Punjab

ਅਧਿਆਪਕਾਂ ਵੱਲੋਂ ਸਿੱਖਿਆ ਮੰਤਰੀ ਦੇ ਘਰ ਅੱਗੇ ਧਰਨਾ , ਕਿਹਾ ਮਾਨ ਸਰਕਾਰ ‘ਚ ਵੀ ਆਸਾ ਨੂੰ ਨਹੀਂ ਪਿਆ ਬੂਰ

Protest by teachers in front of the house of the education minister

ਸ੍ਰੀ ਆਨੰਦਪੁਰ ਸਾਹਿਬ : ਅਧਿਆਪਕਾਂ ਨੇ ਅੱਜ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਪਿੰਡ ਗੰਭੀਰਪੁਰ ਵਿੱਚ ਸੂਬਾ ਪੱਧਰੀ ਧਰਨਾ ਦੇ ਕੇ ‘ਆਪ’ ਸਰਕਾਰ ਖ਼ਿਲਾਫ਼ ਰੋਸ ਪ੍ਰਗਟਾਇਆ। ਧਰਨੇ ਵਿੱਚ ਵੱਖ-ਵੱਖ ਜ਼ਿਲ੍ਹਿਆਂ ਦੇ ਅਧਿਆਪਕਾਂ ਨੇ ਪਰਿਵਾਰਾਂ ਸਮੇਤ ਸ਼ਮੂਲੀਅਤ ਕੀਤੀ। ਇਸ ਦੌਰਾਨ ਇਕ ਅਧਿਆਪਕ ਆਗੂ ਨੇ ਮੰਗ ਪੂਰੀ ਨਾ ਹੋਣ ’ਤੇ ਮਰਨ ਵਰਤ ’ਤੇ ਬੈਠਣ ਦੀ ਚਿਤਾਵਨੀ ਵੀ ਦਿੱਤੀ।

ਡੈਮੋਕਰੈਟਿਕ ਟੀਚਰਜ਼ ਫ਼ਰੰਟ ਪੰਜਾਬ ਵੱਲੋਂ ਲਗਾਏ ਗਏ ਇਸ ਧਰਨੇ ਨੂੰ ਸੰਬੋਧਨ ਕਰਦਿਆਂ ਸੂਬਾਈ ਆਗੂਆਂ ਮੁਕੇਸ਼ ਕੁਮਾਰ, ਹਰਦੀਪ ਸਿੰਘ, ਈਟੀਟੀ ਟੈੱਟ ਪਾਸ ਅਧਿਆਪਕ ਯੂਨੀਅਨ ਦੇ ਬਲਜਿੰਦਰ ਸਿੰਘ ਗਰੇਵਾਲ ਤੇ ਲਵਦੀਪ ਰੌਕੀ ਆਦਿ ਨੇ ਦੋਸ਼ ਲਗਾਇਆ ਕਿ 125 ਦੇ ਕਰੀਬ ਓਪਨ ਡਿਸਟੈਂਸ ਲਰਨਿੰਗ ਅਧਿਆਪਕਾਂ ਨੂੰ ਯੂਨੀਵਰਸਿਟੀ ਦੇ ਅਧਿਕਾਰ ਖੇਤਰ ਤੋਂ ਬਾਹਰ ਦੀ ਡਿਗਰੀ ਦੇ ਹਵਾਲੇ ਨਾਲ ਪਿਛਲੇ ਕਈ ਸਾਲਾਂ ਤੋਂ ਰੈਗੂਲਰ ਨਹੀਂ ਕੀਤਾ ਗਿਆ ਹੈ ਜਦੋਂਕਿ ਹਜ਼ਾਰਾਂ ਓਡੀਐੱਲ ਅਧਿਆਪਕ ਰੈਗੂਲਰ ਅਤੇ ਪ੍ਰਮੋਟ ਹੋ ਚੁੱਕੇ ਹਨ।

ਉਨ੍ਹਾਂ ਨੇ ਕਿਹਾ ਕਿ ਹਾਈ ਕੋਰਟ ਵਲੋਂ ਵੀ ਇਨ੍ਹਾਂ ਦੀ ਰੈਗੂਲਰਾਈਜ਼ੇਸ਼ਨ ਮੁਕੰਮਲ ਕਰਨ ਸਬੰਧੀ ਫੈਸਲਾ ਸੁਣਾਇਆ ਗਿਆ ਹੈ। ਆਗੂਆਂ ਨੇ ਮੰਗ ਕੀਤੀ ਕਿ ਕਈ ਸਾਲਾਂ ਤੋਂ ਲਗਾਤਾਰ ਸੇਵਾਵਾਂ ਨਿਭਾਅ ਰਹੇ 125 ਓਡੀਐੱਲ ਅਧਿਆਪਕਾਂ (3442, 7654, 5178 ਵਿਭਾਗੀ ਭਰਤੀਆਂ) ਦੇ ਪੈਂਡਿੰਗ ਪਏ ਰੈਗੂਲਰ ਕਰਨ ਸਬੰਧੀ ਹੁਕਮ ਫੌਰੀ ਜਾਰੀ ਕੀਤੇ ਜਾਣ।

ਉਨ੍ਹਾਂ ਨੇ ਕਿਹਾ ਕਿ ਉਹਨਾਂ ਦੀਆਂ ਮੰਗਾਂ ਦਾ ਹੱਲ ਕਰਨ ਦੀ ਬਜਾਏ ਆਮ ਆਦਮੀ ਪਾਰਟੀ ਦੀ ਸਰਕਾਰ ਤਾਨਾਸ਼ਾਹੀ ਢੰਗ ਨਾਲ ਕੰਮ ਕਰ ਰਹੀ ਹੈ।ਅਧਿਆਪਕ ਆਗੂਆਂ ਰਾਜੀਵ ਬਰਨਾਲਾ, ਗੁਰਪਿਆਰ ਕੋਟਲੀ, ਬੇਅੰਤ ਫੂਲੇਵਾਲ, ਜਸਵਿੰਦਰ ਸਿੱਧੂ, ਸੋਹਣ ਸਿੰਘ, ਦੀਪਕ ਕੰਬੋਜ, ਜਤਿੰਦਰ ਸਿੰਘ, ਅਵਤਾਰ ਸਿੰਘ ਖਾਲਸਾ ਅਤੇ ਮੈਡਮ ਪਰਮਿੰਦਰ ਕੌਰ ਨੇ ਕਿਹਾ ਕਿ 7654, 3442 ਅਤੇ 5178 ਭਰਤੀਆਂ ਦੇ ਬਾਕੀ ਸਾਰੇ ਅਧਿਆਪਕ ਤਿੰਨ ਸਾਲ ਦੀ ਠੇਕਾ ਅਧਾਰਿਤ ਨੌਕਰੀ ਪੂਰੀ ਹੋਣ ਉਪਰੰਤ ਇਸ਼ਤਿਹਾਰ ਅਤੇ ਨਿਯੁਕਤੀ ਪੱਤਰ ਦੀਆਂ ਸ਼ਰਤਾਂ ਤਹਿਤ ਰੈਗੂਲਰ ਹੋ ਚੁੱਕੇ ਹਨ, ਪੰਤੂ 125 ਦੇ ਕਰੀਬ ਓਪਨ ਡਿਸਟੈਂਸ ਲਰਨਿੰਗ (ODL) ਨੂੰ ਅੱਜ ਤੱਕ ਰੈਗੁਲਰ ਨਹੀਂ ਕੀਤਾ ਗਿਆ ਜਦੋੰਕਿ ਇਨ੍ਹਾਂ ਤੋਂ ਪਹਿਲਾਂ ਅਤੇ ਬਾਅਦ ਦੀਆਂ ਕਈ ਭਰਤੀਆਂ ਦੇ ਹਜ਼ਾਰਾਂ ਓ.ਡੀ.ਅੇੈੱਲ. ਅਧਿਆਪਕ ਰੈਗੂਲਰ ਅਤੇ ਪ੍ਰਮੋਟ ਵੀ ਕੀਤੇ ਗਏ ਹਨ।

ਇਸੇ ਤਰ੍ਹਾਂ ਸਿੱਖਿਆ ਵਿਭਾਗ ਅਧੀਨ ਸਾਲ 2016 ਵਿੱਚ 4500 ਈ.ਟੀ.ਟੀ. ਅਸਾਮੀਆਂ ‘ਤੇ ਰੈਗੂਲਰ ਭਰਤੀ ਹੋਏ 180 ਈ.ਟੀ.ਟੀ. ਟੈੱਟ ਪਾਸ ਅਧਿਆਪਕਾਂ ਦੀ ਪਿਛਲੇ ਪੰਜ ਸਾਲ ਦੀ ਸਰਵਿਸ ਨੂੰ ਜਬਰੀ ਖਤਮ ਕਰਦਿਆਂ ਨਵੇਂ ਸਿਰੇ ਤੋਂ ਪਰਖ ਸਮਾਂ ਲਾਗੂ ਕਰਕੇ ਨਵੇਂ ਤਨਖ਼ਾਹ ਸਕੇਲ ਲਾਗੂ ਕਰਕੇ ਤਨਖਾਹ ਘਟਾ ਦਿੱਤੀ ਗਈ ਹੈ।ਪਰਿਵਾਰ ਸਣੇ ਪਹੁੰਚੇ ਅਵਤਾਰ ਸਿੰਘ ਮੁੱਲਾਂਪੁਰ ਨੇ ਐਲਾਨ ਕੀਤਾ ਕਿ ਜੇਕਰ ਇਨਸਾਫ ਨਾ ਮਿਲਿਆ ਤਾਂ ਉਹ ਗੁਰੂ ਅਰਜਨ ਦੇਵ ਦੇ ਸ਼ਹੀਦੀ ਦਿਹਾੜੇ ਮੌਕੇ ਮਰਨ ਵਰਤ ’ਤੇ ਬੈਠੇਗਾ।