲਾ ਜਿਊਂਦਾ-ਜਾਗਦਾ ਇਤਿਹਾਸ ਸੰਭਾਲ ਕੇ ਰੱਖਿਆ ਜਾ ਸਕੇ। ਇਸ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉੱਪਰ ਕਾਬਜ਼ ਧਿਰ ਨੂੰ ਸੁਚੇਤ ਕੀਤਾ ਜਾਂਦਾ ਹੈ ਕਿ ਗੁਰੂ ਰਾਮਦਾਸ ਸਰਾਂ ਨੂੰ ਢਾਹੁਣ ਦਾ ਮਤਾ ਰੱਦ ਕਰਕੇ ਕਿਸੇ ਚੰਗੇ ਮਹਾਂਪੁਰਸ਼ ਤੋਂ ਇਸ ਸਰਾਂ ਦੀ ਯੋਗ ਮੁਰੰਮਤੀ ਕਾਰਵਾਈ ਕਰਵਾਈ ਜਾਵੇ ਜਾਂ ਫਿਰ ਇਹ ਸੇਵਾ ਸਿੱਖ ਸਦਭਾਵਨਾ ਦਲ ਨੂੰ ਦਿੱਤੀ ਜਾਵੇ।’

ਦੂਸਰੇ ਮਤੇ ਵਿੱਚ ਕਿਹਾ ਗਿਆ ਕਿ :

‘ਅੱਜ ਦਾ ਪੰਥਕ ਇਕੱਠ ਸਮੁੱਚੀ ਸਿੱਖ ਕੌਮ ਨੂੰ ਅਪੀਲ ਕਰਦਾ ਹੈ ਕਿ ਕਾਰ ਸੇਵਾ ਜੋ ਅੱਜ ਦੀ ਮਾਰ ਸੇਵਾ ਬਣੀ ਹੋਈ ਹੈ, ਉਸ ਦੇ ਨਾਂ ਉੱਤੇ ਬਾਬਿਆਂ ਨੂੰ ਦਸਵੰਧ ਦੇਣਾ ਬੰਦ ਕਰੇ ਅਤੇ ਇਨ੍ਹਾਂ ਦੀਆਂ ਗੁਰੂ ਘਰਾਂ ਵਿੱਚ ਜੋ ਟੋਕਰੀਆਂ ਜਾਂ ਖੋਖੇ ਲੱਗੇ ਹਨ, ਉਨ੍ਹਾਂ ਨੂੰ ਚੁੱਕਿਆ ਜਾਵੇ। ਤਰਨਤਾਰਨ ਵਿਖੇ ਡਿਊੜੀ ਵਾਲਾ ਜੋ ਕੇਸ ਤਰਨਤਾਰਨ ਸੈਸ਼ਨ ਕੋਰਟ ਵਿੱਚ ਚੱਲ ਰਿਹਾ ਹੈ, ਜਗਤਾਰ ਸਿੰਘ ਵੱਲੋਂ ਜੋ ਡਿਊੜੀ ਢਾਹੀ ਗਈ ਸੀ, ਉਸ ਜਗਤਾਰ ਸਿੰਘ ਦੀ ਬਾਈਕਾਟ ਕੀਤਾ ਜਾਵੇ। ਬਾਬਾ ਕਸ਼ਮੀਰ ਸਿੰਘ ਭੂਰੀਵਾਲਾ, ਜਿਨ੍ਹਾਂ ਦਾ ਹਥੌੜਾ ਪੁਰਾਤਨ ਵਿਰਾਸਤ ‘ਤੇ ਚੱਲ ਰਿਹਾ ਹੈ, ਉਸਦਾ ਵੀ ਮੁਕੰਮਲ ਬਾਈਕਾਟ ਕੀਤਾ ਜਾਵੇ।’

ਤੀਸਰਾ ਮਤੇ ਵਿੱਚ ਅਗਲਾ ਪ੍ਰੋਗਰਾਮ ਦੱਸਦਿਆਂ ਭਾਈ ਬਲਦੇਵ ਸਿੰਘ ਵਡਾਲਾ ਨੇ ਕਿਹਾ ਕਿ :

‘ਅਸੀਂ ਗੁਰੂ ਰਾਮਦਾਸ ਸਰਾਂ ਢਹਿਣ ਨਹੀਂ ਦੇਣੀ। ਉਨ੍ਹਾਂ ਨੇ ਸਿੱਖ ਸੰਗਤ ਨੂੰ ਅਪੀਲ ਕਰਦਿਆਂ ਕਿਹਾ ਕਿ ਬਾਦਲਕਿਆਂ ਦਾ, ਇਨ੍ਹਾਂ ਦੇ ਜਥੇਦਾਰਾਂ ਦਾ, ਇਨ੍ਹਾਂ ਦੇ ਗ੍ਰੰਥੀ, ਪਾਠੀਆਂ, ਰਾਗੀਆਂ ਦਾ ਬਾਈਕਾਟ ਕਰਨਾ ਹੈ। ਆਪਣੇ ਬੱਚਿਆਂ ਤੋਂ ਕੀਰਤਨ, ਕਥਾ ਕਰਾਉ। ਉਨ੍ਹਾਂ ਨੇ ਸਾਰੀ ਸੰਗਤ ਨੂੰ ਅਪੀਲ ਕਰਦਿਆਂ ਕਿਹਾ ਕਿ SGPC ਨੇ ਖੁਦਾਈ ਦੌਰਾਨ ਜਿੰਨੀ ਵੀ ਮਿੱਟੀ ਸੁੱਟੀ ਹੈ, ਉਸ ਵਿੱਚੋਂ ਨਾਨਕਸ਼ਾਹੀ ਇੱਟਾਂ ਕੱਢੋ। ਭੂਰੀ ਵਾਲੀ ਸੰਪਰਦਾਵਾਂ ਨੇ ਸਾਨੂੰ ਫੋਨ ਕੀਤਾ ਕਿ ਸਾਨੂੰ ਬਦਨਾਮ ਨਾ ਕਰਨਾ, ਸਾਨੂੰ ਭੂਰੀ ਵਾਲਿਆਂ ਨੂੰ ਬਾਬ ਕਸ਼ਮੀਰਾ ਸਿੰਘ ਬਦਨਾਮ ਕਰ ਗਿਆ ਹੈ, ਸਾਡਾ ਉਸਦੇ ਨਾਲ ਕੋਈ ਸਬੰਧ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਪੁਲਿਸ ਪ੍ਰਸ਼ਾਸਨ ਦੇ 15 ਦਿਨ ਮੂਕ ਦਰਸ਼ਕ ਬਨਣ ਤੋਂ ਬਾਅਦ ਅੱਜ ਇਹ ਪੰਥਕ ਇਕੱਠ ਰੱਖਿਆ ਗਿਆ। ਉਨ੍ਹਾਂ ਨੇ ਪੁਲਿਸ ਪ੍ਰਸ਼ਾਸਨ ਨੂੰ ਕਿਹਾ ਕਿ ਉਹ ਸ਼੍ਰੀ ਅਕਾਲ ਤਖਤ ਸਾਹਿਬ ਨੇੜੇ ਚੱਲ ਰਹੀ ਖੁਦਾਈ ਨੂੰ ਤੁਰੰਤ ਬੰਦ ਕਰਾਵੇ। ਅਸੀਂ ਹੁਣ ਬੇਨਤੀ ਨਹੀਂ ਕਰਨੀ, ਕਿਉਂਕਿ ਬੇਨਤੀਆਂ ਬਹੁਤ ਕਰ ਲਈਆਂ ਹਨ। ਅਸੀਂ ਬੁੱਧਵਾਰ ਨੂੰ ਦਹੀਂ ਨਾਲ ਕੇਸੀ ਇਸ਼ਨਾਨ ਕਰਕੇ ਸਾਰੇ ਇਕੱਠੇ ਹੋ ਕੇ ਸ਼੍ਰੀ ਅਕਾਲ ਤਖਤ ਸਾਹਿਬ ਨੇੜੇ ਹੋ ਰਹੀ ਨਾਜਾਇਜ਼ ਉਸਾਰੀ ਨੂੰ ਰੋਕਣਾ ਹੈ। ਉਨ੍ਹਾਂ ਨੇ ਉਸ ਦਿਨ ਸਫਲਤਾ ਲਈ ਸਾਰੀ ਸੰਗਤ ਨੂੰ ਪਾਠ ਕਰਨ ਦੀ ਅਪੀਲ ਕੀਤੀ। ਉੱਥੇ ਜੇ ਕੁੱਝ ਵੀ ਵਾਪਰਿਆ ਤਾਂ ਉਸਦਾ ਜ਼ਿੰਮੇਵਾਰ ਪੁਲਿਸ ਪ੍ਰਸ਼ਾਸਨ, ਪੰਜਾਬ ਸਰਕਾਰ ਹੋਵੇਗੀ।’

ਇਸ ਸਮਾਗਮ ਵਿੱਚ ਜਥੇਦਾਰ ਜਗਤਾਰ ਸਿੰਘ ਹਵਾਰਾ ਨੇ ਇੱਕ ਸਿੰਘ ਦੇ ਰਾਹੀਂ ਆਪਣਾ ਸੁਨੇਹਾ ਭੇਜਿਆ। 

Leave a Reply

Your email address will not be published. Required fields are marked *