‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਾਂਗਰਸ ਵੱਲੋਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਲਈ ਉਮੀਦਵਾਰਾਂ ਦੀ ਜਾਰੀ ਕੀਤੀ ਗਈ ਪਹਿਲੀ ਸੂਚੀ ਤੋਂ ਬਾਅਦ ਵਿਰੋਧ ਦੀ ਧੂਣੀ ਧੁਖਣ ਲੱਗੀ ਹੈ। ਅੱਧੀ ਦਰਜਨ ਥਾਂਵਾਂ ਤੋਂ ਵਿਰੋਧ ਦੀਆਂ ਸੂਚਨਾਵਾਂ ਮਿਲਣ ਲੱਗੀਆਂ ਹਨ ਪਰ ਵਿਧਾਨ ਸਭਾ ਹਲਕਾ ਮਾਨਸਾ ਵਿੱਚ ਵਿਰੋਧ ਦੀ ਅੱਗ ਭੜ ਕ ਪਈ ਹੈ, ਜਿੱਥੇ ਸਿੱਧੂ ਮੂਸੇਵਾਲਾ ਨੂੰ ਟਿਕਟ ਦੇਣ ਤੋਂ ਬਾਅਦ ਟਕਸਾਲੀ ਕਾਂਗਰਸ ਪਰਿਵਾਰ ਗਾਗੋਵਾਲ ਨੇ ਪਾਰਟੀ ਨੂੰ ਅਲਵਿਦਾ ਕਹਿ ਦਿੱਤੀ ਹੈ। ਕਾਂਗਰਸ ਦੇ ਸੀਨੀਅਰ ਨੇਤਾ ਅਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਅਰਸ਼ਦੀਪ ਸਿੰਘ ਮਾਈਕਲ ਗਾਗੋਵਾਲ ਨੇ ਆਪਣੇ ਗੁੱਸੇ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਵਰਕਰਾਂ ਦੀਆਂ ਭਾਵਨਾਵਾਂ ਪਾਰਟੀ ਤੱਕ ਪਹੁੰਚਾ ਦਿੱਤੀਆਂ ਸਨ ਪਰ ਬਾਵਜੂਦ ਇਸਦੇ ਪੈਰਾਸ਼ੂਟ ਰਾਹੀਂ ਉੱਤਰੇ ਉਮੀਦਵਾਰ ਨੂੰ ਟਿਕਟ ਦੇ ਦਿੱਤੀ ਗਈ ਹੈ।
ਉਨ੍ਹਾਂ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਹਲਕੇ ਵਿੱਚ ਪੈਰਾਸ਼ੂਟ ਰਾਹੀਂ ਉਤਰਿਆ ਹੈ ਅਤੇ ਉਸਨੇ ਲੋਕਾਂ ਦੀ ਕਦੇ ਸੁੱਖ-ਦੁੱਖ ਨਹੀਂ ਸੁਣੇ। ਉਸਨੇ ਕਿਹਾ ਕਿ ਇਲਾਕੇ ਦੇ ਪੰਚਾਂ, ਸਰਪੰਚਾਂ ਅਤੇ ਕੌਂਸਲਰਾਂ ਨੇ ਇੱਕ ਮੀਟਿੰਗ ਕਰਕੇ ਪਾਰਟੀ ਕੋਲ ਵਿਰੋਧ ਜਤਾਇਆ ਹੈ। ਉਨ੍ਹਾਂ ਨੇ ਕਿਹਾ ਕਿ ਪਾਰਟੀ ਵਰਕਰਾਂ ਨਾਲ ਸਲਾਹ ਕਰਕੇ ਉਹ ਅਗਲੇ ਐਕਸ਼ਨ ਦਾ ਐਲਾਨ ਕਰਨਗੇ। ਇੱਥੇ ਇਹ ਵੀ ਦੱਸਣਾ ਜ਼ਰੂਰੀ ਹੈ ਕਿ ਕਾਂਗਰਸ ਹਾਈਕਮਾਨ ਵੱਲੋਂ ਉਮੀਦਵਾਰਾਂ ਦੀ ਜਿਹੜੀ ਸੂਚੀ ਜਾਰੀ ਕੀਤੀ ਗਈ ਹੈ, ਉਸ ਵਿੱਚ ਉਮੀਦਵਾਰ ਦਾ ਪੂਰਾ ਨਾਂ ਨਹੀਂ ਲਿਖਿਆ ਗਿਆ ਹੈ। ਸਰਕਾਰੀ ਰਿਕਾਰਡ ਮੁਤਾਬਕ ਸਿੱਧੂ ਮੂਸੇਵਾਲਾ ਦਾ ਨਾਂ ਸ਼ੁੱਭਦੀਪ ਸਿੰਘ ਹੈ ਪਰ ਉਹ ਗਾਇਕੀ ਦੇ ਖੇਤਰ ਵਿੱਚ ਸਿੱਧੂ ਮੂਸੇਵਾਲਾ ਦੇ ਨਾਂ ਨਾਲ ਜਾਣਿਆ ਜਾਂਦਾ ਹੈ।
ਇਸ ਦੌਰਾਨ ਪਤਾ ਲੱਗਾ ਹੈ ਕਿ ਸਾਬਕਾ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ ਨੇ ਵੀ ਸਿੱਧੂ ਮੂਸੇਵਾਲਾ ਨੂੰ ਟਿਕਟ ਦੇਣ ਦਾ ਵਿਰੋਧ ਕੀਤਾ ਹੈ। ਉਨ੍ਹਾਂ ਨੇ ਹਾਲ ਦੀ ਘੜੀ ਆਪਣੇ ਅਗਲੇ ਐਕਸ਼ਨ ਦਾ ਐਲਾਨ ਤਾਂ ਨਹੀਂ ਕੀਤਾ ਪਰ ਉਨ੍ਹਾਂ ਨੇ ਦੋ ਦਿਨ ਪਹਿਲਾਂ ਕਾਂਗਰਸ ਹਾਈਕਮਾਨ ਨੂੰ ਪੱਤਰ ਲਿਖ ਕੇ ਆਪਣੀਆਂ ਭਾਵਨਾਵਾਂ ਦਾ ਪ੍ਰਗਟਾਵਾ ਜ਼ਰੂਰ ਕਰ ਦਿੱਤਾ ਸੀ। ਵਿਧਾਨ ਸਭਾ ਹਲਕਾ ਮੋਗਾ ਤੋਂ ਵੀ ਕਾਂਗਰਸ ਵਿਰੋਧੀ ਹਵਾਵਾਂ ਆਉਣ ਲੱਗੀਆਂ ਹਨ। ਫਿਲਮ ਕਲਾਕਾਰ ਸੋਨੂੰ ਸੂਦ ਦੀ ਭੈਣ ਮਾਲਵਿਕਾ ਸੂਦ ਸੱਚਰ ਨੂੰ ਟਿਕਟ ਦੇ ਦਿੱਤੀ ਗਈ ਹੈ, ਜਿਸਦੇ ਵਿਰੋਧ ਵਿੱਚ ਸਿਟਿੰਗ ਵਿਧਾਇਕ ਹਰਜੋਤ ਕਮਲ ਨੇ ਬਗਾਵਤ ਦਾ ਝੰਡਾ ਚੁੱਕ ਲਿਆ ਹੈ। ਤਾਜ਼ ਜਾਣਕਾਰੀ ਅਨੁਸਾਰ ਉਹ ਮੋਗਾ ਹਲਕੇ ਤੋਂ ਹੀ ਆਪਣੀ ਕਿਸਮਤ ਅਜਮਾਉਣਗੇ ਪਰ ਉਹ ਭਾਜਪਾ ਦੀ ਬੇੜੀ ਸਵਾਰ ਹੁੰਦੇ ਹਨ ਜਾਂ ਫਿਰ ਪੰਜਾਬ ਲੋਕ ਕਾਂਗਰਸ ਦੀ, ਇਹ ਰਹੱਸ ਬਣਿਆ ਹੋਇਆ ਹੈ।